ਗਰਮ ਕੱਪੜਿਆਂ ਦੀ ਰਹਿੰਦ-ਖੂੰਹਦ ਦੇ ਗੁਦਾਮ ਵਿੱਚ ਅੱਗ ਲੱਗੀ
ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਨੇ ਕਈ ਘੰਟਿਅਾਂ ਦੀ ਮੁਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾਇਅਾ
ਸਨਅਤੀ ਸ਼ਹਿਰ ਵਿੱਚ ਗੁਰਪੁਰਬ ਮੌਕੇ ਚਲਾਏ ਗਏ ਪਟਾਕਿਆਂ ਕਾਰਨ ਇਥੇ ਗਰਮ ਕੱਪੜਿਆਂ ਦੀ ਵੇਸਟ ਦੇ ਗੁਦਾਮ ਨੂੰ ਅੱਗ ਲੱਗ ਗਈ। ਇਹ ਘਟਨਾ ਬੀਤੀ ਦੇਰ ਰਾਤ ਵਾਪਰੀ। ਅੱਗ ਇੰਨੀ ਤੇਜ਼ੀ ਨਾਲ ਫੈਲੀ ਕਿ ਲਪਟਾਂ ਦੂਰ-ਦੂਰ ਤੱਕ ਦੇਖੀਆਂ ਗਈਆਂ। ਪੂਰੇ ਇਲਾਕੇ ਵਿੱਚ ਧੂੰਆਂ ਫੈਲ ਗਿਆ। ਨੇੜਲੇ ਵਸਨੀਕਾਂ ਨੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ, ਪਰ ਅੱਗ ਹੋਰ ਫੈਲਦੀ ਗਈ। ਲੋਕਾਂ ਨੇ ਇਸ ਬਾਰੇ ਫਾਇਰ ਬ੍ਰਿਗੇਡ ਤੇ ਪੁਲੀਸ ਨੂੰ ਸੂਚਨਾ ਦਿੱਤੀ। ਟਿੱਬਾ ਥਾਣੇ ਦੀ ਪੁਲੀਸ ਮੌਕੇ ’ਤੇ ਪਹੁੰਚੀ। ਉਨ੍ਹਾਂ ਆਮ ਲੋਕਾਂ ਨੂੰ ਪਿੱਛੇ ਕਰਦਿਆਂ ਫਾਇਰ ਬ੍ਰਿਗੇਡ ਦੇ ਅਮਲੇ ਨਾਲ ਮਿਲ ਕੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ। ਇੱਕ-ਇੱਕ ਕਰਕੇ ਚਾਰ ਤੋਂ ਪੰਜ ਫਾਇਰ ਟੈਂਡਰ ਮੌਕੇ ’ਤੇ ਪੁੱਜੇ, ਜਿਨ੍ਹਾਂ ਨੇ ਦੋ ਤੋਂ ਢਾਈ ਘੰਟਿਆਂ ਦੀ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ। ਹੁਣ ਤੱਕ ਦੀ ਜਾਂਚ ਵਿੱਚ ਇਹ ਗੱਲ ਸਾਹਮਣੇ ਆਈ ਹੈ ਕਿ ਅੱਗ ਪਟਾਕਿਆਂ ਕਾਰਨ ਭੜਕੀ ਚੰਗਿਆੜੀ ਕਾਰਨ ਲੱਗੀ ਸੀ। ਜਾਣਕਾਰੀ ਮੁਤਾਬਕ ਟਿੱਬਾ ਰੋਡ ਦੇ ਮਾਇਆਪੁਰੀ ਇਲਾਕੇ ਵਿੱਚ ਵੇਸਟ ਦੇ ਬਹੁਤ ਸਾਰੇ ਗੁਦਾਮ ਹਨ, ਜਿਥੇ ਬੀਤੀ ਦੇਰ ਰਾਤ ਇਕ ਗੁਦਾਮ ਵਿੱਚ ਅੱਗ ਲੱਗ ਗਈ। ਪ੍ਰਾਪਤ ਜਾਣਕਾਰੀ ਅਨੁਸਾਰ ਪਟਾਕੇ ਦੀ ਚੰਗਿਆੜੀ ਛੱਤ ’ਤੇ ਪਏ ਕੂੜੇ ’ਤੇ ਡਿੱਗੀ, ਜਿਸ ਕਾਰਨ ਪੂਰੇ ਗੁਦਾਮ ਵਿੱਚ ਅੱਗ ਲੱਗ ਗਈ। ਸਥਾਨਕ ਵਸਨੀਕਾਂ ਦਾ ਕਹਿਣਾ ਹੈ ਕਿ ਇਸ ਇਲਾਕੇ ਦੇ ਬਹੁਤ ਸਾਰੇ ਲੋਕਾਂ ਨੇ ਆਪਣੇ ਘਰਾਂ ਵਿੱਚ ਗੁਦਾਮ ਬਣਾਏ ਹੋਏ ਹਨ, ਜੋ ਕਿ ਖ਼ਤਰਨਾਕ ਹੈ। ਇਲਾਕੇ ਵਿੱਚ ਕਈ ਵਾਰ ਗੁਦਾਮਾਂ ਵਿੱਚ ਅੱਗ ਲੱਗ ਚੁੱਕੀ ਹੈ ਪਰ ਫਿਰ ਵੀ ਕੋਈ ਹੱਲ ਨਹੀਂ ਨਿਕਲਿਆ। ਇਲਾਕੇ ਦੇ ਵਸਨੀਕਾਂ ਨੇ ਮੰਗ ਕੀਤੀ ਕਿ ਕਿਸੇ ਵੀ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਰਿਹਾਇਸ਼ੀ ਇਲਾਕੇ ਵਿੱਚੋਂ ਇਨ੍ਹਾਂ ਗੁਦਾਮਾਂ ਨੂੰ ਬਾਹਰ ਕੱਢਿਆ ਜਾਏ।

