ਕਿਸਾਨਾਂ ਵੱਲੋਂ ਖਾਦ ਵਿਕਰੇਤਾ ਤੇ ਸਹਿਕਾਰੀ ਸਭਾਵਾਂ ਖ਼ਿਲਾਫ਼ ਧਰਨਾ
ਪਿੰਡਾਂ ਦੀਆਂ ਖੇਤੀਬਾੜੀ ਸਹਿਕਾਰੀ ਸਭਾਵਾਂ ਅਤੇ ਖਾਦ ਵਿਕ੍ਰੇਤਾਵਾਂ ਵੱਲੋਂ ਕਿਸਾਨਾਂ ਦੀ ਲੁੱਟ ਖ਼ਿਲਾਫ਼ ਕਿਰਤੀ ਕਿਸਾਨ ਯੂਨੀਅਨ ਨੇ ਰਾਏਕੋਟ ਵਿੱਚ ਸਹਿਕਾਰਤਾ ਵਿਭਾਗ ਦੇ ਦਫ਼ਤਰ ਸਾਹਮਣੇ ਧਰਨਾ ਦਿੱਤਾ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਰਤੀ ਕਿਸਾਨ ਯੂਨੀਅਨ ਦੇ ਸੂਬਾ ਪ੍ਰਧਾਨ ਨਿਰਭੈ ਸਿੰਘ ਢੁੱਡੀਕੇ ਅਤੇ ਸੂਬਾ ਜਨਰਲ ਸਕੱਤਰ ਰਜਿੰਦਰ ਸਿੰਘ ਦੀਪ ਸਿੰਘ ਵਾਲਾ ਨੇ ਕਿਹਾ ਕਿ ਕਿਸਾਨਾਂ ਨੂੰ ਖੇਤੀਬਾੜੀ ਲਈ ਯੂਰੀਆ ਅਤੇ ਡੀਏਪੀ ਖਾਦ ਲੈਣ ਸਮੇਂ ਸਹਿਕਾਰੀ ਸਭਾਵਾਂ ਅਤੇ ਖਾਦ ਵਿਕਰੇਤਾ ਜਬਰੀ ਬੇਲੋੜਾ ਅਤੇ ਵਾਧੂ ਸਾਮਾਨ ਖ਼ਰੀਦਣ ਲਈ ਮਜਬੂਰ ਕਰਦੇ ਹਨ। ਇਸ ਤਰ੍ਹਾਂ ਸਰਕਾਰ ਦੀ ਮਿਲੀਭੁਗਤ ਨਾਲ ਕਿਸਾਨਾਂ ਦੀ ਸਿੱਧੀ ਲੁੱਟ ਦਿਨ-ਦਿਹਾੜੇ ਜਾਰੀ ਹੈ।
ਕਿਸਾਨ ਆਗੂਆਂ ਨੇ ਕਿਹਾ ਕਿ ਪਸ਼ੂਆਂ ਦੀ ਖ਼ੁਰਾਕ, ਲੋਹਾ, ਜ਼ਿੰਕ ਆਦਿ ਸਾਮਾਨ ਕਿਸਾਨਾਂ ਨੂੰ ਜ਼ਬਰਦਸਤੀ ਮੜ੍ਹ ਦਿੱਤਾ ਜਾਂਦਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਪਹਿਲਾਂ ਤਾਂ ਇਹ ਲੁੱਟ ਖਾਦ ਵਿਕਰੇਤਾ ਹੀ ਕਰਦੇ ਸਨ, ਪਰ ਹੁਣ ਤਾਂ ਪਿੰਡਾਂ ਦੀਆਂ ਸਹਿਕਾਰੀ ਸਭਾਵਾਂ ਨੇ ਵੀ ਸ਼ੁਰੂ ਕਰ ਦਿੱਤੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਅਤੇ ਸੂਬਾ ਸਰਕਾਰਾਂ ਸਹਿਕਾਰਤਾ ਵਿਭਾਗਾਂ ਦਾ ਭੋਗ ਪਾਉਣ ਦੇ ਰਾਹ ਪੈ ਗਈਆਂ ਹਨ। ਉਨ੍ਹਾਂ ਕਿਹਾ ਕਿ ਸਹਿਕਾਰਤਾ ਵਿਭਾਗ ਦੇ ਅਧਿਕਾਰੀਆਂ ਨੂੰ ਕਰੀਬ ਇੱਕ ਮਹੀਨਾ ਪਹਿਲਾਂ ਮੰਗ-ਪੱਤਰ ਦੇਣ ਦੇ ਬਾਵਜੂਦ ਕੋਈ ਕਾਰਵਾਈ ਨਹੀਂ ਕੀਤੀ ਗਈ। ਜ਼ਿਲ੍ਹਾ ਪ੍ਰਧਾਨ ਸਾਧੂ ਸਿੰਘ ਅੱਚਰਵਾਲ, ਜਗਰੂਪ ਸਿੰਘ ਗਿੱਲ, ਬਲਵਿੰਦਰ ਸਿੰਘ ਸਣੇ ਹੋਰ ਆਗੂਆਂ ਨੇ ਵੀ ਧਰਨਾਕਾਰੀਆਂ ਨੂੰ ਸੰਬੋਧਨ ਕੀਤਾ।