ਮੂੰਗੀ ਤੇ ਮੱਕੀ ਦੇ ਕਾਸ਼ਤਕਾਰਾਂ ਦੀ ਲੁੱਟ ’ਤੇ ਕਿਸਾਨ ਜਥੇਬੰਦੀਆਂ ਵੀ ਚੁੱਪ
ਜਸਬੀਰ ਸਿੰਘ ਸ਼ੇਤਰਾ
ਜਗਰਾਉਂ, 26 ਜੂਨ
ਸਰਕਾਰ ਵੱਲੋਂ ਮੂੰਗੀ ਤੇ ਮੱਕੀ ਦੀ ਖਰੀਦ ਨਾ ਕਰਨ ਕਰਕੇ ਕਿਸਾਨਾਂ ਦੀ ਲੁੱਟ ਹੋ ਰਹੀ ਹੈ। ਮੂੰਗੀ ਹੱਬ ਵਜੋਂ ਜਾਣੀ ਜਾਂਦੀ ਜਗਰਾਉਂ ਮੰਡੀ ਵਿੱਚ ਦੋਵੇੇਂ ਫ਼ਸਲਾਂ ਦੇ ਭਾਅ ਮੂਧੇ ਮੂੰਹ ਡਿੱਗੇ ਹਨ। ਖਰੀਦ ਘੱਟੋ-ਘੱਟ ਸਮੱਰਥਨ ਮੁੱਲ ਤੋਂ ਕਿਤੇ ਘੱਟ ਭਾਅ ’ਤੇ ਹੋ ਰਹੀ ਹੈ। ਮਾਮਲਾ ਵਪਾਰੀਆਂ ਦੇ ਹੱਥ ਵੱਸ ਹੋਣ ਕਰਕੇ ਉਹ ਮਰਜ਼ੀ ਦੇ ਭਾਅ ਲਾ ਰਹੇ ਹਨ। ਦੋਵੇਂ ਫ਼ਸਲਾਂ ਗਿੱਲੀਆਂ ਹੋਣ ਬਹਾਨੇ ਕਿਸਾਨਾਂ ਦੀ ਰੱਜ ਕੇ ਲੁੱਟ ਕੀਤੀ ਜਾ ਰਹੀ ਹੈ। ਦੋ ਦਿਨਾਂ ਤੋਂ ਬੋਲੀ ਨਾ ਲੱਗਣ ਕਰਕੇ ਖਰੀਦ ਦਾ ਕੰਮ ਠੱਪ ਪਿਆ ਹੈ ਤੇ ਇਸ ਮਾਮਲੇ ਵਿੱਚ ਕਿਸਾਨਾਂ ਜਥੇਬੰਦੀਆਂ ਵੀ ਚੁੱਪ ਧਾਰੀ ਬੈਠੀਆਂ ਹਨ। ਹੁਣ ਤੱਕ ਇਕ ਵੀ ਕਿਸਾਨ ਜਥੇਬੰਦੀ ਨੇ ਮੰਡੀਆਂ ਵਿੱਚ ਕਿਸਾਨਾਂ ਦੀ ਸਾਰ ਨਹੀਂ ਲਈ ਹੈ।
ਏਸ਼ੀਆ ਦੀ ਇਸ ਦੂਜੀ ਵੱਡੀ ਮੰਡੀ ਦੇ ਦੌਰੇ ਮੌਕੇ ਅੱਜ ਦੇਖਣ ਨੂੰ ਮਿਲਿਆ ਕਿ ਚੁਫੇਰੇ ਮੱਕੀ ਤੇ ਮੂੰਗੀ ਦੀ ਫ਼ਸਲ ਪਈ ਹੈ। ਜ਼ਿਆਦਾਤਰ ਫੜ੍ਹਾਂ ’ਤੇ ਗਿੱਲੀ ਮੱਕੀ ਖਿਲਾਰੀ ਤੇ ਸੁਕਾਈ ਜਾ ਰਹੀ ਸੀ। ਮੂੰਗੀ ਦੀ ਇਸ ਦੁਰਦਸ਼ਾ ਕਰਕੇ ਹੀ ਪਿਛਲੇ ਸਾਲ ਦੇ ਮੁਕਾਬਲੇ ਹਾਲੇ ਤਕ ਘੱਟ ਆਮਦ ਹੋਈ ਹੈ। ਸਥਾਨਕ ਮੰਡੀ ਵਿੱਚ ਹੁਣ ਤੱਕ ਇੱਕ ਲੱਖ 41 ਹਜ਼ਾਰ ਕੁਇੰਟਲ ਮੂੰਗੀ ਆਈ ਜੋ ਸਾਰੀ ਵਪਾਰੀਆਂ ਨੇ ਖਰੀਦੀ ਹੈ। ਮੂੰਗੀ ਦਾ ਸਰਕਾਰੀ ਭਾਅ 8768 ਰੁਪਏ ਨਿਰਧਾਰਤ ਕਰਕੇ ਸਰਕਾਰ ਖਰੀਦ ਤੋਂ ਪਾਸਾ ਵੱਟੀ ਬੈਠੀ ਹੈ। ਸਾਰਾ ਦਾਰੋਮਦਾਰ ਵਪਾਰੀਆਂ ਹੱਥ ਆ ਜਾਣ ਕਰਕੇ ਕਿਸਾਨਾਂ ਕੋਲ ਕੋਈ ਬਦਲ ਨਹੀਂ।
ਕਿਸਾਨ ਸੁਖਦੇਵ ਸਿੰਘ ਕਾਉਂਕੇ, ਅਮਰ ਸਿੰਘ, ਹਰਜਿੰਦਰ ਸਿੰਘ ਨੇ ਕਿਹਾ ਕਿ ਮੰਡੀਆਂ ਵਿੱਚ ਅੰਨ੍ਹੀ ਲੁੱਟ ਮੱਚੀ ਹੋਈ ਹੈ। ਪਰ ਅਫਸੋਸ ਕਿ ਨਾ ਕੋਈ ਹਾਕਮ ਧਿਰ, ਨਾ ਕੋਈ ਵਿਰੋਧੀ ਧਿਰ ਤੇ ਇਥੋਂ ਤਕ ਕਿ ਦਰਜਨਾਂ ਕਿਸਾਨ ਜਥੇਬੰਦੀਆਂ ਵਲੋਂ ਵੀ ਕੋਈ ਨਹੀਂ ਬੋਲ ਰਿਹਾ। ਆੜ੍ਹਤੀਆਂ ਦੇ ਪ੍ਰਧਾਨ ਕਨ੍ਹਈਆ ਗੁਪਤਾ ਬਾਂਕਾ ਨੇ ਕਿਹਾ ਕਿ ਕੋਈ ਵੀ ਵਪਾਰੀ ਧੱਕੇ ਨਾਲ ਖਰੀਦ ਨਹੀਂ ਕਰ ਰਿਹਾ। ਐਮਐਸਪੀ ਤੈਅ ਕਰਨ ਵਾਲੀ ਸਰਕਾਰ ਨੂੰ ਚਾਹੀਦਾ ਹੈ ਕਿ ਖਰੀਦ ਵੀ ਕਰੇ।
61 ਤੋਂ 7100 ਵਿਚਾਲੇ ਰਿਆ ਮੂੰਗੀ ਦਾ ਭਾਅ
ਮਾਰਕੀਟ ਕਮੇਟੀ ਦੇ ਰਿਕਾਰਡ ਮੁਤਾਬਕ ਮੂੰਗੀ ਦਾ ਭਾਅ 7500 ਰੁਪਏ ਤੱਕ ਜ਼ਰੂਰ ਗਿਆ ਪਰ ਆਮ ਤੌਰ ’ਤੇ ਭਾਅ 6100 ਤੋਂ 7100 ਵਿਚਕਾਰ ਰਿਹਾ। ਕਿਸਾਨਾਂ ਤੇ ਆੜ੍ਹਤੀਆਂ ਮੁਤਾਬਕ 5100 ਰੁਪਏ ਨੂੰ ਵੀ ਮੂੰਗੀ ਵਿਕੀ ਹੈ। ਮੱਕੀ ਦਾ ਸਰਕਾਰੀ ਭਾਅ ਵੀ 2400 ਰੁਪਏ ਨਿਰਧਾਰਤ ਹੈ ਪਰ ਇਹ 1700 ਤੋਂ ਲੈ ਕੇ 2100 ਵਿਚਕਾਰ ਹੀ ਵਿਕ ਰਹੀ ਹੈ। ਸੂਤਰਾਂ ਮੁਤਾਬਕ ਵਪਾਰੀ ਪੂਲ ਬਣਾ ਕੇ ਮਰਜ਼ੀ ਦਾ ਭਾਅ ਲਾਉਂਦੇ ਹਨ।
ਜਗਰਾਉਂ ਮੰਡੀ ਵਿੱਚ ਸੁੱਕਣੀ ਪਾਈ ਹੋਈ ਮੱਕੀ।