ਗਦਰੀ ਸ਼ਹੀਦ ਬਾਬਾ ਭਾਨ ਸਿੰਘ ਨੌਜਵਾਨ ਸਭਾ ਵੱਲੋਂ ਬਾਬਾ ਭਾਨ ਸਿੰਘ ਯਾਦਗਾਰ ਸੁਨੇਤ ਵਿੱਚ ਫਿਲਮ ਸ਼ੋਅ ਕਰਵਾਇਆ ਗਿਆ। ਇਸ ਵਿੱਚ ਸਆਦਤ ਹਸਨ ਮੰਟੋ ਦੀ ਕਹਾਣੀ ‘ਟੋਬਾ ਟੇਕ ਸਿੰਘ’ ’ਤੇ ਅਧਾਰਿਤ ਫਿਲਮ ਦਿਖਾਈ ਗਈ। ਇਹ ਫਿਲਮ ਦੇਸ਼ ਦੀ ਆਜ਼ਾਦੀ ਸਮੇਂ ਹੋਈ ਵੰਡ ਤੇ ਉਸ ਦਾ ਸੰਤਾਪ ਹੰਢਾਉਣ ਵਾਲੇ ਲੋਕਾਂ ਦੇ ਦੁੱਖ ਨੂੰ ਬਿਆਨ ਕਰਦੀ ਹੈ।
ਸਭਾ ਦੇ ਪ੍ਰਧਾਨ ਐਡਵੋਕੇਟ ਹਰਪ੍ਰੀਤ ਜੀਰਖ ਅਤੇ ਜਨਰਲ ਸਕੱਤਰ ਰਾਕੇਸ਼ ਆਜ਼ਾਦ ਨੇ ਦੱਸਿਆ ਕਿ ਭਾਵੇਂ ਸਾਡੇ ਦੇਸ਼ ਨੂੰ ਆਜ਼ਾਦ ਹੋਏ 79 ਸਾਲ ਹੋ ਗਏ ਹਨ ਪਰ ਪੰਜਾਬ ਦੇ ਲੋਕਾਂ ਦੇ ਮਨਾਂ ਅੰਦਰ ਅਜੇ ਵੀ ਵੰਡ ਦੇ ਜ਼ਖਮ ਹਰੇ ਹਨ। ਪੰਜਾਬ ਜੋ ਕਿ ਇੱਕ ਖੁਸ਼ਹਾਲ ਸੂਬਾ ਸੀ ਤੇ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਪਰ ਆਜ਼ਾਦੀ ਦਾ ਸੂਰਜ ਪੰਜਾਬ ਨੂੰ ਦੋ ਹਿੱਸਿਆਂ ਵਿੱਚ ਵੰਡ ਗਿਆ। ਇਸ ਧਰਤ ਆਧਾਰਿਤ ਵੰਡ ਨੇ ਭਰਾਵਾਂ ਵਾਂਗ ਰਹਿੰਦੇ, ਇੱਕ ਦੂਜੇ ਦੇ ਦੁੱਖ ਸੁੱਖ ਵਿੱਚ ਸ਼ਾਮਲ ਹੋਣ ਵਾਲੇ ਸਿੰਖਾਂ, ਮੁਸਲਮਾਨਾਂ ਅਤੇ ਹਿੰਦੂਆਂ ਨੂੰ ਇੱਕ ਦੂਜੇ ਦਾ ਦੁਸ਼ਮਣ ਬਣਾ ਦਿੱਤਾ। 15 ਅਗਸਤ, 1947 ਦਾ ਪੰਜਾਬ ਦਾ ਉਜਾੜਾ ਮੌਜੂਦਾ ਸਮੇਂ ਵਿੱਚ ਲੋਕਾਂ ਨੂੰ ਸੁਚੇਤ ਕਰਦਾ ਹੈ ਕਿ ਫਿਰਕੂ ਤਾਕਤਾਂ ਦੇ ਪਿੱਛੇ ਲਗ ਕੇ ਵੱਖ ਵੱਖ ਧਰਮਾਂ ਦੀ ਭਾਈਚਾਰਕ ਸਾਂਝ ਨੂੰ ਖਤਮ ਨਾ ਕਰੀਏ ਸਗੋਂ ਫਿਰਕੂ ਸਦਭਾਵਨਾ ਨੂੰ ਮਜ਼ਬੂਤ ਕਰਦੇ ਹੋਏ ਲੋਕਾਂ ਨੂੰ ਧਰਮਾਂ ਦੇ ਨਾਂ ਤੇ ਲੜਾਉਣ ਵਾਲਿਆਂ ਨੂੰ ਸਬਕ ਸਿਖਈਏ। ਇਸ ਫਿਲਮ ਸ਼ੋਅ ਦੇ ਅਖੀਰ ਵਿੱਚ ਇਨਕਲਾਬੀ ਮਜ਼ਦੂਰ ਕੇਂਦਰ ਦੇ ਪ੍ਰਧਾਨ ਸੁਰਿੰਦਰ ਸਿੰਘ ਨੇ ਆਪਣੇ ਵਿਚਾਰ ਸਾਂਝੇ ਕੀਤੇ। ਦਰਸ਼ਕਾਂ ਨੇ ਨੌਜਵਾਨ ਸਭਾ ਦੇ ਇਸ ਊਧਮ ਦੀ ਸ਼ਲਾਘਾ ਕੀਤੀ। ਇਸ ਦੌਰਾਨ ਤਜਿੰਦਰ ਕੁਮਾਰ, ਜਗਜੀਤ ਸਿੰਘ, ਪ੍ਰਤਾਪ ਸਿੰਘ, ਮੀਨੂੰ ਸ਼ਰਮਾ, ਨੀਲ, ਗੁਰਰੀਤ ਕੌਰ, ਸਤਨਾਮ ਸਿੰਘ, ਰਵਿਤਾ ਤੇ ਹੋਰ ਹਾਜ਼ਰ ਸਨ।