ਕਿਸਾਨ ਯੂਨੀਅਨ ਕਾਦੀਆਂ ਵੱਲੋਂ ਬਲਾਕ ਪੰਚਾਇਤ ਦਫ਼ਤਰ ਅੱਗੇ ਧਰਨਾ
ਭਾਰਤੀ ਕਿਸਾਨ ਯੂਨੀਅਨ ਕਾਦੀਆਂ ਵੱਲੋਂ ਅੱਜ ਬਲਾਕ ਪੰਚਾਇਤ ਦਫ਼ਤਰ ਮਾਛੀਵਾੜਾ ਸਾਹਿਬ ਵਿੱਚ ਅਣਮਿੱਥੇ ਸਮੇਂ ਲਈ ਧਰਨਾ ਲਗਾ ਦਿੱਤਾ ਗਿਆ ਹੈ। ਕਿਸਾਨ ਯੂਨੀਅਨ ਦੇ ਜ਼ਿਲਾ ਪ੍ਰਧਾਨ ਹਰਦੀਪ ਸਿੰਘ ਗਿਆਸਪੁਰਾ ਤੇ ਬਲਾਕ ਪ੍ਰਧਾਨ ਗੁਰਜੀਤ ਸਿੰਘ ਗੜ੍ਹੀ ਤਰਖਾਣਾ ਨੇ ਦੱਸਿਆ ਕਿ ਪਿੰਡ ਸਹਿਜੋ ਮਾਜਰਾ ਵਿਖੇ 2023 ਤੋਂ ਪੰਚਾਇਤੀ ਜਮੀਨਾਂ ’ਤੇ ਕੁਝ ਵਿਅਕਤੀਆਂ ਨੇ ਨਾਜਾਇਜ਼ ਕਬਜ਼ੇ ਕੀਤਾ ਹੋਇਆ ਹੈ ਜਿਸ ਸਬੰਧੀ ਪਿੰਡ ਵਾਸੀਆਂ ਵੱਲੋਂ ਸ਼ਿਕਾਇਤ ਕੀਤੀ ਗਈ ਤਾਂ ਜ਼ਮੀਨ ਦੀ ਮਿਣਤੀ ਕਰਵਾ ਕੇ ਕਬਜ਼ਾ ਛੁਡਵਾਉਣ ਲਈ ਕਿਹਾ ਗਿਆ ਜਿਸ ਨੂੰ ਅਜੇ ਤੱਕ ਖਾਲੀ ਨਹੀਂ ਕਰਵਾਇਆ ਗਿਆ।
ਉਕਤ ਆਗੂਆਂ ਨੇ ਕਿਹਾ ਕਿ ਗੜ੍ਹੀ ਤਰਖਾਣਾ ਵਿਚ ਵੀ ਪੰਚਾਇਤੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਛੁਡਵਾਉਣ ਲਈ ਵਿਭਾਗ ਨੂੰ ਕਈ ਵਾਰ ਕਿਹਾ ਗਿਆ ਪਰ ਕੋਈ ਕਾਰਵਾਈ ਨਹੀਂ ਹੋਈ। ਉਨ੍ਹਾਂ ਕਿਹਾ ਕਿ ਪਿੰਡ ਹੇੜੀਆਂ ਵਿਖੇ ਵੀ ਪੰਚਾਇਤੀ ਬੋਲੀ ਦੌਰਾਨ ਵਿਭਾਗ ਦੇ ਅਧਿਕਾਰੀਆਂ ਨੇ ਮਨਮਰਜ਼ੀਆਂ ਕੀਤੀਆਂ ਜਿਸ ਸਬੰਧੀ ਸ਼ਿਕਾਇਤਾਂ ਦਿੱਤੀਆਂ ਗਈਆਂ ਪਰ ਕੋਈ ਕਾਰਵਾਈ ਨਾ ਹੋਈ। ਗਿਆਸਪੁਰਾ ਨੇ ਕਿਹਾ ਕਿ ਪੰਚਾਇਤ ਵਿਭਾਗ ਦੇ ਅਧਿਕਾਰੀਆਂ ਵੱਲੋਂ 3 ਸਤੰਬਰ ਤੱਕ ਭਰੋਸਾ ਦਿੱਤਾ ਗਿਆ ਸੀ ਕਿ ਇਹ ਨਾਜਾਇਜ਼ ਕਬਜ਼ੇ ਛੁਡਵਾ ਲਏ ਜਾਣਗੇ ਪਰ ਉਸ ’ਤੇ ਕੋਈ ਅਮਲ ਨਾ ਹੋਇਆ ਜਿਸ ਕਾਰਨ ਮਜਬੂਰਨ ਉਨ੍ਹਾਂ ਨੂੰ ਅਣਮਿੱਥੇ ਸਮੇਂ ਲਈ ਧਰਨਾ ਦਿੱਤਾ ਗਿਆ। ਗਿਆਸਪੁਰਾ ਨੇ ਕਿਹਾ ਕਿ ਬੜੀ ਹੈਰਾਨੀ ਦੀ ਗੱਲ ਹੈ ਕਿ ਡਿਪਟੀ ਕਮਿਸ਼ਨਰ ਵਲੋਂ ਵੀ ਵਿਭਾਗ ਨੂੰ ਨਿਰਦੇਸ਼ ਹਨ ਕਿ ਇਹ ਨਾਜਾਇਜ਼ ਕਬਜ਼ੇ ਛੁਡਵਾਏ ਜਾਣ ਪਰ ਉਨ੍ਹਾਂ ਦੇ ਹੁਕਮਾਂ ਦੀਆਂ ਵੀ ਧੱਜੀਆਂ ਉਡਾਈਆਂ ਜਾ ਰਹੀਆਂ ਹਨ। ਪਿੰਡ ਹੇੜੀਆਂ ਦੇ ਦਲਿੱਤ ਭਾਈਚਾਰੇ ਨਾਲ ਸਬੰਧਿਤ ਕਿਸਾਨ ਦਲਬਾਰਾ ਸਿੰਘ ਨੇ ਕਿਹਾ ਕਿ ਇੱਥੇ ਪੰਚਾਇਤੀ ਜ਼ਮੀਨ ਦੀ ਬੋਲੀ ਲਈ ਐੱਸ.ਸੀ. ਭਾਈਚਾਰੇ ਲਈ ਜ਼ਮੀਨ ਰਾਖਵੀਂ ਰੱਖੀ ਸੀ ਪਰ ਉਸ ਵਿਚ ਮਨਮਰਜ਼ੀ ਕਰਦਿਆਂ ਇਹ ਬੋਲੀ ਖੁੱਲ੍ਹੇ ਤੌਰ ’ਤੇ ਕਰਵਾਉਣ ਦੀ ਬਜਾਏ ਚੁੱਪਚਾਪ ਕਰਵਾ ਦਿੱਤੀ ਗਈ ਜਿਸ ਸਬੰਧੀ ਉਨ੍ਹਾਂ ਸ਼ਿਕਾਇਤ ਵੀ ਕੀਤੀ ਅਤੇ ਆਰ.ਟੀ.ਆਈ ਤਹਿਤ ਰਿਕਾਰਡ ਵੀ ਮੰਗਿਆ। ਦਲਬਾਰਾ ਸਿੰਘ ਨੇ ਕਿਹਾ ਕਿ ਅਜੇ ਤੱਕ ਉਨ੍ਹਾਂ ਦੀ ਕੋਈ ਸੁਣਵਾਈ ਨਾ ਹੋਈ। ਇਸ ਤੋਂ ਇਲਾਵਾ ਕਾਂਗਰਸ ਪਾਰਟੀ ਵਲੋਂ ਬਲਾਕ ਪ੍ਰਧਾਨ ਪਰਮਿੰਦਰ ਤਿਵਾੜੀ ਨੇ ਵੀ ਸੰਬੋਧਨ ਕੀਤਾ।
ਮਾਛੀਵਾੜਾ ਬਲਾਕ ਪੰਚਾਇਤ ਦਫ਼ਤਰ ਭ੍ਰਿਸ਼ਟਾਚਾਰ ਦਾ ਅੱਡਾ: ਢਿੱਲੋਂ
