ਹੜ੍ਹ ਪੀੜ੍ਹਤ ਕਿਸਾਨਾਂ ਦੀ ਫ਼ਸਲ ਬੀਜੇਗੀ ਕਿਸਾਨ ਜਥੇਬੰਦੀ
ਬੀਕੇਯੂ ਏਕਤਾ ਉਗਰਾਹਾਂ ਦੇ ਨੁਮਾਇੰਦੇ ਜ਼ਮੀਨ ਪੱਧਰੀ ਕਰਨ ਲਈ ਟਰੈਕਟਰ ਲੈ ਕੇ ਅੰਮ੍ਰਿਤਸਰ ਪੁੱਜੇ
ਇੱਥੋਂ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਦੇ ਅੱਜ ਵੱਡੀ ਗਿਣਤੀ ਵਿੱਚ ਟਰੈਕਟਰਾਂ ਦੇ ਕਾਫ਼ਲੇ ਜ਼ਮੀਨ ਪੱਧਰ ਕਰਨ ਲਈ ਰਵਾਨਾ ਹੋਏ, ਜੋ ਅੰਮ੍ਰਿਤਸਰ ਜ਼ਿਲ੍ਹੇ ਦੇ ਪਿੰਡ ਰਾਮਦਾਸ ਅਤੇ ਆਲੇ ਦੁਆਲੇ ਦੇ ਪਿੰਡਾਂ ਵਿੱਚ ਜ਼ਮੀਨ ਪੱਧਰੀ ਕਰਨ ਲਈ ਇੱਕ ਹਫਤਾ ਦਿਨ-ਰਾਤ ਕੰਮ ਕਰਨਗੇ। ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਜਨਰਲ ਸਕੱਤਰ ਸੁਦਾਗਰ ਸਿੰਘ ਘੁਡਾਣੀ ਤੇ ਮੀਤ ਪ੍ਰਧਾਨ ਮਨੋਹਰ ਸਿੰਘ ਨੇ ਦੱਸਿਆ ਕਿ ਪਹਿਲਾਂ ਵੀ ਵੱਡੀ ਗਿਣਤੀ ਵਿੱਚ ਮਜ਼ਦੂਰਾਂ ਤੇ ਗਰੀਬਾਂ ਨੂੰ ਅਨਾਜ ਵੰਡਿਆ ਗਿਆ, ਫਿਰ ਕਣਕ ਬੀਜਣ ਲਈ ਵੱਡੀ ਮਾਤਰਾ ਵਿੱਚ ਕਣਕ ਦਾ ਬੀਜ ਮੁਹੱਈਆ ਕਰਵਾਇਆ ਗਿਆ। ਅੱਜ ਉਨ੍ਹਾਂ ਦੀਆਂ ਜ਼ਮੀਨਾਂ ਪੱਧਰ ਕਰਨ ਲਈ ਸੈਂਕੜੇ ਟਰੈਕਟਰ ਰਾਮਦਾਸ (ਸ੍ਰੀ ਅੰਮ੍ਰਿਤਸਰ ਸਾਹਿਬ) ਵੱਲ ਜਾ ਰਹੇ ਹਨ, ਜੋ ਕਿ ਇੱਕ ਹਫ਼ਤਾ ਉੱਥੇ ਰਹਿਣਗੇ ਅਤੇ ਹੜ੍ਹ ਪੀੜਤ ਕਿਸਾਨਾਂ ਦੀਆਂ ਜ਼ਮੀਨਾਂ ਪੱਧਰੀਆਂ ਕਰਕੇ ਕਣਕ ਬੀਜਣ ਤੱਕ ਉਨ੍ਹਾਂ ਦੇ ਨਾਲ ਪੂਰਾ ਸਹਿਯੋਗ ਕਰਨਗੇ। ਦੂਸਰੇ ਪਾਸੇ ਆਗੂਆਂ ਨੇ ਕਿਹਾ ਕਿ ਜਿੱਥੇ ਲੋਕ ਲੋੜਵੰਦਾਂ ਦੀ ਮਦਦ ਕਰ ਰਹੇ ਹਨ, ਉੱਥੇ ਸਰਕਾਰਾਂ ਵੱਲੋਂ ਇਨ੍ਹਾਂ ਦੀ ਕੋਈ ਬਾਂਹ ਨਹੀਂ ਫੜੀ ਜਾ ਰਹੀ ਸਗੋਂ ਲਾਰੇ ਲੱਪੇ ਲਾਏ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਸਰਕਾਰ ਤੋਂ ਪ੍ਰਤੀ ਏਕੜ ਪੂਰਾ ਮੁਆਵਜ਼ਾ ਲੈਣ ਲਈ ਤੇ ਇਨ੍ਹਾਂ ਦੀਆਂ ਰਹਿੰਦੀਆਂ ਮੰਗਾਂ ਮਨਵਾਉਣ ਲਈ ਵੀ ਸਰਕਾਰਾਂ ’ਤੇ ਦਬਾਅ ਪਾਇਆ ਜਾਵੇਗਾ। ਕਾਰਪੋਰੇਟਾਂ ਤੇ ਅੰਬਾਨੀ- ਅੰਡਾਨੀ ਲਈ ਤਾਂ ਖਜ਼ਾਨੇ ਖੁੱਲ੍ਹੇ ਹਨ, ਉਨ੍ਹਾਂ ਦੇ ਲੱਖਾਂ ਕਰੋੜਾਂ ਮੁਆਫ਼ ਕੀਤੇ ਜਾ ਰਹੇ ਹਨ ਪਰ ਪੀੜਤ ਕਿਸਾਨਾਂ ਮਜ਼ਦੂਰਾਂ ਲਈ ਇਨ੍ਹਾਂ ਦੀ ਬੋਲਤੀ ਬੰਦ ਹੋ ਜਾਂਦੀ ਹੈ।

