DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਕਿਸਾਨ ਹਜ਼ਾਰਾਂ ਟਰੈਕਟਰਾਂ ਸਮੇਤ ਸੜਕਾਂ ’ਤੇ ਉੱਤਰੇ

ਮੱੁਖ ਮਾਰਗਾਂ ’ਤੇ ਕਈ ਘੰਟੇ ਸ਼ਾਂਤਮਈ ਟਰੈਕਟਰ ਮਾਰਚ; ਵਿਸ਼ਵ ਵਪਾਰ ਸੰਸਥਾ ਦੇ ਪੁਤਲੇ ਵੀ ਫੂਕੇ
  • fb
  • twitter
  • whatsapp
  • whatsapp
featured-img featured-img
ਬਲਾਕ ਪੱਖੋਵਾਲ ਅਤੇ ਡੇਹਲੋਂ ਦੇ ਮੁੱਖ ਚੌਕ ਵਿੱਚ ਟਰੈਕਟਰ ਮਾਰਚ ਕਰਦੇ ਹੋਏ ਕਿਸਾਨ ਆਗੂ।
Advertisement

ਸੰਤੋਖ ਗਿੱਲ

ਰਾਏਕੋਟ, 26 ਫਰਵਰੀ

Advertisement

ਭਾਰਤ ਨੂੰ ਵਿਸ਼ਵ ਵਪਾਰ ਸੰਸਥਾ ਵਿੱਚੋਂ ਬਾਹਰ ਲਿਆਉਣ ਦੀ ਮੰਗ ਸਬੰਧੀ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਹਜ਼ਾਰਾਂ ਕਿਸਾਨ ਆਪਣੇ ਟਰੈਕਟਰ ਲੈ ਕੇ ਵੱਖ-ਵੱਖ ਰਾਜ ਮਾਰਗਾਂ ਅਤੇ ਕੌਮੀ ਮਾਰਗਾਂ ਉਪਰ ਉੱਤਰੇ ਅਤੇ ਵਿਸ਼ਵ ਵਪਾਰ ਸੰਸਥਾ ਦੇ ਆਦਮਕੱਦ ਪੁਤਲੇ ਫੂਕੇ ਗਏ। ਆਪਣੀਆਂ ਮੰਗਾਂ ਲਈ ਸੰਘਰਸ਼ ਕਰ ਰਹੇ ਕਿਸਾਨਾਂ ਉਪਰ ਕੇਂਦਰ ਅਤੇ ਹਰਿਆਣਾ ਸਰਕਾਰ ਵੱਲੋਂ ਅਣਮਨੁੱਖੀ ਤਸ਼ੱਦਦ ਅਤੇ 22 ਸਾਲਾ ਸ਼ੁਭਕਰਨ ਸਿੰਘ ਸਮੇਤ ਅੱਧੀ ਦਰਜਨ ਕਿਸਾਨਾਂ ਦੀ ਸ਼ਹਾਦਤ ਵਿਰੁੱਧ ਪ੍ਰਦਰਸ਼ਨ ਕੀਤੇ ਗਏ। ਲੁਧਿਆਣਾ-ਬਠਿੰਡਾ ਰਾਜ ਮਾਰਗ ਉਪਰ ਗੋਂਦਵਾਲ-ਨੂਰਪੁਰਾ ਹੱਦ ’ਤੇ ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਦੇ ਕਾਰਕੁਨਾਂ ਨੇਟਰੈਕਟਰ ਸੜਕ ਕਿਨਾਰੇ ਖੜ੍ਹੇ ਕਰ ਕੇ ਜ਼ੋਰਦਾਰ ਪ੍ਰਦਰਸ਼ਨ ਕੀਤਾ ਅਤੇ ਵਿਸ਼ਵ ਵਪਾਰ ਸੰਸਥਾ ਦਾ ਪੁਤਲਾ ਫੂਕਿਆ। ਉੱਧਰ ਕੁਲ ਹਿੰਦ ਕਿਸਾਨ ਸਭਾ ਅਤੇ ਭਾਕਿਯੂ ਏਕਤਾ (ਡਕੌਂਦਾ) ਵੱਲੋਂ ਸ਼ਹਿਰ ਦੀ ਹੱਦ ਵਿੱਚ ਟਰੈਕਟਰ ਮਾਰਚ ਕੀਤਾ ਗਿਆ। ਜਦਕਿ ਪੰਜਾਬ ਕਿਸਾਨ ਯੂਨੀਅਨ ਦੇ ਕਾਰਕੁਨਾਂ ਨੇ ਜਲੰਧਰ-ਮਲੇਰਕੋਟਲਾ ਕੌਮੀ ਮਾਰਗ ਉੱਪਰ ਸੂਬਾਈ ਆਗੂ ਡਾਕਟਰ ਗੁਰਚਰਨ ‌ਸਿੰਘ ਵੜਿੰਗ ਦੀ ਅਗਵਾਈ ਵਿੱਚ ਪਿੰਡ ਭੈਣੀ ਦਰੇੜਾ ਵਿੱਚ ਟਰੈਕਟਰ ਮਾਰਚ ਕੀਤਾ।

ਗੁਰੂਸਰ ਸੁਧਾਰ(ਪੱਤਰ ਪ੍ਰੇਰਕ) ਬਲਾਕ ਸੁਧਾਰ ਅਤੇ ਪੱਖੋਵਾਲ ਦੇ ਕਿਸਾਨ ਆਗੂਆਂ ਨੇ ਭਾਕਿਯੂ ਏਕਤਾ (ਡਕੌਂਦਾ-ਧਨੇਰ) ਦੇ ਆਗੂਆਂ ਨੇ ਬਲਾਕ ਪ੍ਰਧਾਨ ਸਰਬਜੀਤ ਸਿੰਘ ਗਿੱਲ ਦੀ ਅਗਵਾਈ ਵਿੱਚ ਟਰੈਕਟਰ ਮਾਰਚ ਕਰ ਕੇ ਵਿਸ਼ਵ ਵਪਾਰ ਸੰਸਥਾ ਦੇ ਪੁਤਲੇ ਫੂਕੇ। ਉੱਧਰ ਮੁੱਲਾਂਪੁਰ ਅਤੇ ਹੰਬੜਾਂ ਵਿੱਚ ਵੀ ਭਾਕਿਯੂ ਏਕਤਾ (ਉਗਰਾਹਾਂ) ਅਤੇ ਭਾਕਿਯੂ ਏਕਤਾ (ਡਕੌਂਦਾ-ਧਨੇਰ) ਦੇ ਕਾਰਕੁਨਾਂ ਵੱਲੋਂ ਮੁੱਖ ਮਾਰਗਾਂ ਉਪਰ ਵੱਡੀ ਗਿਣਤੀ ਕਿਸਾਨਾਂ ਵੱਲੋਂ ਟਰੈਕਟਰ ਮਾਰਚ ਕੀਤੇ ਗਏ। ਬਲਾਕ ਪੱਖੋਵਾਲ ਅਤੇ ਡੇਹਲੋਂ ਦੇ ਕਿਸਾਨਾਂ ਵੱਲੋਂ ਭਾਕਿਯੂ (ਉਗਰਾਹਾਂ), ਜਮਹੂਰੀ ਕਿਸਾਨ ਸਭਾ, ਪੰਜਾਬ ਕਿਸਾਨ ਯੂਨੀਅਨ ਸਮੇਤ ਹੋਰ ਕਿਸਾਨ ਜਥੇਬੰਦੀਆਂ ਦੀ ਅਗਵਾਈ ਵਿੱਚ ਵੱਡੀ ਗਿਣਤੀ ਕਿਸਾਨ ਟਰੈਕਟਰ ਲੈ ਕੇ ਸੜਕਾਂ ਉੱਪਰ ਉੱਤਰੇ ਅਤੇ ਮੁੱਖ ਮਾਰਗ ਉਪਰ ਕਈ ਘੰਟੇ ਟਰੈਕਟਰ ਖੜ੍ਹੇ ਕਰ ਕੇ ਪ੍ਰਦਰਸ਼ਨ ਕੀਤਾ।­