ਧਰਨੇ ਵਿੱਚ ਸਾਥੀਆਂ ਸਮੇਤ ਪੁੱਜੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਸਮਰਾਲਾ ਤੋਂ ਮੁੱਖ ਸੇਵਾਦਾਰ ਪਰਮਜੀਤ ਸਿੰਘ ਢਿੱਲੋਂ ਨੇ ਕਿਹਾ ਕਿ ਮਾਛੀਵਾੜਾ ਬਲਾਕ ਪੰਚਾਇਤ ਦਫ਼ਤਰ ਹਲਕਾ ਸਮਰਾਲਾ ਦਾ ਸਭ ਤੋਂ ਵੱਡਾ ਭ੍ਰਿਸ਼ਟਾਚਾਰ ਦਾ ਅੱਡਾ ਬਣ ਚੁੱਕਿਆ ਹੈ ਜਿੱਥੇ ਆਏ ਦਿਨ ਮਨਮਾਨੀਆਂ ਹੁੰਦੀਆਂ ਹਨ। ਉਨ੍ਹਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਵੱਲੋਂ ਬਲਾਕ ਪੰਚਾਇਤ ਦਫ਼ਤਰ ਦੀਆਂ ਮਨਮਰਜ਼ੀਆਂ ਖਿਲਾਫ਼ ਜੋ ਮੋਰਚਾ ਖੋਲ੍ਹਿਆ ਹੈ ਉਸ ਲਈ ਉਹ ਇਨ੍ਹਾਂ ਦੇ ਧੰਨਵਾਦੀ ਹਨ। ਉਨ੍ਹਾਂ ਕਿਹਾ ਕਿ ਪਿੰਡਾਂ ਵਿਚ ਪੰਚਾਇਤ ਵਿਭਾਗ ਵਲੋਂ ਜੋ ਵੀ ਕੰਮ ਕਰਵਾਏ ਜਾ ਰਹੇ ਹਨ ਉਹ ਨਿਯਮਾਂ ਨੂੰ ਛਿੱਕੇ ਟੰਗ ਕੇ ਕਰਵਾਏ ਜਾ ਰਹੇ ਹਨ।
ਪੰਚਾਇਤੀ ਜ਼ਮੀਨ ਤੋਂ ਕਬਜ਼ੇ ਹਟਾਏ ਜਾਣਗੇ: ਬੀਡੀਪੀਓ
ਬੀਡੀਪੀਓ ਰੁਪਿੰਦਰ ਕੌਰ ਨੇ ਕਿਹਾ ਕਿ ਪਿੰਡ ਸਹਿਜੋ ਮਾਜਰਾ ਦੀ ਪੰਚਾਇਤੀ ਜ਼ਮੀਨ ’ਤੇ ਕਬਜ਼ਾ ਹਟਾ ਕੇ ਤਾਰ ਲਗਾ ਦਿੱਤੀ ਗਈ ਹੈ ਪਰ ਕਿਸਾਨ ਆਗੂਆਂ ਤੇ ਪਿੰਡ ਵਾਸੀਆਂ ਦੀ ਮੰਗ ਸੀ ਕਿ ਇੱਥੇ ਪੱਕੀ ਦੀਵਾਰ ਕਰਵਾਈ ਜਾਵੇ ਜੋ ਕਿ ਜਲਦ ਕਰਵਾ ਦਿੱਤੀ ਜਾਵੇਗੀ। ਇਸ ਤੋਂ ਇਲਾਵਾ ਗੜ੍ਹੀ ਤਰਖਾਣਾ ਤੋਂ ਕਬਜ਼ਾ ਹਟਵਾਉਣ ਲਈ ਮਾਲ ਵਿਭਾਗ ਨੂੰ ਜ਼ਮੀਨ ਮਿਣਤੀ ਲਈ ਦਰਖਾਸਤ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਹੇੜੀਆਂ ਤੇ ਹੋਰ ਕਿਸੇ ਵੀ ਪਿੰਡ ਵਿਚ ਪੰਚਾਇਤੀ ਜ਼ਮੀਨ ਦੀ ਬੋਲੀ ਦੌਰਾਨ ਕੋਈ ਮਨਮਰਜ਼ੀ ਨਹੀਂ ਹੋਈ ਬਲਕਿ ਖੁੱਲ੍ਹੇ ਤੌਰ ’ਤੇ ਬੋਲੀ ਕਰਵਾਈ ਗਈ ਹੈ।