ਪੰਜਾਬ ਵਿੱਚ ਮੌਨਸੂਨ ਸੀਜ਼ਨ ਦੌਰਾਨ ਪਏ ਭਾਰੀ ਮੀਂਹਾਂ ਕਾਰਨ ਝੰਬੀ ਗਈ ਝੋਨੇ ਦੀ ਫਸਲ ਦਾ ਝਾੜ ਕਿਸਾਨਾਂ ਦੀ ਆਸ ਮੁਤਾਬਕ ਨਹੀਂ ਨਿਕਲ ਰਿਹਾ ਸੀ। ਮਾਛੀਵਾੜਾ ਮੰਡੀ ਵਿੱਚ ਆਪਣੀ ਫਸਲ ਵੇਚਣ ਆਏ ਕਿਸਾਨ ਮਾਯੂਸ ਦਿਖਾਈ ਦੇ ਰਹੇ ਹਨ ਕਿਉਂਕਿ ਫਸਲ ਦਾ ਝਾੜ 35 ਕੁਇੰਟਲ ਦੀ ਬਜਾਏ 20 ਤੋਂ 25 ਕੁਇੰਟਲ ਵੀ ਨਿਕਲ ਰਿਹਾ ਹੈ। ਮਾਛੀਵਾੜਾ ਨੇੜੇ ਵਹਿੰਦੇ ਸਤਲੁਜ ਦਰਿਆ ਵਿੱਚ ਹੜ੍ਹ ਆਉਣ ਕਾਰਨ ਜਿੱਥੇ ਦਰਿਆ ਵਿਚਲੀ ਜ਼ਮੀਨ ਅਤੇ ਕਿਸਾਨਾਂ ਦੀ ਫਸਲ ਰੁੜ੍ਹ ਗਈ, ਉੱਥੇ ਬੇਟ ਇਲਾਕੇ ਦੀ ਸਾਰੀ ਝੋਨੇ ਦੀ ਫਸਲ ਮੀਂਹਾਂ ਕਾਰਨ ਪੀਲੀ ਹਲਦੀ ਤੇ ਬੌਣੇ ਵਾਇਰਸ ਦੀ ਲਪੇਟ ਵਿੱਚ ਆ ਗਈ। ਹੁਣ ਜਦੋਂ ਕਿਸਾਨ ਫਸਲ ਵੱਢ ਕੇ ਮੰਡੀ ਵਿੱਚ ਲੈ ਕੇ ਆ ਰਹੇ ਹਨ ਤਾਂ ਪਿਛਲੇ ਸਾਲ ਝੋਨੇ ਦਾ ਝਾੜ ਜਿੱਥੇ 35 ਕੁਇੰਟਲ ਪ੍ਰਤੀ ਏਕੜ ਰਿਹਾ ਉਹ ਘੱਟ ਕੇ 20 ਤੋਂ 25 ਕੁਇੰਟਲ ਨਿਕਲ ਰਿਹਾ ਹੈ ਜਿਸ ਕਾਰਨ ਕਿਸਾਨਾਂ ਦਾ 20 ਤੋਂ 25 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਨੁਕਸਾਨ ਹੋ ਰਿਹਾ ਹੈ। ਮੰਡੀ ਵਿੱਚ ਫ਼ਸਲ ਆਏ ਕਿਸਾਨ ਨੇ ਦੱਸਿਆ ਕਿ ਇਸ ਸਾਲ ਪਹਿਲਾਂ ਕਣਕ ਦੀ ਫਸਲ ਦਾ ਝਾੜ ਘੱਟ ਨਿਕਲਿਆ, ਫਿਰ ਮੱਕੀ ਦੀ ਫਸਲ ਵੀ ਮੀਂਹਾਂ ਦੀ ਮਾਰ ਹੇਠ ਆਈ ਤੇ ਘੱਟ ਝਾੜ ਨਿਕਲਿਆ ਹੁਣ ਝੋਨੇ ਦੀ ਫਸਲ ਹੜ੍ਹਾਂ ਤੇ ਬਿਮਾਰੀਆਂ ਦੀ ਲਪੇਟ ਵਿੱਚ ਆਉਣ ਕਾਰਨ ਇਸਦਾ ਬੇਹੱਦ ਘੱਟ ਝਾੜ ਨਿਕਲਣ ਕਾਰਨ ਉਨ੍ਹਾਂ ਦਾ ਲੱਕ ਹੀ ਟੁੱਟ ਗਿਆ ਹੈ। ਕਿਸਾਨਾਂ ਨੇ ਕਿਹਾ ਕਿ ਇਹ ਵਰ੍ਹਾ ਕਿਸਾਨੀ ਲਈ ਬੇਹੱਦ ਘਾਟੇ ਵਾਲਾ ਰਿਹਾ ਅਤੇ ਉਹ ਸਰਕਾਰ ਤੋਂ ਮੰਗ ਕਰਦੇ ਹਨ ਕਿ ਉਹ ਸਾਨੂੰ ਮੁਆਵਜ਼ਾ ਦੇਵੇ।
ਝੋਨੇ ਦੀ ਫਸਲ ਮੰਡੀ ’ਚ ਲਿਆਉਣ ਦੀ ਬਜਾਏ ਖੇਤਾਂ ਵਿੱਚ ਹੀ ਵਾਹ ਦਿੱਤੀ
ਮਾਛੀਵਾੜਾ ਇਲਾਕੇ ਵਿੱਚ ਬੌਣੇ ਵਾਈਰਸ ਦੀ ਲਪੇਟ ਵਿੱਚ ਆਈ ਝੋਨੇ ਦੀ ਫਸਲ ਨੂੰ ਹੁਣ ਤੱਕ ਕਈ ਕਿਸਾਨ ਵਾਹ ਚੁੱਕੇ ਹਨ ਕਿਉਂਕਿ ਫ਼ਸਲ ਦਾ ਸਿੱਟਾ ਹੀ ਬਾਹਰ ਨਹੀਂ ਨਿਕਲਿਆ। ਅੱਜ ਜਦੋਂ ਕਿਸਾਨ ਝੋਨੇ ਦੀ ਫਸਲ ਵੱਢ ਕੇ ਮੰਡੀ ਲਿਆ ਰਹੇ ਹਨ, ਉੱਥੇ ਦੂਜੇ ਪਾਸੇ ਪਿੰਡ ਗੜ੍ਹੀ ਬੇਟ ਦੇ ਕਿਸਾਨ ਗੁਰਮੇਲ ਸਿੰਘ, ਸਦਬਲਿਹਾਰ ਸਿੰਘ, ਜਗਪਾਲ ਸਿੰਘ, ਭਜਨ ਸਿੰਘ, ਅਮਰੀਕ ਸਿੰਘ, ਨਿਰਮਲ ਕੌਰ ਤੇ ਪਰਮਵੀਰ ਸਿੰਘ ਨੇ ਕਰੀਬ 20 ਏਕੜ ਫਸਲ ਝੋਨੇ ਦੀ ਫਸਲ ਖੇਤਾਂ ਵਿੱਚ ਹੀ ਵਾਹ ਦਿੱਤੀ ਕਿਉਂਕਿ ਇਸ ਦਾ ਸਿੱਟਾ ਹੀ ਬਾਹਰ ਨਹੀਂ ਨਿਕਲਿਆ। ਜਾਣਕਾਰੀ ਅਨੁਸਾਰ ਹੁਣ ਤੱਕ ਮਾਛੀਵਾੜਾ ਇਲਾਕੇ ਵਿਚ ਸੈਂਕੜੇ ਏਕੜ ਫਸਲ ਬੌਣੇ ਵਾਈਰਸ ਕਾਰਨ ਖੇਤਾਂ ਵਿਚ ਵਾਹੀ ਜਾ ਚੁੱਕੀ ਹੈੈ ਪਰ ਸਰਕਾਰ ਵਲੋਂ ਅਜਿਹੇ ਪੀੜਤ ਕਿਸਾਨਾਂ ਨੂੰ ਹਾਲੇ ਤੱਕ ਕੋਈ ਮੁਆਵਜ਼ਾ ਐਲਾਨ ਨਹੀਂ ਕੀਤਾ। ਉਨ੍ਹਾਂ ਕਿਹਾ, ‘‘ਸਾਡੀਆਂ ਫਸਲਾਂ ਵੀ ਮੀਂਹਾਂ ਅਤੇ ਬਿਮਾਰੀਆਂ ਕਾਰਨ ਖਤਮ ਹੋ ਗਈਆਂ ਹਨ ਇਸ ਲਈ ਸਰਕਾਰ ਸਾਨੂੰ ਵੀ ਗਿਰਦਾਵਰੀ ਕਰਵਾ ਕੇ ਤੁਰੰਤ ਮੁਆਵਜਾ ਦੇਵੇ।’’
Advertisement
Advertisement
Advertisement
×