ਸਰਕਾਰ ਡਬਲਿਊਟੀਓ ਸਮਝੌਤੇ ਤੋਂ ਬਾਹਰ ਆਵੇ: ਰਾਜੇਵਾਲ

ਸਮਰਾਲਾ (ਡੀਪੀਐੱਸ ਬੱਤਰਾ): ਸੰਯੁਕਤ ਕਿਸਾਨ ਮੋਰਚੇ ਦੇ ਆਗੂ ਅਤੇ ਬੀਕੇਯੂ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਅੱਜ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਦੇਸ਼ ਦੇ 80 ਕਰੋੜ ਕਿਸਾਨਾਂ ਨੂੰ ਬਰਬਾਦ ਹੋਣ ਤੋਂ ਬਚਾਉਣ ਲਈ ਸਰਕਾਰ ਖੇਤੀਬਾੜੀ ਸੈਕਟਰ ਨੂੰ ਡਬਲਿਊਟੀਓ ਸਮਝੌਤੇ ਤੋਂ ਬਾਹਰ ਰੱਖਦੇ ਹੋਏ ਜਲਦੀ ਐੱਮਐੱਸਪੀ ਕਾਨੂੰਨ ਲਾਗੂ ਕਰਨ ਦਾ ਐਲਾਨ ਕਰੇ। ਉਨ੍ਹਾਂ ਕਿਹਾ ਕਿ ਅੱਜ ਤੋਂ ਡਬਲਿਊਟੀਓ ਦਾ ਤਿੰਨ ਰੋਜ਼ਾ ਸੈਸ਼ਨ ਸ਼ੁਰੂ ਹੋਇਆ ਹੈ ਜਿਸ ਦਾ ਪੂਰੀ ਦੁਨੀਆ ਵਿਚ ਕਿਸਾਨ ਭਾਰੀ ਵਿਰੋਧ ਕਰ ਰਹੇ ਹਨ। ਰਾਜੇਵਾਲ ਸਮਰਾਲਾ ਵਿਖੇ ਕਿਸਾਨਾਂ ਵੱਲੋਂ ਕੱਢੇ ਗਏ ਟਰੈਕਟਰ ਮਾਰਚ ਦੀ ਅਗਵਾਈ ਕਰਦੇ ਹੋਏ ਮੀਡੀਆ ਨਾਲ ਗੱਲਬਾਤ ਕਰ ਰਹੇ ਸਨ। ਉਨ੍ਹਾਂ ਪੰਜਾਬ ’ਚ ਚੱਲ ਰਹੇ ਕਿਸਾਨ ਅੰਦੋਲਨ ਦੌਰਾਨ 5 ਕਿਸਾਨਾਂ ਦੀ ਮੌਤ ਅਤੇ 250 ਤੋਂ ਜ਼ਿਆਦਾ ਕਿਸਾਨਾਂ ਦੇ ਜ਼ਖਮੀ ਹੋਣ ਲਈ ਕੇਂਦਰ ਅਤੇ ਹਰਿਆਣਾ ਸਰਕਾਰ ਨੂੰ ਪੂਰੀ ਤਰ੍ਹਾਂ ਜ਼ਿੰਮੇਵਾਰ ਦੱਸਿਆ ਹੈ।

ਸੜਕਾਂ ’ਤੇ ਟਰੈਕਟਰ ਖੜ੍ਹੇ ਕਰਕੇ ਕੇਂਦਰ ਸਰਕਾਰ ਖਿਲਾਫ਼ ਰੋਸ ਪ੍ਰਗਟਾਇਆ

ਖੰਨਾ (ਜੋਗਿੰਦਰ ਸਿੰਘ ਓਬਰਾਏ): ਇਥੇ ਕੀਤੇ ਗਏ ਰੋਸ ਪ੍ਰਦਰਸ਼ਨ ਦੌਰਾਨ ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਸੀਨੀਅਰ ਆਗੂ ਰਾਜਿੰਦਰ ਸਿੰਘ ਅਤੇ ਪ੍ਰਗਟ ਸਿੰਘ ਨੇ ਕਿਹਾ ਕਿ ਸਰਕਾਰਾਂ ਲੋਕਤੰਤਰ ਦਾ ਗਲਾ ਘੁੱਟ ਕੇ ਕੁਝ ਘਰਾਣਿਆਂ ਨੂੰ ਸਭ ਕੁਝ ਪਰੋਸਣ ਦੀਆਂ ਕੋਸ਼ਿਸ਼ਾਂ ਕਰ ਰਹੀਆਂ ਹਨ। ਅੱਜ ਰਾਸ਼ਟਰੀ ਮਾਰਗ ’ਤੇ ਚੱਪੇ-ਚੱਪੇ ’ਤੇ ਖੜ੍ਹੇ ਟਰੈਕਟਰ ਇਸ ਗੱਲ ਦਾ ਪ੍ਰਤੀਕ ਹਨ ਕਿ ਲੋਕ ਕੇਂਦਰ ਦੀਆਂ ਸਾਜ਼ਿਸ਼ਾਂ ਨੂੰ ਸਹਿਣ ਦੇ ਰੌਂਅ ਵਿੱਚ ਨਹੀਂ ਹਨ। ਇਸ ਦੌਰਾਨ ਅੱਜ ਇਥੋਂ ਦੇ ਗੁਰਦੁਆਰਾ ਮੰਜੀ ਸਾਹਿਬ ਕੋਟਾਂ ਤੋਂ ਦਿੱਲੀ ਵੱਲ ਮੂੰਹ ਕਰ ਕੇ ਲੰਬੀਆਂ ਕਤਾਰਾਂ ਵਿੱਚ ਬਿਨਾਂ ਆਵਾਜਾਈ ਵਿੱਚ ਵਿਘਨ ਪਾਏ ਟਰੈਕਟਰ ਟਰਾਲੀਆ ਖੜ੍ਹੇ ਕਰ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ।

