ਤਕਰਾਰ ਦੀ ਭੇਟ ਚੜ੍ਹੀ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ
ਨਗਰ ਨਿਗਮ ਵਿੱਚ ਆਮ ਆਦਮੀ ਪਾਰਟੀ ਦੇ ਮੇਅਰ ਪ੍ਰਿੰਸੀਪਲ ਇੰਦਰਜੀਤ ਕੌਰ ਤੇ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਵਿਚਾਲੇ ਅੱਜ ਵਿੱਤ ਤੇ ਠੇਕਾ ਕਮੇਟੀ ਦੀ ਮੀਟਿੰਗ ਦੌਰਾਨ ਟੈਂਡਰ ਦੇ ਇੱਕ ਮੁੱਦੇ ’ਤੇ ਟਕਰਾਅ ਹੋ ਗਿਆ। ਇਸ ਦੌਰਾਨ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਵਾਪਸ ਚਲੇ ਗਏ ਤੇ ਇਸ ਤੋਂ ਕੁਝ ਸਮਾਂ ਬਾਅਦ ਹੀ ਡਿਪਟੀ ਮੇਅਰ ਪ੍ਰਿੰਸ ਜੌਹਰ ਵੀ ਚਲੇ ਗਏ। ਜਿਸ ਕਾਰਨ ਮੇਅਰ ਇੰਦਰਜੀਤ ਕੌਰ ਨੂੰ ਮੀਟਿੰਗ ਮੁਲਤਵੀ ਕਰਨੀ ਪਈ।
ਮੇਅਰ ਤੇ ਸੀਨੀਅਰ ਡਿਪਟੀ ਮੇਅਰ ਵਿਚਾਲੇ ਤਕਰਾਰ ਇੱਕ ਰਿਟਾਇਰ ਐਕਸਈਐਨ ਦੀ ਆਈਡੀ ਤੋਂ ਪਏ 10 ਕਰੋੜ ਦੇ ਟੈਂਡਰ ਤੋਂ ਹੋਈ। ਸੀਨੀਅਰ ਡਿਪਟੀ ਮੇਅਰ ਨੇ ਇਸ ਟੈਂਡਰ ਨੂੰ ਰੱਦ ਕਰਨ ਲਈ ਕਿਹਾ ਸੀ, ਪਰ ਇਸ ਬਾਰੇ ਕੋਈ ਕਾਰਵਾਈ ਨਹੀਂ ਕੀਤੀ ਗਈ। ਅੱਜ ਮੀਟਿੰਗ ਤੋਂ ਪਹਿਲਾਂ ਇਸ ਮੁੱਦੇ ’ਤੇ ਗੱਲ ਹੋਈ ਤੇ ਜਦੋਂ ਮੇਅਰ ਨੇ ਕੋਈ ਕਾਰਵਾਈ ਨਾ ਕਰਨ ਦਾ ਜਵਾਬ ਦਿੱਤਾ ਤਾਂ ਦੋਵੇਂ ਅਹੁਦੇਦਾਰ ਆਪਸ ਵਿੱਚ ਬਹਿਸ ਪਏ।
ਮੇਅਰ ਕੈਂਪ ਆਫਿਸ ਵਿੱਚ 12 ਰੱਖੀ ਮੀਟਿੰਗ ਲਈ ਸਭ ਤੋਂ ਪਹਿਲਾਂ ਮੇਅਰ ਇੰਦਰਜੀਤ ਕੌਰ ਪਹੁੰਚੇ। ਇਸ ਮਗਰੋਂ ਸੀਨੀਅਰ ਡਿਪਟੀ ਮੇਅਰ ਰਾਕੇਸ਼ ਪਰਾਸ਼ਰ ਤੇ ਡਿਪਟੀ ਮੇਅਰ ਪ੍ਰਿੰਸ ਜੌਹਰ ਵੀ ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਪਹੁੰਚ ਗਏ। ਮੀਟਿੰਗ ਵਿੱਚ 400 ਤੋਂ ਵੱਧ ਏਜੰਡੇ ਸਨ, ਜਿਨ੍ਹਾਂ ’ਤੇ ਚਰਚਾ ਕਰਕੇ ਉਨ੍ਹਾਂ ਨੂੰ ਪਾਸ ਕੀਤਾ ਜਾਣਾ ਸੀ। ਜਿਸ ਵਿੱਚ ਸੜਕਾਂ, ਪਾਰਕ, ਪਾਣੀ ਤੇ ਨਵੀਂ ਮਸ਼ੀਨਰੀ ਦੇ ਏਜੰਡੇ ਸ਼ਾਮਲ ਸਨ। ਮੀਟਿੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਸੀਨੀਅਰ ਡਿਪਟੀ ਮੇਅਰ ਨੇ ਮੇਅਰ ਸਾਹਮਣੇ ਰਿਟਾਇਰ ਐਕਸਈਐਨ ਹਰਜੀਤ ਸਿੰਘ ਦੀ ਆਈਡੀ ਤੋਂ ਇੱਕ 10 ਕਰੋੜ ਰੁਪਏ ਦਾ ਟੈਂਡਰ ਖੁੱਲ੍ਹਣ ਦਾ ਮੁੱਦਾ ਚੁੱਕਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਨਿਗਮ ਕਮਿਸ਼ਨਰ ਤੇ ਮੇਅਰ ਦੋਵਾਂ ਨੂੰ ਲਿਖਿਤ ਸ਼ਿਕਾਇਤ ਦਿੱਤੀ ਸੀ, ਜਿਸ ਵਿੱਚ ਗਲਤ ਤਰੀਕੇ ਦੇ ਨਾਲ ਟੈਂਡਰ ਖੋਲ੍ਹਣ ’ਤੇ ਨਿਗਮ ਨੂੰ ਆਰਥਿਕ ਨੁਕਸਾਨ ਹੋਣ ਦੀ ਗੱਲ ਕਹੀ ਸੀ। ਇਹ ਟੈਂਡਰ ਅਪਰੈਲ ਵਿੱਚ ਖੋਲ੍ਹਿਆ ਗਿਆ ਸੀ। ਇਸ ਦੀ ਸ਼ਿਕਾਇਤ ਦੇ ਬਾਵਜੂਦ ਹੁਣ ਤੱਕ ਕਾਰਵਾਈ ਨਹੀਂ ਕੀਤੀ ਗਈ। ਇਸ ਕਰਕੇ ਸੀਨੀਅਰ ਡਿਪਟੀ ਮੇਅਰ ਨੇ ਕਿਹਾ ਕਿ ਜਦ ਤੱਕ ਇਸ ਮਾਮਲੇ ਦੀ ਜਾਂਚ ਨਹੀਂ ਹੁੰਦੀ, ਉਦੋਂ ਤੱਕ ਉਹ ਕਿਸੇ ਮੀਟਿੰਗ ਦਾ ਹਿੱਸਾ ਨਹੀਂ ਬਣਨਗੇ। ਇਸ ਤੋਂ ਬਾਅਦ ਡਿਪਟੀ ਮੇਅਰ ਪ੍ਰਿੰਸ ਜੋਹਰ ਨੇ ਵੀ ਮੀਟਿੰਗ ਛੱਡ ਦਿੱਤੀ ਤੇ ਚਲੇ ਗਏ। ਉਨ੍ਹਾਂ ਨੇ ਵੀ ਦੋਸ਼ ਲਗਾਏ ਕਿ ਮੇਅਰ ਇੱਕ ਤਰਫ਼ਾ ਫੈਸਲੇ ਲੈ ਰਹੀ ਹੈ। ਉਨ੍ਹਾਂ ਦੀ ਗੱਲ ਹੀ ਨਹੀਂ ਸੁਣੀ ਜਾਂਦੀ। ਦੋਵਾਂ ਦੇ ਚਲੇ ਜਾਣ ਤੋਂ ਬਾਅਦ ਮੀਟਿੰਗ ਮੀਟਿੰਗ ਦੇ ਮੈਂਬਰ ਦਾ ਕੋਰਮ ਪੂਰਾ ਨਾ ਹੋਣ ਕਾਰਨ ਮੀਟਿੰਗ ਨੂੰ ਰੱਦ ਕਰਨ ਦਾ ਸੁਨੇਹਾ ਦੇ ਦਿੱਤਾ ਗਿਆ।
ਉਧਰ, ਮੇਅਰ ਇੰਦਰਜੀਤ ਕੌਰ ਨੇ ਕਿਹਾ ਕਿ ਮੀਟਿੰਗ ਵਿੱਚ ਕੋਈ ਟਕਰਾਅ ਨਹੀਂ ਹੋਇਆ, ਬਲਕਿ ਸੀਨੀਅਰ ਡਿਪਟੀ ਮੇਅਰ ਤੇ ਡਿਪਟੀ ਮੇਅਰ ਨੂੰ ਕੋਈ ਕੰਮ ਸੀ, ਇਸ ਕਰਕੇ ਮੀਟਿੰਗ ਛੱਡ ਕੇ ਉਨ੍ਹਾਂ ਨੂੰ ਜਾਣਾ ਪਇਆ।