ਸੁੰਦਰ ਨਗਰ ਇਲਾਕੇ ’ਚ ਕੱਪੜਾ ਫੈਕਟਰੀ ਨੂੰ ਲੱਗੀ ਅੱਗ
ਇਥੋਂ ਦੇ ਸੁੰਦਰ ਨਗਰ ਇਲਾਕੇ ਵਿੱਚ ਅੱਜ ਇੱਕ ਕੱਪੜਾ ਫੈਕਟਰੀ ਲੱਕੀ ਟੈਕਸਟਾਈਲ ਵਿੱਚ ਅੱਗ ਲੱਗ ਗਈ, ਜਿਸ ਕਾਰਨ ਫੈਕਟਰੀ ਮਾਲਕ ਦਾ ਲੱਖਾਂ ਰੁਪਏ ਦਾ ਨੁਕਸਾਨ ਹੋਇਆ ਹੈ। ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ ਤੇ ਇਸ ਹਾਦਸੇ ਵਿੱਚ ਸਿਰਫ਼ ਮਾਲੀ ਨੁਕਸਾਨ ਹੋਇਆ ਹੈ ਤੇ ਕਿਸੇ ਨੂੰ ਕੋਈ ਸੱਟ-ਫੇਟ ਲੱਗਣ ਤੋਂ ਬਚਾਅ ਰਿਹਾ ਹੈ।
ਮੌਕੇ ਤੋਂ ਮਿਲੀ ਜਾਣਕਾਰੀ ਅਨੁਸਾਰ ਚਾਰ ਮੰਜ਼ਿਲਾ ਇਸ ਫੈਕਟਰੀ ਦੀ ਚੌਥੀ ਮੰਜ਼ਿਲ ਵਿੱਚ ਅਚਾਨਕ ਅੱਗ ਲੱਗ ਗਈ ਜੋ ਵੇਖਦਿਆਂ ਹੀ ਫ਼ੈਲ ਗਈ ਜਿਸ ਪਿਛਲਾ ਕਾਰਨ ਚੌਥੀ ਮੰਜ਼ਿਲ ’ਤੇ ਪਏ ਪੌਲਿਐਸਟਰ ਕੱਪੜੇ ਦੇ ਥਾਣ ਦੱਸੇ ਜਾ ਰਹੇ ਹਨ। ਵੇਖਦਿਆਂ ਹੀ ਵੇਖਦਿਆਂ ਅੱਗ ਤੀਜੀ ਮੰਜ਼ਿਲ ’ਤੇ ਵੀ ਆ ਗਈ। ਇਸ ਦੌਰਾਨ ਹੇਠਾਂ ਦਫ਼ਤਰ ਵਿੱਚ ਬੈਠੇ ਮਾਲਕ ਸੰਨੀ ਨੇ ਲੱਗੀ ਅੱਗ ਦੇਖ ਕੇ ਤੁਰੰਤ ਰੋਲਾ ਪਾਇਆ ਅਤੇ ਕੰਮ ਕਰ ਰਹੇ ਮੁਲਾਜ਼ਮਾਂ ਨੂੰ ਬਾਹਰ ਕੱਢਿਆ। ਉਨ੍ਹਾਂ ਅੱਗ ਬੁਝਾਊ ਅਮਲੇ ਨੂੰ ਵੀ ਸੂਚਨਾ ਦਿੱਤੀ।
ਇਸ ਮੌਕੇ ਫੈਕਟਰੀ ਦੇ ਮੁਲਾਜ਼ਮਾਂ ਨੇ ਫੈਕਟਰੀ ’ਚ ਰੱਖੇ ਅੱਗ ਬੁਝਾਊ ਯੰਤਰਾਂ ਨਾਲ ਅੱਗ ਬੁਝਾਉਣ ਦੀ ਕੋਸ਼ਿਸ਼ ਕੀਤੀ ਪਰ ਅੱਗ ਉੱਪਰ ਕਾਬੂ ਨਹੀਂ ਪਾਇਆ ਜਾ ਸਕਿਆ। ਇਸ ਦੌਰਾਨ ਫਾਇਰ ਬ੍ਰਿਗੇਡ ਨੇ ਸੂਚਨਾ ਮਿਲਦਿਆਂ ਹੀ ਮੌਕੇ ’ਤੇ ਪੁੱਜ ਕੇ ਅੱਗ ਉੱਪਰ ਕਾਬੂ ਪਾਇਆ ਪਰ ਉਦੋਂ ਤੱਕ ਦੋ ਮੰਜ਼ਿਲਾਂ ਵਿੱਚ ਰੱਖਿਆ ਸਾਮਾਨ ਪੂਰੀ ਤਰ੍ਹਾਂ ਸੜ ਕੇ ਸਵਾਹ ਹੋ ਗਿਆ ਸੀ।
ਲੱਕੀ ਟੈਕਸਟਾਈਲ ਦੇ ਮਾਲਕ ਸੰਨੀ ਨੇ ਦੱਸਿਆ ਕਿ ਦੋ ਮੰਜ਼ਿਲਾਂ ਵਿੱਚ ਰੱਖਿਆ ਮਾਲ ਪੂਰੀ ਤਰ੍ਹਾਂ ਸੜ ਗਿਆ ਹੈ ਜਦਕਿ ਅੱਗ ਬੁਝਾਊ ਅਮਲੇ ਦੀ ਦੋ ਘੰਟੇ ਦੀ ਮਿਹਨਤ ਸਦਕਾ ਅੱਗ ਉੱਪਰ ਕਾਬੂ ਪਾਇਆ ਜਾ ਸਕਿਆ ਹੈ। ਉਨ੍ਹਾਂ ਦੱਸਿਆ ਕਿ ਸਮੇਂ ਸਿਰ ਪਤਾ ਲੱਗ ਜਾਣ ਕਾਰਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਕਿਉਂਕਿ ਫੈਕਟਰੀ ’ਚ ਕੰਮ ਕਰਦੇ ਮੁਲਾਜ਼ਮਾਂ ਨੂੰ ਬਾਹਰ ਕੱਢ ਲਿਆ ਗਿਆ ਸੀ। ਅੱਗ ਬੁਝਾਊ ਅਮਲੇ ਦੇ ਅਧਿਕਾਰੀ ਜਸਵਿੰਦਰ ਸਿੰਘ ਦੇ ਦੱਸਿਆ ਹੈ ਕਿ ਅੱਗ ਸ਼ਾਰਟ ਸਰਕਟ ਕਾਰਨ ਲੱਗੀ ਹੈ। ਅੱਗ ਬੁਝਾਉਣ ਵਿੱਚ ਕੁੱਲ ਅੱਠ ਗੱਡੀਆਂ ਵਰਤੀਆਂ ਗਈਆਂ ਹਨ ਅਤੇ ਦੋ ਘੰਟੇ ਦਾ ਸਮਾਂ ਲੱਗਿਆ ਹੈ।