ਲੁਧਿਆਣਾ- ਮਾਲੇਰਕੋਟਲਾ ਮੁੱਖ ਮਾਰਗਾਂ ’ਤੇੇ ਕੀਤਾ ਮਾਰਚ

ਕੁੱਪ ਕਲਾਂ(ਕੁਲਵਿੰਦਰ ਸਿੰਘ ਗਿੱਲ): ਅੱਜ ਬੀਕੇਯੂ ਓਗਰਾਹਾਂ ਬਲਾਕ ਅਹਿਮਦਗੜ੍ਹ ਦੇ ਕਿਸਾਨਾਂ ਨੇ ਲੁਧਿਆਣਾ- ਮਾਲੇਰਕੋਟਲਾ ਮੁੱਖ ਮਾਰਗਾਂ ’ਤੇ ਟਰੈਕਟਰ ਖੜ੍ਹੇ ਕਰ ਕੇ ਅਤੇ ਕੇਂਦਰ ਦੀ ਮੋਦੀ ਸਰਕਾਰ ਖ਼ਿਲਾਫ਼ ਆਪਣੇ ਰੋਹ ਦਾ ਪ੍ਰਗਟਾਵਾ ਕੀਤਾ। ਡਬਲਯੂਟੀਯੂ ਦੀ ਦੋਹਾ ਵਿੱਚ ਹੋ ਰਹੀ ਆਲਮੀ ਕਾਨਫਰੰਸ ਮੌਕੇ ਕਿਸਾਨਾਂ ਦੇ ਅੱਜ ਦੀ ਇਕੱਤਰਤਾ ਨੇ ਮੰਗ ਕੀਤੀ ਕਿ ਭਾਰਤ ਨੂੰ ਡਬਲਯੂਟੀਓ ’ਚ ਬਾਹਰ ਆਉਣਾ ਚਾਹੀਦਾ ਹੈ। ਇਸ ਮੌਕੇ ਕਿਸਾਨ ਗੁਰਤੇਜ ਸਿੰਘ ਔਲਖ, ਸੁਰਜਨ ਸਿੰਘ ਅਤੇ ਮੋਹਨਜੀਤ ਸਿੰਘ ਨੇ ਕਿਹਾ ਕਿ ਖੇਤੀ ਸੰਕਟ ਕਾਰਨ ਕਿਸਾਨੀ ਦਾ ਕਰਜ਼ਾ ਲਗਾਤਾਰ ਵੱਧਦਾ ਜਾ ਰਿਹਾ ਹੈ, ਜਦੋਂ ਕਿ ਕਰਜ਼ੇ ਦੀ ਮੁਆਫ਼ੀ ਸਿਰਫ਼ ਵੱਡੇ ਸਨਅਤਕਾਰਾਂ ਦੀ ਕੀਤੀ ਗਈ ਹੈ।

ਕਿਸਾਨਾਂ ਵੱਲੋਂ ਜਗਰਾਉਂ, ਸਿੱਧਵਾਂ ਬੇਟ ਸਣੇ ਚੌਕੀਮਾਨ ਟੌਲ ’ਤੇ ਵੀ ਰੋਸ ਮਾਰਚ

ਜਗਰਾਉਂ ਹਾਈਵੇਅ ’ਤੇ ਟਰੈਕਟਰ ਖੜ੍ਹੇ ਕਰ ਕੇ ਰੋਸ ਪ੍ਰਗਟਾਉਂਦੇ ਹੋਏ ਕਿਸਾਨ।

ਜਗਰਾਉਂ (ਜਸਬੀਰ ਸਿੰਘ ਸ਼ੇਤਰਾ): ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ’ਤੇ ਅੱਜ ਇਥੇ ਜਗਰਾਉਂ ਅਤੇ ਸਿੱਧਵਾਂ ਬੇਟ ਵਿਖੇ ਕਿਸਾਨਾਂ ਨੇ ਮੁੱਖ ਮਾਰਗਾਂ ’ਤੇ ਟਰੈਕਟਰ ਖੜ੍ਹੇ ਕਰ ਕੇ ਰੋਸ ਪ੍ਰਗਟਾਵਾ ਕੀਤਾ। ਬੀਕੇਯੂ ਏਕਤਾ (ਡਕੌਂਦਾ-ਧਨੇਰ) ਦੀ ਅਗਵਾਈ ਹੇਠ ਨਾਨਕਸਰ ਨੇੜੇ ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ’ਤੇ ਜਦਕਿ ਬੀਕੇਯੂ ਏਕਤਾ (ਡਕੌਂਦਾ-ਬੁਰਜਗਿੱਲ) ਨੇ ਸਿੱਧਵਾਂ ਬੇਟ ਮੁੱਖ ਬਾਜ਼ਾਰ ’ਚ ਟਰੈਕਟਰ ਮਾਰਚ ਕੱਢਣ ਤੋਂ ਬਾਅਦ ਸੜਕਾਂ ਕੰਢੇ ਟਰੈਕਟਰ ਖੜ੍ਹੇ ਕਰ ਕੇ ਡਬਲਿਊਟੀਓ ਅਤੇ ਮੋਦੀ ਹਕੂਮਤ ਦੀਆਂ ਕਿਸਾਨ ਵਿਰੋਧੀ ਨੀਤੀਆਂ ਖ਼ਿਲਾਫ਼ ਰੋਸ ਦਰਜ ਕਰਵਾਇਆ। ਇਸ ’ਚ ਭਾਰਤੀ ਕਿਸਾਨ ਯੂਨੀਅਨ (ਲੱਖੋਵਾਲ) ਦੇ ਕਿਸਾਨ ਨੁਮਾਇੰਦੇ ਵੀ ਸ਼ਾਮਲ ਹੋਏ। ਇਨ੍ਹਾਂ ਰੋਸ ਵਿਖਾਵਿਆਂ ’ਚ ਜ਼ਿਲ੍ਹਾ ਪ੍ਰਧਾਨ ਜਗਤਾਰ ਸਿੰਘ ਦੇਹੜਕਾ, ਜ਼ਿਲ੍ਹਾ ਪ੍ਰਧਾਨ ਮਹਿੰਦਰ ਸਿੰਘ ਕਮਾਲਪੁਰਾ, ਜੋਗਿੰਦਰ ਸਿੰਘ ਢਿੱਲੋਂ, ਇੰਦਰਜੀਤ ਧਾਲੀਵਾਲ, ਬਚਿੱਤਰ ਸਿੰਘ ਜਨੇਤਪੁਰਾ, ਅਵਤਾਰ ਸਿੰਘ ਸਿੱਧਵਾਂ ਬੇਟ, ਹਰਜੀਤ ਸਿੰਘ, ਰਵਿੰਦਰ ਸਿੰਘ ਸੋਢੀਵਾਲ, ਤਰਸੇਮ ਸਿੰਘ ਬੱਸੂਵਾਲ, ਸੁਰਜੀਤ ਦੌਧਰ, ਤਾਰਾ ਸਿੰਘ ਅੱਚਰਵਾਲ ਆਦਿ ਨੇ ਇਕੱਤਰਤਾ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਸੰਸਾਰ ਵਪਾਰ ਸੰਸਥਾ ਵਲੋਂ ਦੁਨੀਆਂ ਭਰ ਦੇ ਗਰੀਬ ਤੇ ਪੱਛੜੇ ਮੁਲਕਾਂ ਦੇ ਗਲ਼ ਫਾਹਾ ਪਾਇਆ ਜਾ ਰਿਹਾ ਹੈ ਜਿਸ ਕਾਰਨ ਦੁਨੀਆਂ ਭਰ ’ਚ ਹੀ ਇਸ ਖ਼ਿਲਾਫ਼ ਰੋਸ ਵਿਖਾਵੇ ਹੋ ਰਹੇ ਹਨ। ਵੱਡੀਆਂ ਸਾਮਰਾਜੀ ਧੜਵੈਲ ਕੰਪਨੀਆਂ ਦੇ ਇਸ਼ਾਰੇ ’ਤੇ ਚੱਲਦੀਆਂ ਪੱਛਮੀ ਦੇਸ਼ਾਂ ਦੀਆਂ ਸੱਤ ਵੱਡੀਆਂ ਸ਼ਕਤੀਆਂ ਨੇ ਕੁੱਲ ਸੰਸਾਰ ਦੀ ਪੈਦਾਵਾਰ ਤੇ ਕਿਰਤ ਸ਼ਕਤੀ ਨੂੰ ਆਪਣੇ ਮੁਨਾਫ਼ੇ ਲਈ ਕਬਜ਼ੇ ’ਚ ਕਰਨ ਹਿੱਤ ਇਸ ਲੁਟੇਰੀ ਸੰਸਥਾ ਦਾ ਨਿਰਮਾਣ ਕੀਤਾ ਸੀ। ਸਾਂਝੇ ਫੋਰਮ ਦੇ ਸੱਦੇ ’ਤੇ ਲੁਧਿਆਣਾ-ਫਿਰੋਜ਼ਪੁਰ ਮੁੱਖ ਮਾਰਗ ਸਥਿਤ ਚੌਕੀਮਾਨ ਟੌਲ ’ਤੇ ਅੱਜ ਦਸਮੇਸ਼ ਕਿਸਾਨ ਮਜ਼ਦੂਰ ਯੂਨੀਅਨ ਦੀ ਅਗਵਾਈ ਹੇਠ ਵਿਸ਼ਵ ਵਪਾਰ ਸੰਸਥਾ ਦਾ ਪੁਤਲਾ ਫੂਕਿਆ ਗਿਆ। ਇਸ ਤੋਂ ਇਲਾਵਾ ਖਨੌਰੀ ਬਾਰਡਰ ਉੱਪਰ ਗੋਲੀਆਂ ਨਾਲ ਸ਼ਹੀਦ ਕੀਤੇ ਸ਼ੁਭਕਰਨ ਸਿੰਘ ਬੱਲੋ ਦੀ ਮੌਤ ਦੇ ਰੋਸ ਅਤੇ ਬਾਰਡਰਾਂ ’ਤੇ ਸ਼ਹੀਦ ਹੋਰਨਾਂ ਕਿਸਾਨਾਂ ਦੇ ਰੋਸ ਵਜੋਂ ਮੋਦੀ ਤੇ ਖੱਟਰ ਹਕੂਮਤ ਦੇ ਵੀ ਪੁਤਲੇ ਫੂਕੇ ਗਏ। ਇਸ ਮੌਕੇ ਇਕ ਰੋਹ ਭਰਪੂਰ ਰੈਲੀ ਹੋਈ ਜਿਸ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਪ੍ਰਧਾਨ ਗੁਰਦਿਆਲ ਸਿੰਘ ਤਲਵੰਡੀ, ਸਕੱਤਰ ਜਸਦੇਵ ਸਿੰਘ ਲਲਤੋਂ, ਮੀਤ ਪ੍ਰਧਾਨ ਬਲਜੀਤ ਸਿੰਘ ਸਵੱਦੀ, ਅਮਰੀਕ ਸਿੰਘ ਤਲਵੰਡੀ, ਰਣਜੀਤ ਸਿੰਘ ਗੁੜੇ, ਡਾ. ਗੁਰਮੇਲ ਸਿੰਘ ਕੁਲਾਰ, ਗੁਰਮੇਲ ਸਿੰਘ ਢੱਟ, ਗੁਰਸੇਵਕ ਸਿੰਘ ਸੋਨੀ ਸਵੱਦੀ, ਜਰਨੈਲ ਸਿੰਘ ਮੁੱਲਾਂਪੁਰ, ਕਾਲਾ ਡੱਬ ਮੁੱਲਾਂਪੁਰ, ਅਵਤਾਰ ਸਿੰਘ ਬਿੱਲੂ ਵਲੈਤੀਆ, ਡਾ. ਗੁਰਮੇਲ ਸਿੰਘ ਗੁੜੇ ਨੇ ਸੰਬੋਧਨ ਕੀਤਾ।

Advertisement
×