ਹੜ੍ਹਾਂ ਦੀ ਮਾਰ ਅਤੇ ਹੁਣ ਫਸਲ ਨੂੰ ਪਈ ਬਿਮਾਰੀ ਕਾਰਨ ਕੁਦਰਤ ਅੱਗੇ ਬੇਵੱਸ ਹੋਇਆ ਕਿਸਾਨ ਅੱਜ ਆਪਣੀ ਮਿਹਨਤ ਨੂੰ ਖੇਤਾਂ ਵਿਚ ਵਾਹੁਣ ਨੂੰ ਮਜਬੂਰ ਹੋ ਗਿਆ ਹੈ ਅਤੇ ਮਾਛੀਵਾੜਾ ਬਲਾਕ ਦੇ ਕਈ ਪਿੰਡਾਂ ਵਿਚ ਝੋਨੇ ਦੀ ਫਸਲ ਬੌਣੇ ਵਾਇਰਸ ਦੀ ਲਪੇਟ ਵਿਚ ਆ ਜਾਣ ਕਾਰਨ ਇਹ ਕਿਸਾਨ ਮਾਯੂਸ ਹੈ। ਜੂਨ ਮਹੀਨੇ ਦੀ ਤਪਦੀ ਗਰਮੀ ਵਿਚ ਮਿਹਨਤ ਨਾਲ ਕੀਤੀ ਝੋਨੇ ਦੀ ਬਿਜਾਈ ਕਰ ਕਿਸਾਨਾਂ ਨੂੰ ਆਸ ਸੀ ਕਿ ਅਕਤੂਬਰ ਦੇ ਪਹਿਲੇ ਹਫ਼ਤੇ ਇਸ ਫਸਲ ਦੀ ਕਟਾਈ ਕਰ ਉਹ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰੇਗਾ ਅਤੇ ਕਰਜ਼ੇ ਦੀ ਪੰਡ ਹੌਲੀ ਕਰ ਲਵੇਗਾ ਪਰ ਇਹ ਬੌਣੇ ਵਾਇਰਸ ਦੀ ਲਪੇਟ ਵਿਚ ਆਉਣ ਕਾਰਨ ਹੁਣ ਕਿਸਾਨ ਨੇ ਫਸਲ ਕੱਟਣ ਦੀ ਬਜਾਏ ਉਸ ਨੂੰ ਜ਼ਮੀਨ ਵਿਚ ਹੀ ਵਾਹ ਦਿੱਤਾ ਹੈ। ਮਾਛੀਵਾੜਾ ਬਲਾਕ ਦੇ ਪਿੰਡ ਬੁੱਲੇਵਾਲ ਤੋਂ ਬਾਅਦ ਪਿੰਡ ਜਾਤੀਵਾਲ ਵਿਚ ਵੀ ਕਿਸਾਨ ਰਣਜੀਤ ਸਿੰਘ ਨੇ ਇਹ ਬੌਣੇ ਵਾਇਰਸ ਦੀ ਲਪੇਟ ਵਿਚ ਆਈ ਫਸਲ ਨੂੰ ਕੱਟਣ ਦੀ ਬਜਾਏ ਖੇਤਾਂ ਵਿਚ ਵਾਹ ਦਿੱਤਾ। ਉਸ ਨੇ ਦੱਸਿਆ ਕਿ ਪਹਿਲਾਂ ਉਸ ਦੀ ਹੜ੍ਹਾਂ ਕਾਰਨ ਕਰੀਬ 4 ਏਕੜ ਫਸਲ ਰੁੜ੍ਹ ਗਈ ਅਤੇ ਹੁਣ ਜੋ ਦਰਿਆ ਤੋਂ ਬਾਹਰ ਫਸਲ ਸੀ ਉਹ ਇਹ ਬਿਮਾਰੀ ਖਾ ਗਈ। ਕਿਸਾਨ ਰਣਜੀਤ ਸਿੰਘ ਨੇ ਦੱਸਿਆ ਕਿ ਉਨ੍ਹਾਂ ਵਲੋਂ ਯੂਨੀਵਰਸਿਟੀ ਤੇ ਸਰਕਾਰ ਤੋਂ ਮਾਨਤਾ ਪ੍ਰਾਪਤ ਝੋਨੇ ਦਾ ਬੀਜ ਲੈ ਕੇ ਬਿਜਾਈ ਕੀਤੀ ਗਈ ਸੀ ਪਰ ਸਪਰੇਆਂ ਕਰਨ ਦੇ ਬਾਵਜੂਦ ਵੀ ਉਨ੍ਹਾਂ ਦੀ ਫਸਲ ਬੌਣੇ ਵਾਇਰਸ ਦੀ ਲਪੇਟ ਤੋਂ ਬਚ ਨਾ ਸਕੀ। ਮਾਛੀਵਾੜਾ ਬਲਾਕ ਦੇ ਕਈ ਹੋਰ ਪਿੰਡਾਂ ਵਿਚ ਵੀ ਇਸ ਬੌਣੇ ਵਾਇਰਸ ਦੀ ਲਪੇਟ ਵਿਚ ਸੈਂਕੜੇ ਏਕੜ ਫਸਲ ਤਬਾਹ ਹੋ ਗਈ ਹੈ ਜਿਸ ਨੂੰ ਜਾਂ ਤਾਂ ਕਿਸਾਨ ਵਾਹ ਰਹੇ ਹਨ ਜਾਂ ਫਿਰ ਇੰਤਜ਼ਾਰ ਕਰ ਰਹੇ ਹਨ ਕਿ ਸ਼ਾਇਦ ਕੁਝ ਦਾਣੇ ਇਸ ’ਚੋਂ ਨਿਕਲ ਸਕਣ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਦਾ 20 ਹਜ਼ਾਰ ਰੁਪਏ ਪ੍ਰਤੀ ਏਕੜ ਬਿਜਾਈ ਖਰਚਾ ਆ ਚੁੱਕਾ ਹੈ ਅਤੇ ਇਸ ਤੋਂ ਇਲਾਵਾ 35 ਹਜ਼ਾਰ ਰੁਪਏ ਪ੍ਰਤੀ ਏਕੜ ਠੇਕੇ ਦਾ ਜੋੜ ਲਿਆ ਜਾਵੇ ਤਾਂ 55 ਹਜ਼ਾਰ ਰੁਪਏ ਪ੍ਰਤੀ ਏਕੜ ਉਨ੍ਹਾਂ ਨੂੰ ਆਰਥਿਕ ਘਾਟਾ ਪਿਆ ਹੈ। ਉਨ੍ਹਾਂ ਕਿਹਾ ਕਿ ਇਸ ਵਾਰ ਝੋਨੇ ਦੀ ਫਸਲ ’ਚੋਂ ਮੁਨਾਫ਼ਾ ਤਾਂ ਕੀ ਹੋਣਾ ਸੀ ਬਲਕਿ 55 ਹਜ਼ਾਰ ਰੁਪਏ ਪ੍ਰਤੀ ਏਕੜ ਘਾਟੇ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਪਰ ਸਰਕਾਰ ਵਲੋਂ ਅਜੇ ਤੱਕ ਬੌਣੇ ਵਾਇਰਸ ਦੀ ਲਪੇਟ ਵਿਚ ਆਏ ਪ੍ਰਭਾਵਿਤ ਕਿਸਾਨਾਂ ਨੂੰ ਕੋਈ ਵੀ ਗਿਰਦਾਵਰੀ ਜਾਂ ਮੁਆਵਜ਼ਾ ਦੇਣ ਦਾ ਐਲਾਨ ਨਹੀਂ ਕੀਤਾ ਗਿਆ। ਕਿਸਾਨਾਂ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਸ ਬਿਮਾਰੀ ਦੀ ਲਪੇਟ ਵਿਚ ਆਈ ਫਸਲ ਦੀ ਵਿਸ਼ੇਸ਼ ਗਿਰਦਾਵਰੀ ਕਰਕੇ ਉਨ੍ਹਾਂ ਨੂੰ ਬਣਦਾ ਮੁਆਵਜ਼ਾ ਦਿੱਤਾ ਜਾਵੇ।
+
Advertisement
Advertisement
Advertisement
×