ਕਿਸਾਨ ਜਥੇਬੰਦੀਆਂ ਨੇ ਜ਼ਮੀਨ ’ਤੇ ਕਬਜ਼ਾ ਹੋਣੋ ਰੋਕਿਆ
ਨੇੜਲੇ ਪਿੰਡ ਈਸੇਵਾਲ ਵਿੱਚ ਕਿਸਾਨਾਂ ਦੀ ਜ਼ਮੀਨ ’ਤੇ ਇਕ ਵੱਡੀ ਕੰਪਨੀ ਦੇ ਕਬਜ਼ੇ ਦੀ ਕੋਸ਼ਿਸ਼ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਨਾਕਾਮ ਕਰ ਦਿੱਤੀ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਤੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਕਾਰਕੁਨਾਂ ਨਾਲ ਕੁਝ ਹੋਰ ਕਿਸਾਨ ਨੁਮਾਇੰਦੇ ਵੀ ਕਬਜ਼ਾ...
ਨੇੜਲੇ ਪਿੰਡ ਈਸੇਵਾਲ ਵਿੱਚ ਕਿਸਾਨਾਂ ਦੀ ਜ਼ਮੀਨ ’ਤੇ ਇਕ ਵੱਡੀ ਕੰਪਨੀ ਦੇ ਕਬਜ਼ੇ ਦੀ ਕੋਸ਼ਿਸ਼ ਵੱਖ-ਵੱਖ ਕਿਸਾਨ ਜਥੇਬੰਦੀਆਂ ਨੇ ਨਾਕਾਮ ਕਰ ਦਿੱਤੀ। ਭਾਰਤੀ ਕਿਸਾਨ ਯੂਨੀਅਨ (ਉਗਰਾਹਾਂ) ਤੇ ਭਾਰਤੀ ਕਿਸਾਨ ਯੂਨੀਅਨ (ਡਕੌਂਦਾ) ਦੇ ਕਾਰਕੁਨਾਂ ਨਾਲ ਕੁਝ ਹੋਰ ਕਿਸਾਨ ਨੁਮਾਇੰਦੇ ਵੀ ਕਬਜ਼ਾ ਰੁਕਵਾਉਣ ਲਈ ਪਹੁੰਚੇ ਹੋਏ ਸਨ। ਕਿਸਾਨ ਆਗੂਆਂ ਨੇ ਇਸ ਸਮੇਂ ਕਿਹਾ ਕਿ ਇਕ ਕੰਪਨੀ ਦਵਿੰਦਰ ਸਿੰਘ ਅਤੇ ਹੋਰ ਕਿਸਾਨਾਂ ਦੀ ਜ਼ਮੀਨ ’ਤੇ ਕਬਜ਼ਾ ਕਰਨ ਦੀ ਤਿਆਰੀ ਕਰਕੇ ਆਈ ਸੀ ਜਿਸ ਨੂੰ ਇਕਜੁੱਟ ਹੋ ਕੇ ਰੋਕਿਆ ਗਿਆ। ਕਿਸਾਨ ਆਗੂਆਂ ਬਲਵੰਤ ਸਿੰਘ ਘੁਡਾਣੀ, ਅਮਨਦੀਪ ਸਿੰਘ ਲਲਤੋਂ, ਜਸਵੰਤ ਸਿੰਘ ਭੱਟੀਆਂ ਤੇ ਹੋਰਨਾਂ ਨੇ ਕਿਹਾ ਕਿ ਕੰਪਨੀ ਦੀ ਇਸ ਥਾਂ ’ਤੇ ਬਹੁਮੰਜ਼ਿਲਾ ਪ੍ਰਾਜੈਕਟ ਦੀ ਉਸਾਰੀ ਦੀ ਯੋਜਨਾ ਹੈ। ਇਸੇ ਲਈ ਕੰਪਨੀ ਨੇ ਕੁਝ ਕਿਸਾਨਾਂ ਤੋਂ ਜ਼ਮੀਨ ਖਰੀਦੀ ਹੈ ਪਰ ਕਈ ਕਿਸਾਨ ਅਜਿਹੇ ਹਨ ਜਿਨ੍ਹਾਂ ਨੇ ਆਪਣੀ ਜ਼ਮੀਨ ਨਹੀਂ ਵੇਚੀ। ਡੀਐਸਪੀ ਦਾਖਾ ਵਰਿੰਦਰ ਸਿੰਘ ਖੋਸਾ ਤੋਂ ਇਲਾਵਾ ਤਹਿਸੀਲਦਾਰ ਵੀ ਮੌਕੇ ’ਤੇ ਪਹੁੰਚੇ ਹੋਏ ਸਨ। ਉਨ੍ਹਾਂ ਦੀ ਹਾਜ਼ਰੀ ਵਿੱਚ ਵਿਰੋਧ ਕਰ ਰਹੇ ਕਿਸਾਨਾਂ ਨਾਲ ਇਸ ਗੱਲ ’ਤੇ ਸਹਿਮਤੀ ਬਣੀ ਕਿ ਮੰਗਲਵਾਰ ਨੂੰ ਕੰਪਨੀ ਦੇ ਅਧਿਕਾਰੀ ਕਿਸਾਨਾਂ, ਪੁਲੀਸ ਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀਆਂ ਦੇ ਇਕੱਠ ਵਿੱਚ ਕੁੱਲ ਜ਼ਮੀਨ ਦੀ ਮਿਣਤੀ ਕਰਵਾਉਣਗੇ। ਜਿਹੜੇ ਕਿਸਾਨਾਂ ਨੇ ਜ਼ਮੀਨ ਨਹੀਂ ਵੇਚੀ ਉਨ੍ਹਾਂ ਦੀ ਜ਼ਮੀਨ ਪੂਰੀ ਕੀਤੀ ਜਾਵੇਗੀ। ਇਸ ਮੌਕੇ ਕਿਸਾਨ ਆਗੂ ਸਤਪਾਲ ਸਿੰਘ ਦਾਖਾ, ਮਨਜੀਤ ਸਿੰਘ ਈਸੇਵਾਲ, ਰਣਬੀਰ ਸਿੰਘ ਰੁੜਕਾ, ਮਨੋਹਰ ਸਿੰਘ ਕਲਾਹੜ, ਯੁਵਰਾਜ ਸਿੰਘ ਘੁਡਾਣੀ, ਤੀਰਥ ਸਿੰਘ ਤਲਵੰਡੀ, ਰਛਪਾਲ ਸਿੰਘ ਭਨੋਹੜ, ਪਰਮਜੀਤ ਸਿੰਘ, ਸਤਪਾਲ ਸਿੰਘ ਪੱਤੀ ਮੁਲਤਾਨੀ, ਦੇਵਿੰਦਰ ਸਿੰਘ ਮਲਸੀਹਾਂ, ਇਕਬਾਲ ਸਿੰਘ ਮੌਜੂਦ ਸਨ।