ਨੈਸ਼ਨਲ ਹਾਈਵੇਅ ’ਤੇ ਪਏ ਡੂੰਘੇ ਟੋਏ ਕਾਰਨ ਹਾਦਸੇ ਦਾ ਖਦਸ਼ਾ
ਇਥੇ ਨੈਸ਼ਨਲ ਹਾਈਵੇਅ ਅਥਾਰਟੀ ਆਫ ਇੰਡੀਆ ਦੀ ਲਾਪਰਵਾਹੀ ਦਾ ਖਮਿਆਜ਼ਾ ਹਾਈਵੇਅ ’ਤੇ ਗੁਜ਼ਰਨ ਵਾਲੇ ਵਾਹਨ ਚਾਲਕਾਂ ਨੂੰ ਭੁਗਤਣਾ ਪੈ ਰਿਹਾ ਹੈ ਕਿਉਂਕ ਖੰਨਾ ਦੇ ਸਮਰਾਲਾ ਚੌਕ ਨੇੜੇ ਨੈਸ਼ਨਲ ਹਾਈਵੇ ਨੰਬਰ 44 ਤੇ ਕਰੀਬ 3 ਫੁੱਟ ਡੂੰਘਾ ਟੋਇਆ ਪੈ ਗਿਆ ਹੈ। ਪਰ ਹਾਈਵੇਅ ਅਥਾਰਟੀ ਦਾ ਇਸ ਪਾਸੇ ਕੋਈ ਧਿਆਨ ਨਹੀਂ ਜਾ ਰਿਹਾ। ਇਹ ਟੋਇਆ ਵੱਡੇ ਹਾਦਸਿਆਂ ਨੂੰ ਸੱਦਾ ਦੇ ਰਿਹਾ ਹੈ ਕਿਉਂਕਿ ਰਾਹਗੀਰਾਂ ਦੇ ਵਾਹਨ ਅਚਾਨਕ ਇਸ ਟੋਏ ਵਿੱਚ ਪੈ ਜਾਂਦੇ ਹਨ। ਮੌਕੇ ’ਤੇ ਕੁਝ ਰਾਹਗੀਰਾਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਗੱਡੀਆਂ ਟੋਏ ਵਿਚ ਵੱਜਣ ਕਾਰਨ ਬੇਕਾਬੂ ਹੋ ਜਾਂਦੀਆਂ ਹਨ ਜਿਸ ਨਾਲ ਕਈ ਵਾਰ ਗੱਡੀ ਜੰਪ ਕਰਕੇ ਪੁਲ ਤੋਂ ਡਿੱਗਣ ਦਾ ਖਤਰਾ ਵੀ ਰਹਿੰਦਾ ਹੈ। ਹਾਈਵੇ ’ਤੇ ਜਾਣ ਵਾਲੀਆਂ ਗੱਡੀਆਂ ਨੂੰ ਇਹ ਟੋਆ ਨਹੀਂ ਦਿਖਦਾ ਇਸ ਲਈ ਇਕ ਵਿਅਕਤੀ ਨੇ ਇਸ ਟੋਏ ਤੇ ਬੋਰੀ ਪਾ ਕੇ ਹੋਰਨਾਂ ਨੂੰ ਸਾਵਧਾਨ ਕਰਨ ਦੀ ਕੋਸ਼ਿਸ਼ ਕੀਤੀ। ਇਸ ਮੌਕੇ ਲੋਕਾਂ ਨੇ ਕਿਹਾ ਕਿ ਕਰੋੜਾਂ ਰੁਪਏ ਟੌਲ ਵਸੂਲਣ ਦੇ ਬਾਵਜੂਦ ਵੀ ਪ੍ਰਸ਼ਾਸਨ ਦਾ ਕੋਈ ਧਿਆਨ ਨਹੀਂ ਹੈ ਜਾਂ ਫ਼ਿਰ ਕਿਸੇ ਹਾਦਸੇ ਦੀ ਉਡੀਕ ਕੀਤੀ ਜਾ ਰਹੀ ਹੈ ਕਿਉਂਕਿ ਕੁਝ ਸਮਾਂ ਪਹਿਲਾਂ ਵੀ ਇਹ ਪੁਲ ਅਮਲੋਹ ਰੋਡ ਕੋਲ ਦੱਬ ਚੁੱਕਾ ਹੈ ਜਿਸ ਨੂੰ ਸਮਾਜ ਸੇਵੀ ਜੱਥੇਬੰਦੀਆਂ ਨੇ ਪ੍ਰਸਾਸ਼ਨ ਦੇ ਧਿਆਨ ਵਿਚ ਲਿਆਂਦਾ ਸੀ ਅਤੇ ਹੁਣ ਇਹ ਟੋਇਆ ਰਾਹਗੀਰਾਂ ਲਈ ਮੁਸੀਬਤ ਬਣਿਆ ਹੋਇਆ ਹੈ। ਉਨ੍ਹਾਂ ਨੈਸ਼ਨਲ ਹਾਈਵੇਅ ਅਥਾਰਟੀ ਤੋਂ ਮੰਗ ਕੀਤੀ ਕਿ ਪਹਿਲ ਦੇ ਆਧਾਰ ’ਤੇ ਇਸ ਟੋਏ ਦੀ ਮੁਰੰਮਤ ਕਰਵਾ ਕੇ ਲੋਕਾਂ ਨੂੰ ਰਾਹਤ ਦਿੱਤੀ ਜਾਵੇ। ਇਸ ਸਬੰਧੀ ਟਰੈਫ਼ਿਕ ਇੰਚਾਰਜ ਕੁਲਜੀਤ ਸਿੰਘ ਨੇ ਕਿਹਾ ਕਿ ਪੁਲੀਸ ਵੱਲੋਂ ਇਸ ਮਾਮਲੇ ਸਬੰਧੀ ਨੈਸ਼ਨਲ ਹਾਈਵੇਅ ਅਥਾਰਟੀ ਆਫ਼ ਇੰਡੀਆ ਨੂੰ ਪੱਤਰ ਲਿਖ ਕੇ ਭੇਜ ਦਿੱਤਾ ਗਿਆ ਹੈ।