ਇਥੋਂ ਦੀ ਅਨਾਜ ਮੰਡੀ ਵਿੱਚ ਬਾਸਮਤੀ 1509 ਦੀ ਆਮਦ ਜ਼ੋਰਾਂ ’ਤੇ ਹੈ ਤੇ ਪ੍ਰਾਈਵੇਟ ਵਪਾਰੀ ਫ਼ਸਲ ਦੀ ਖ਼ਰੀਦ ਕਰ ਰਹੇ ਹਨ। ਪਰ ਇਸ ਵਾਰ ਝਾੜ ਘੱਟ ਨਿਕਲਣ ਕਾਰਨ ਕਿਸਾਨ ਨਿਰਾਸ਼ ਹਨ। ਮਾਛੀਵਾੜਾ ਮੰਡੀ ਵਿੱਚ ਹੁਣ ਤੱਕ ਕਰੀਬ 18 ਹਜ਼ਾਰ ਕੁਇੰਟਲ ਤੋਂ ਵੱਧ ਬਾਸਮਤੀ ਦੀ ਖ਼ਰੀਦ ਹੋ ਚੁੱਕੀ ਹੈ। ਕਿਸਾਨ ਨੂੰ ਫ਼ਸਲ ਦਾ ਭਾਅ 2900 ਤੋਂ 3200 ਰੁਪਏ ਪ੍ਰਤੀ ਕੁਇੰਟਲ ਤੱਕ ਮਿਲ ਰਿਹਾ ਹੈ। ਪਿਛਲੇ ਦਿਨੀਂ ਪਏ ਮੀਂਹਾਂ ਅਤੇ ਹੜ੍ਹਾਂ ਕਾਰਨ ਫ਼ਸਲ ਦਾ ਝਾੜ ਘੱਟ ਨਿਕਲ ਰਿਹਾ ਹੈ।
ਮੰਡੀ ਵਿੱਚ ਫ਼ਸਲ ਵੇਚਣ ਆਏ ਕਿਸਾਨਾਂ ਨੇ ਦੱਸਿਆ ਕਿ ਪਿਛਲੇ ਸਾਲ ਬਾਸਮਤੀ 1509 ਦਾ ਝਾੜ ਘੱਟੋ-ਘੱਟ 25 ਕੁਇੰਟਲ ਪ੍ਰਤੀ ਏਕੜ ਸੀ ਪਰ ਇਸ ਵਾਰ ਭਾਰੀ ਮੀਂਹਾਂ ਕਾਰਨ ਇਹ ਝਾੜ ਬਹੁਤ ਘੱਟ ਗਿਆ ਅਤੇ ਔਸਤਨ 14 ਤੋਂ 15 ਕੁਇੰਟਲ ਪ੍ਰਤੀ ਏਕੜ ਨਿਕਲ ਰਿਹਾ ਹੈ ਜਿਸ ਨਾਲ ਕਿਸਾਨਾਂ ਦਾ ਵੱਡਾ ਆਰਥਿਕ ਨੁਕਸਾਨ ਹੋਇਆ ਹੈ। ਕਿਸਾਨਾਂ ਅਨੁਸਾਰ ਉਨ੍ਹਾਂ ਦਾ ਭਾਰੀ ਮੀਂਹਾਂ ਕਾਰਨ 30 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਨੁਕਸਾਨ ਹੋਇਆ ਹੈ ਪਰ ਸਰਕਾਰ ਵਲੋਂ ਬਾਸਮਤੀ ਦੀ ਕਾਸ਼ਤ ਕਰਨ ਵਾਲੇ ਕਿਸਾਨਾਂ ਨੂੰ ਹੜ੍ਹਾਂ ਦੀ ਸਥਿਤੀ ਵਿਚ ਕੋਈ ਵੀ ਰਾਹਤ ਦੇਣ ਦਾ ਐਲਾਨ ਨਹੀਂ ਕੀਤਾ ਗਿਆ। ਦੂਸਰੇ ਪਾਸੇ ਸਰਕਾਰ ਵਲੋਂ ਨਿਰਦੇਸ਼ ਹਨ ਕਿ ਇਸ ਵਾਰ ਝੋਨੇ ਦੀ ਫਸਲ ਖਰੀਦ 1 ਅਕਤੂਬਰ ਦੀ ਬਜਾਏ 15 ਸਤੰਬਰ ਤੋਂ ਸ਼ੁਰੂ ਕੀਤੀ ਜਾਵੇ ਪਰ ਮਾਛੀਵਾੜਾ ਮੰਡੀ ਵਿਚ ਸਰਕਾਰੀ ਖਰੀਦ ਸ਼ੁਰੂ ਨਾ ਹੋ ਸਕੀ। ਮਾਛੀਵਾੜਾ ਅਨਾਜ ਮੰਡੀ ਵਿਚ ਆਮ ਝੋਨੇ ਦੀ ਫਸਲ ਦੀ ਆਮਦ ਅਜੇ ਬਹੁਤ ਘੱਟ ਹੈ ਅਤੇ ਜਾਣਕਾਰੀ ਅਨੁਸਾਰ ਅਜੇ 4-5 ਕਿਸਾਨ ਹੀ ਇਹ ਫਸਲ ਲੈ ਕੇ ਮੰਡੀ ਵਿਚ ਆਏ ਹਨ। ਖਰੀਦ ਏਜੰਸੀਆਂ ਅਨੁਸਾਰ ਝੋਨੇ ਦੀ ਫਸਲ ਬੇਸ਼ੱਕ ਮੰਡੀ ਵਿਚ ਆਉਣੀ ਸ਼ੁਰੂ ਹੋਈ ਹੈ ਪਰ ਉਸ ਵਿਚ ਨਮੀ ਦੀ ਮਾਤਰਾ ਜਿਆਦਾ ਹੋਣ ਕਾਰਨ ਸਰਕਾਰੀ ਖਰੀਦ ਸੰਭਵ ਨਾ ਹੋ ਸਕੀ। 20 ਸਤੰਬਰ ਤੋਂ ਬਾਅਦ ਮਾਛੀਵਾੜਾ ਮੰਡੀ ਵਿਚ ਝੋਨੇ ਦੀ ਆਮਦ ਤੇਜ਼ੀ ਫੜ੍ਹ ਲਵੇਗੀ ਜਿਸ ਤੋਂ ਬਾਅਦ ਹੀ ਸਰਕਾਰੀ ਖਰੀਦ ਸ਼ੁਰੂ ਹੋ ਸਕੇਗੀ।
ਮਾਰਕੀਟ ਕਮੇਟੀ ਵਲੋਂ ਖਰੀਦ ਦੇ ਪੁਖਤਾ ਪ੍ਰਬੰਧ: ਚੇਅਰਮੈਨ
ਮਾਛੀਵਾੜਾ ਮਾਰਕੀਟ ਕਮੇਟੀ ਦੇ ਚੇਅਰਮੈਨ ਸੁਖਵਿੰਦਰ ਸਿੰਘ ਗਿੱਲ ਨੇ ਕਿਹਾ ਕਿ ਝੋਨੇ ਦੀ ਸਰਕਾਰੀ ਖਰੀਦ ਸਬੰਧੀ ਮਾਰਕੀਟ ਕਮੇਟੀ ਵਲੋਂ ਅਨਾਜ ਮੰਡੀ ਵਿੱਚ ਖਰੀਦ ਦੇ ਪੁਖਤਾ ਪ੍ਰਬੰਧ ਕਰ ਲਏ ਹਨ। ਉਨ੍ਹਾਂ ਕਿਹਾ ਕਿ ਮਾਛੀਵਾੜਾ ਅਨਾਜ ਮੰਡੀ ਵਿਚ ਸਫ਼ਾਈ ਦਾ ਕੰਮ ਜ਼ੋਰਾਂ ’ਤੇ ਚੱਲ ਰਿਹਾ ਹੈ। ਇਸ ਤੋਂ ਇਲਾਵਾ ਉਪ ਖਰੀਦ ਕੇਂਦਰ ਲੱਖੋਵਾਲ ਕਲਾਂ, ਸ਼ੇਰਪੁਰ ਬੇਟ, ਬੁਰਜ ਪਵਾਤ ਤੇ ਹੇਡੋਂ ਬੇਟ ਵਿਖੇ ਝੋਨੇ ਦੀ ਆਮਦ ਤੋਂ ਪਹਿਲਾਂ ਸਫ਼ਾਈ ਦਾ ਕੰਮ ਮੁਕੰਮਲ ਕਰ ਲਿਆ ਜਾਵੇਗਾ। ਚੇਅਰਮੈਨ ਗਿੱਲ ਨੇ ਦੱਸਿਆ ਕਿ ਫਿਲਹਾਲ ਬਾਸਮਤੀ ਦੀ ਫਸਲ ਆ ਰਹੀ ਹੈ ਪਰ ਝੋਨੇ ਦੀ ਫਸਲ ਜਦੋਂ ਪੂਰੀ ਤਰ੍ਹਾਂ ਸੁੱਕੀ ਆਉਣ ਲੱਗ ਜਾਵੇਗੀ ਤਾਂ ਸਰਕਾਰੀ ਖਰੀਦ ਦਾ ਕੰਮ ਤੁਰੰਤ ਸ਼ੁਰੂ ਹੋ ਜਾਵੇਗਾ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੰਡੀ ਵਿਚ ਫਸਲ ਚੰਗੀ ਤਰ੍ਹਾਂ ਸੁਕਾ ਕੇ ਹੀ ਲਿਆਉਣ।