ਕਿਸਾਨ ਆਗੂਆਂ ਨੇ ਮੀਟਿੰਗ ਦੌਰਾਨ ਮਸਲੇ ਵਿਚਾਰੇ
ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਬਲਾਕ ਮਲੌਦ ਦੀ ਮੀਟਿੰਗ ਪਿੰਡ ਸਿਹੋੜਾ ਵਿੱਚ ਬਲਾਕ ਪ੍ਰਧਾਨ ਦਵਿੰਦਰ ਸਿੰਘ ਰਾਜੂ ਸਿਰਥਲਾ ਦੀ ਪ੍ਰਧਾਨਗੀ ਹੇਠ ਅਤੇ ਜ਼ਿਲ੍ਹਾ ਆਗੂ ਬਲਵੰਤ ਸਿੰਘ ਘੁਡਾਣੀ ਦੀ ਦੇਖ-ਰੇਖ ਹੇਠ ਹੋਈ। ਇਸ ਵਿੱਚ ਮੀਟਿੰਗ ਰਾਜਿੰਦਰ ਸਿੰਘ ਸਿਆੜ, ਮਨੋਹਰ ਸਿੰਘ ਕਲਾੜ, ਨਾਜਰ ਸਿੰਘ ਸਿਆੜ, ਧਰਮ ਸਿੰਘ ਮਾਲੋ ਦੌਦ, ਰਾਜਪਾਲ ਸਿੰਘ ਦੁਧਾਲ ਅਤੇ ਕਿਰਨਜੀਤ ਸਿੰਘ ਪੰਧੇਰ ਖੇੜੀ ਨੇ ਕਿਸਾਨੀ ਦੇ ਅਹਿਮ ਮੁੱਦਿਆਂ ਤੇ ਵਿਚਾਰਾਂ ਕੀਤੀਆਂ। ਵੱਖ-ਵੱਖ ਬੁਲਾਰਿਆਂ ਨੇ ਪੰਜਾਬ ਸਰਕਾਰ ਵੱਲੋਂ ਲਿਆਂਦੀ ਲੈਂਡ ਪੂਲਿੰਗ ਨੀਤੀ ਦੀ ਜ਼ੋਰਦਾਰ ਸ਼ਬਦਾਂ ਵਿੱਚ ਨਿਖੇਧੀ ਕੀਤੀ ਤੇ ਵਿਸਥਾਰ ਵਿੱਚ ਦੱਸਿਆ ਕਿ ਕਿਵੇਂ ਸਰਕਾਰਾਂ ਕਿਸਾਨਾਂ ਤੋਂ ਜ਼ਮੀਨਾਂ ਖੋਹ ਕੇ ਕਾਰਪੋਰੇਟ ਘਰਾਣਿਆਂ ਦੇ ਹਵਾਲੇ ਕਰਨ ਲਈ ਕਾਹਲੀਆਂ ਹਨ, ਕਿਵੇਂ ਸਰਕਾਰਾਂ ਬਿਨਾਂ ਕੋਈ ਮੁਆਵਜ਼ਾ ਦਿੱਤੇ ਜ਼ਮੀਨਾਂ ਹੜੱਪਣਾ ਚਾਹੁੰਦੀਆਂ ਹਨ।
ਇਸ ਨੀਤੀ ਅਧੀਨ ਕਿਸਾਨ ਨੂੰ ਜ਼ਮੀਨ ਦਾ ਕੋਈ ਪੈਸਾ ਨਹੀਂ ਮਿਲਣਾ, ਕਿਸਾਨ ਨੂੰ ਇੱਕ ਕਿਲੇ ਪਿੱਛੇ ਸਿਰਫ ਇੱਕ ਹਜ਼ਾਰ ਗਜ ਦਾ ਰਹਾਇਸ਼ੀ ਪਲਾਟ, ਇੱਕ ਦੋ ਸੌ ਗਜ ਦਾ ਕਮਰਸੀਅਲ ਪਲਾਂਟ ਦੇਣਾ, ਬਾਕੀ ਦੀ ਜ਼ਮੀਨ ਬਿਨਾਂ ਕੋਈ ਪੈਸਾ ਦਿੱਤੇ ਕਿਸਾਨ ਤੋਂ ਲੈ ਲੈਣੀ ਹੈ। ਜਦੋਂ ਕਦੇ ਉੱਥੇ ਸ਼ਹਿਰ ਵਸ ਜਾਵੇਗਾ ਫਿਰ ਕਿਸਾਨ ਦਾ ਪਲਾਟ ਵਿਕੇਗਾ, ਫਿਰ ਕਿਸਾਨ ਕੋਲ ਪੈਸਾ ਆਊ। ਜਿੰਨੀ ਦੇਰ ਪਲਾਟ ਨਹੀਂ ਵਿੱਕਦਾ ਉੱਨੀ ਦੇਰ ਕਿਸਾਨ ਆਪਣੇ ਪਰਿਵਾਰ ਦਾ ਪੇਟ ਕਿੱਥੋਂ ਭਰੇਗਾ। ਜੇਕਰ ਕਿਸਾਨਾਂ ਕੋਲ ਜ਼ਮੀਨ ਨਾ ਰਹੀ ਤਾਂ ਪਿੰਡ ਉੱਜੜ ਜਾਣਗੇ। ਉਨ੍ਹਾਂ ਕਿਹਾ ਕਿ ਕਿਸਾਨ ਹੱਥੋਂ ਜ਼ਮੀਨ ਖਿਸਕਣ ਨਾਲ ਪਿੰਡ ਵਿੱਚ ਰਹਿਣ ਵਾਲੇ ਮਜ਼ਦੂਰ, ਬੇਜ਼ਮੀਨੇ ਲੋਕ ਤੇ ਪਿੰਡਾਂ ਵਿੱਚ ਚੱਲ ਰਹੇ ਛੋਟੇ ਮੋਟੇ ਧੰਦੇ ਬਰਬਾਦ ਹੋ ਜਾਣਗੇ। ਇਸ ਲਈ ਇਹ ਨੀਤੀ ਲੋਕ ਮਾਰੂ ਹੈ ਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਇਸ ਦਾ ਡੱਟ ਕੇ ਵਿਰੋਧ ਕਰੇਗੀ।
ਇਸ ਨੀਤੀ ਨੂੰ ਵਾਪਸ ਲੈਣ ਲਈ ਸਰਕਾਰ ਨੂੰ ਮਜਬੂਰ ਕਰਨ ਵਾਸਤੇ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਨੇ ਸੰਯੁਕਤ ਕਿਸਾਨ ਮੋਰਚਾ ਨਾਲ ਰਲਕੇ ਇਸ ਨੀਤੀ ਵਿਰੁੱਧ ਤਿੱਖਾ ਘੋਲ ਖੜਾ ਕਰਨ ਦਾ ਬਿਗਲ ਵਜਾ ਦਿੱਤਾ ਹੈ। ਕਿਸਾਨ ਆਗੂਆਂ ਨੇ ਕਿਹਾ ਕਿ ਸੰਘਰਸ਼ ਤਹਿਤ ਸੰਯੁਕਤ ਕਿਸਾਨ ਮੋਰਚੇ ਵਲੋਂ ਆਉਣ ਵਾਲੀ ਤੀਹ ਤਾਰੀਖ ਨੂੰ ਸਾਰੇ ਪ੍ਰਭਾਵਿਤ ਪਿੰਡਾਂ ਵਿੱਚ ਇੱਕ ਵਿਸ਼ਾਲ ਟਰੈਕਟਰ ਮਾਰਚ ਕਰਨ ਦਾ ਫੈਸਲਾ ਕੀਤਾ ਹੈ। ਅਗਸਤ ਮਹੀਨੇ ਵਿੱਚ ਇਸ ਇਲਾਕੇ ਵਿੱਚ ਇੱਕ ਵੱਡੀ ਮਹਾਂਪੰਚਾਇਤ ਕੀਤੀ ਜਾਵੇਗੀ। ਮੀਟਿੰਗ ਵਿੱਚ ਇਹ ਵੀ ਫੈਸਲਾ ਕੀਤਾ ਗਿਆ ਕਿ ਪੰਜਾਬ ਸਰਕਾਰ ਵੱਲੋਂ ਲੋਕ ਹਿੱਤਾਂ ਲਈ ਲੜਨ ਵਾਲੀਆਂ ਜਥੇਬੰਦੀਆਂ ਤੇ ਕੀਤੇ ਜਾ ਰਹੇ ਜਬਰ ਵਿਰੁੱਧ ਰੋਸ ਪ੍ਰਗਟਾਉਣ ਲਈ 25 ਜੁਲਾਈ ਨੂੰ ਸੰਗਰੂਰ ਵਿੱਚ ਹੋਣ ਵਾਲੇ ਮੁਜ਼ਾਹਰੇ ਵਿੱਚ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਧ ਚੜ੍ਹ ਕੇ ਹਿੱਸਾ ਲਵੇਗੀ। ਬੁਲਾਰਿਆਂ ਨੇ ਦੱਸਿਆ ਕਿ ਜਥੇਬੰਦੀ ਦੀ ਮੈਂਬਰਸ਼ਿਪ ਮੁਹਿੰਮ ਸਿਖਰ ਤੇ ਹੈ ਤੇ ਅਗਸਤ ਮਹੀਨੇ ਦੇ ਪਹਿਲੇ ਹਫਤੇ ਬਲਾਕ ਦੇ ਪਿੰਡਾਂ ਵਿੱਚ ਨਵੀਂ ਮੈਂਬਰਸ਼ਿਪ ਦੇ ਅਧਾਰ ਤੇ ਨਵੀਆਂ ਕਮੇਟੀਆਂ ਚੁਣੀਆਂ ਜਾਣਗੀਆਂ। ਮੀਟਿੰਗ ਵਿੱਚ ਬਲਵਿੰਦਰ ਸਿੰਘ ਨਿਜ਼ਾਮਪੁਰ, ਮਨਜੀਤ ਸਿੰਘ ਸ਼ੀਹਾਂ ਦੌਦ, ਫੌਜੀ ਜਗਦੇਵ ਸਿੰਘ, ਮਨਪ੍ਰੀਤ ਸਿੰਘ ਜੀਰਖ ਹਾਜ਼ਰ ਸਨ।