ਗਾਂਧੀ ਨਗਰ ਵਿੱਚ ਕੱਪੜੇ ਦੀ ਦੁਕਾਨ ਨੂੰ ਅੱਗ ਲੱਗੀ
ਸਾਰਾ ਸਾਮਾਨ ਸੜਿਅਾ; ਫਾਇਰ ਬ੍ਰਿਗੇਡ ਦੀਅਾਂ ਤਿੰਨ ਗੱਡੀਅਾਂ ਨੇ ਢਾਈ ਘੰਟੇ ਦੀ ਮੁਸ਼ੱਕਤ ਮਗਰੋਂ ਅੱਗ ’ਤੇ ਕਾਬੂ ਪਾਇਅਾ
ਸੂਬੇ ਦੀ ਮਸ਼ਹੂਰ ਕਪੜਾ ਹੋਲਸੇਲ ਮਾਰਕੀਟ ਗਾਂਧੀ ਨਗਰ ਵਿੱਚ ਅੱਜ ਸਵੇਰੇ ਤੜ ਕੇ ਕੱਪੜਿਆਂ ਦੀ ਦੁਕਾਨ ਨੂੰ ਭਿਆਨਕ ਅੱਗ ਲੱਗ ਗਈ। ਦੇਖਦਿਆਂ ਹੀ ਦੇਖਦਿਆਂ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਸੀ, ਜਿਸ ਤੋਂ ਬਾਅਦ ਆਸ-ਪਾਸ ਦੇ ਲੋਕਾਂ ਨੂੰ ਵੀ ਭਾਜੜਾਂ ਪੈ ਗਈਆਂ। ਲੋਕਾਂ ਨੇ ਫਾਇਰ ਬ੍ਰਿਗੇਡ ਨੂੰ ਫੋਨ ਕੀਤਾ ਪਰ ਜਦੋਂ ਤੱਕ ਅੱਗ ’ਤੇ ਕਾਬੂ ਪਾਇਆ ਗਿਆ, ਉਦੋਂ ਤੱਕ ਸਾਰਾ ਸਮਾਨ ਸੜ ਚੁੱਕਾ ਸੀ। ਇਹ ਦੁਕਾਨ ਸਭ ਤੋਂ ਵੱਡੀ ਥੋਕ ਕੱਪੜਾ ਮਾਰਕੀਟ ਅਕਾਲਗੜ੍ਹ ਮਾਰਕੀਟ ਐਸੋਸੀਏਸ਼ੇਨ ਦੇ ਪ੍ਰਧਾਨ ਮਨਪ੍ਰੀਤ ਬੰਟੀ ਦੀ ਹੈ, ਜੋ ਕਿ ਭਾਰਤੀ ਕ੍ਰਿਕਟਰ ਅਭਿਸ਼ੇਕ ਦੀ ਭੈਣ ਕੋਮਲ ਦੇ ਚਾਚਾ ਸਹੁਰਾ ਹਨ। ਇਸ ਦੋ ਮੰਜ਼ਿਲਾ ਦੁਕਾਨ ਵਿੱਚ ਰੈਡੀਮੇਡ ਕੱਪੜੇ ਸਨ, ਜਿਥੇ ਪੰਜਾਬ ਸਣੇ ਕਈ ਰਾਜਾਂ ਵਿੱਚ ਸਾਮਾਨ ਸਪਲਾਈ ਕੀਤਾ ਜਾਂਦਾ ਹੈ। ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ। ਸੂਚਨਾ ਮਿਲਣ ’ਤੇ ਫਾਇਰ ਬ੍ਰਿਗੇਡ ਦੀਆਂ ਤਿੰਨ ਗੱਡੀਆਂ ਮੌਕੇ ’ਤੇ ਪਹੁੰਚੀਆਂ ਅਤੇ ਦੋ ਤੋਂ ਢਾਈ ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ ਅੱਗ ’ਤੇ ਕਾਬੂ ਪਾਇਆ ਗਿਆ। ਦੱਸਣਯੋਗ ਹੈ ਕਿ ਗਾਂਧੀ ਨਗਰ ਇਲਾਕੇ ਵਿੱਚ ਗਲੀ ਤੰਗ ਹੋਣ ਕਾਰਨ ਫਾਇਰ ਬ੍ਰਿਗੇਡ ਦੇ ਮੁਲਾਜ਼ਮਾਂ ਨੂੰ ਕਾਫ਼ੀ ਮੁਸ਼ਕਲ ਦਾ ਸਾਹਮਣਾ ਕਰਨਾ ਪਿਆ।
ਜਾਣਕਾਰੀ ਮੁਤਾਬਕ ਮਨਪ੍ਰੀਤ ਬੰਟੀ ਦੇ ਭਤੀਜੇ ਦਾ ਵਿਆਹ ਥੋੜੇ ਦਿਨ ਪਹਿਲਾਂ ਹੀ ਕ੍ਰਿਕਟਰ ਅਭਿਸ਼ੇਕ ਸ਼ਰਮਾ ਦੀ ਭੈਣ ਨਾਲ ਹੋਇਆ ਹੈ। ਬੰਟੀ ਦੀ ਗਾਂਧੀ ਨਗਰ ਮਾਰਕੀਟ ਵਿੱਚ ਥੋਕ ਕੱਪੜਾ ਕਾਰੋਬਾਰ ਦੀ ਦੁਕਾਨ ਹੈ। ਦੋ ਮੰਜ਼ਿਲਾ ਦੁਕਾਨ ਰੈਡੀਮੇਡ ਕੱਪੜਿਆਂ ਨਾਲ ਭਰੀ ਹੋਈ ਸੀ। ਸਵੇਰੇ 6 ਵਜੇ ਦੇ ਕਰੀਬ ਦੁਕਾਨ ਵਿੱਚ ਅੱਗ ਲੱਗ ਗਈ। ਮਾਰਕੀਟ ਦਾ ਸੁਰੱਖਿਆ ਗਾਰਡ ਇਲਾਕੇ ਵਿੱਚ ਗਸ਼ਤ ਕਰ ਰਿਹਾ ਸੀ, ਜਦੋਂ ਉਸ ਨੇ ਦੁਕਾਨ ਵਿੱਚੋਂ ਧੂੰਆਂ ਉੱਠਦਾ ਦੇਖਿਆ ਤਾਂ ਉਸ ਨੇ ਦੁਕਾਨ ਮਾਲਕ ਅਤੇ ਗਾਂਧੀ ਨਗਰ ਮਾਰਕੀਟ ਦੇ ਹੋਰ ਦੁਕਾਨਦਾਰਾਂ ਨੂੰ ਸੂਚਿਤ ਕੀਤਾ। ਉਨ੍ਹਾਂ ਨੇ ਫਾਇਰ ਬ੍ਰਿਗੇਡ ਨੂੰ ਬੁਲਾਇਆ। ਨੇੜਲੇ ਦੁਕਾਨਦਾਰ ਮੌਕੇ ’ਤੇ ਪਹੁੰਚੇ ਅਤੇ ਅੱਗ ’ਤੇ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਕਾਫ਼ੀ ਫੈਲ ਗਈ ਸੀ। ਇਸ ਤੋਂ ਬਾਅਦ ਫਾਇਰ ਬ੍ਰਿਗੇਡ ਮੌਕੇ ’ਤੇ ਪਹੁੰਚ ਗਈ। ਫਾਇਰ ਬ੍ਰਿਗੇਡ ਦੇ ਅਧਿਕਾਰੀਆਂ ਨੇ ਦੱਸਿਆ ਕਿ ਅੱਗ ਲੱਗਣ ਦਾ ਕਾਰਨ ਹਾਲੇ ਪਤਾ ਨਹੀਂ ਚਲ ਸਕਿਆ। ਉਨ੍ਹਾਂ ਦੱਸਿਆ ਕਿ ਦੁਕਾਨ ਬੰਦ ਸੀ ਅਤੇ ਸ਼ਾਰਟ ਸਰਕਟ ਕਾਰਨ ਅੱਗ ਲੱਗੀ ਹੋ ਸਕਦੀ ਹੈ।

