ਕਿਸਾਨਾਂ ਤੇ ਮਜ਼ਦੂਰਾਂ ਨੇ ਲਾਡੋਵਾਲ ਟੌਲ ਪਲਾਜ਼ਾ ਪਰਚੀ ਮੁਕਤ ਕੀਤਾ
ਐੱਸਡੀਐੱਮ ਵੱਲੋਂ ਮੰਗਾਂ ਮੰਨਣ ਦੇ ਭਰੋਸੇ ਮਗਰੋਂ ਧਰਨਾ ਚੁੱਕਿਆ
ਮੰਗਲੀ ਤੋਂ ਲਾਡੋਵਾਲ ਤੱਕ ਖਸਤਾ ਹਾਲ ਸੜਕ ਦੀ ਮੁਰੰਮਤ ਦੀ ਮੰਗ
ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਵੱਲੋਂ ਪੰਜਾਬ ਦਾ ਸਭ ਤੋਂ ਮਹਿੰਗਾ ਲਾਡੋਵਾਲ ਟੌਲ ਪਲਾਜ਼ਾ ਅੱਜ ਇੱਕ ਘੰਟੇ ਲਈ ਪਰਚੀ ਮੁਕਤ ਕੀਤਾ ਗਿਆ ਤੇ ਸੈਂਕੜੇ ਵਾਹਨ ਬਿਨਾਂ ਟੌਲ ਅਦਾ ਕੀਤੇ ਲੰਘਾਏ ਗਏ। ਪ੍ਰਧਾਨ ਦਿਲਬਾਗ ਸਿੰਘ ਗਿੱਲ ਦੀ ਅਗਵਾਈ ਹੇਠ ਕਿਸਾਨਾਂ ਅਤੇ ਮਜ਼ਦੂਰਾਂ ਨੇ ਦੁਪਹਿਰ ਡੇਢ ਵਜੇ ਦੇ ਕਰੀਬ ਲਾਡੋਵਾਲ ਟੌਲ ਪਲਾਜ਼ਾ ਦੀ ਘੇਰਾਬੰਦੀ ਕਰਕੇ ਸਾਰੇ ਬੈਰੀਅਰ ਹਟਾ ਦਿੱਤੇ ਅਤੇ ਪ੍ਰਬੰਧਕਾਂ ਖ਼ਿਲਾਫ਼ ਜ਼ੋਰਦਾਰ ਨਾਅਰੇਬਾਜ਼ੀ ਕੀਤੀ।
ਇਸ ਮੌਕੇ ਮੁਜ਼ਾਹਰਾਕਾਰੀ ਮੰਗ ਕਰ ਰਹੇ ਸਨ ਕਿ ਰਾਹੋਂ ਰੋਡ ਸਥਿਤ ਮੰਗਲੀ ਤੋਂ ਲਾਡੋਵਾਲ ਤੱਕ ਸੜਕ ਦੀ ਬਹੁਤ ਹੀ ਮੰਦੀ ਹਾਲਤ ਹੈ ਅਤੇ ਅਥਾਰਟੀ ਵੱਲੋਂ ਇਸਦੀ ਸਾਰ ਨਹੀਂ ਲਈ ਜਾ ਰਹੀ ਜਿਸ ਕਾਰਨ ਲੋਕ ਦੁਖੀ ਅਤੇ ਪ੍ਰੇਸ਼ਾਨ ਹਨ।
ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਦੇ ਵਰਕਰਾਂ ਨੇ ਟੌਲ ਪਲਾਜ਼ਾ ਵਿੱਚ ਧਰਨਾ ਵੀ ਦਿੱਤਾ। ਇਸ ਮੌਕੇ ਟੌਲ ਪਲਾਜ਼ਾ ਦੇ ਮੈਨੇਜਰ ਵਿਪਨ ਕੁਮਾਰ ਨੇ ਧਰਨਾਕਾਰੀਆਂ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕੀਤੀ ਪਰ ਉਨ੍ਹਾਂ ਪ੍ਰਸ਼ਾਸਨ ਨਾਲ ਗੱਲਬਾਤ ਕਰਨ ਦੀ ਮੰਗ ਕੀਤੀ ਜਿਸ ’ਤੇ ਐਸਡੀਐਮ ਜਸਲੀਨ ਕੌਰ ਅਤੇ ਏਸੀਪੀ ਹਰਪਾਲ ਸਿੰਘ ਮੌਕੇ ’ਤੇ ਪੁੱਜੇ। ਪ੍ਰਧਾਨ ਦਿਲਬਾਗ ਸਿੰਘ ਗਿੱਲ ਦੀ ਅਗਵਾਈ ਹੇਠ ਵਫ਼ਦ ਨੇ ਅਧਿਕਾਰੀਆਂ ਨੂੰ ਰਾਹੋਂ ਰੋਡ ਅਤੇ ਖ਼ਾਸ ਕਰਕੇ ਮੰਗਲੀ ਤੋਂ ਲਾਡੋਵਾਲ ਤੱਕ ਸੜਕ ਦੀ ਮੰਦੀ ਹਾਲਤ ਬਾਰੇ ਜਾਣਕਾਰੀ ਦਿੱਤੀ। ਉਨ੍ਹਾਂ ਦੱਸਿਆ ਕਿ ਰੋਜ਼ਾਨਾ ਹਜ਼ਾਰਾਂ ਲੋਕ ਕਰੋੜਾਂ ਰੁਪਏ ਦਾ ਟੌਲ ਟੈਕਸ ਅਦਾ ਕਰਦੇ ਹਨ ਪਰ ਉਨ੍ਹਾਂ ਨੂੰ ਕੋਈ ਸਹੂਲਤਾਂ ਨਹੀਂ ਮਿਲਦੀਆਂ।
ਛੇਤੀ ਸ਼ੁਰੂ ਹੋਵੇਗਾ ਸੜਕ ਦੀ ਮੁਰੰਮਤ ਦਾ ਕੰਮ: ਐੱਸ ਡੀ ਐੱਮ
ਐੱਸਡੀਐੱਮ ਨੇ ਵਫ਼ਦ ਨੂੰ ਭਰੋਸਾ ਦਿੱਤਾ ਕਿ ਟੁੱਟੀਆਂ ਸੜਕਾਂ ਦੀ ਮੁਰੰਮਤ ਦਾ ਕੰਮ ਭਲਕੇ ਤੋ ਸ਼ੁਰੂ ਕੀਤਾ ਜਾ ਰਿਹਾ ਹੈ। ਉਨ੍ਹਾਂ ਮੌਕੇ ਤੇ ਹੀ ਡਿਪਟੀ ਕਮਿਸ਼ਨਰ ਦੇ ਧਿਆਨ ਵਿੱਚ ਸਾਰਾ ਮਾਮਲਾ ਲਿਆਕੇ ਸਬੰਧਿਤ ਵਿਭਾਗ ਨੂੰ ਹਦਾਇਤਾਂ ਜਾਰੀ ਕੀਤੀਆਂ।