ਮਸ਼ਹੂਰ ਕਬੂਤਰਬਾਜ਼ ਫਜ਼ਲਦੀਨ ਕੁੱਪ ਕਲਾਂ ਦਾ ਦੇਹਾਂਤ
ਪੱਤਰ ਪ੍ਰੇਰਕ
ਕੁੱਪ ਕਲਾਂ, 11 ਜੁਲਾਈ
ਪੰਜਾਬ ਦੇ ਕਬੂਤਰ ਜਗਤ ਦਾ ਸਿਤਾਰਾ ਮਸ਼ਹੂਰ ਕਬੂਤਰਬਾਜ਼ ਫਜ਼ਲਦੀਨ (ਫਜਲਾ) ਕੁੱਪ ਕਲਾਂ ਦੀ ਲਿਵਰ ਦੇ ਕੈਂਸਰ ਦੀ ਬਿਮਾਰੀ ਨਾਲ ਲੰਬਾ ਸਮਾਂ ਚੱਲੀ ਲੜਾਈ ਮਗਰੋਂ ਅੱਜ ਇਥੇ ਦੇਹਾਂਤ ਹੋ ਗਿਆ। ਪਰਿਵਾਰ ਨਾਲ ਦੁੱਖ ਸਾਂਝਾ ਕਰਨ ਪਹੁੰਚੇ ਹਲਕਾ ਵਿਧਾਇਕ ਅਮਰਗੜ੍ਹ ਦੇ ਭਰਾ ਕੁਲਵੰਤ ਸਿੰਘ ਗੱਜਣਮਾਜਰਾ, ਫਜ਼ਲਦੀਨ ਦੇ ਵੱਡੇ ਭਰਾ ਡਾ. ਗੁਲਾਮਦੀਨ ਪੱਪੂ ਅਤੇ ਗੁਰਤੇਜ ਸਿੰਘ ਔਲਖ ਨੇ ਦੱਸਿਆ ਕਿ ਪਿਛਲੇ 47 ਸਾਲਾਂ ਤੋਂ ਪੰਜਾਬ ਦੇ ਵੱਖ-ਵੱਖ ਕੋਨਿਆਂ ਵਿੱਚ ਕਬੂਤਰ ਉਡਾਉਣ ਵਿੱਚ ਸੈਂਕੜੇ ਹੀ ਇਨਾਮ ਜਿੱਤੇ ਹਨ।
ਬੀਤੇ ਕੁਝ ਸਮੇਂ ਪਹਿਲਾਂ ਹੀ ਸਰਕਾਰ ਵੱਲੋਂ ਕਬੂਤਰ ਉਡਾਉਂਣ ਤੇ ਲੱਗੀ ਰੋਕ ਦੌਰਾਨ ਫਜ਼ਲਦੀਨ ਉਦਾਸ ਅਤੇ ਬਿਮਾਰ ਰਹਿਣ ਲੱਗ ਪਏ ਸਨ ਜਿਸ ਤੋਂ ਬਾਅਦ ਕੁਝ ਦਿਨਾਂ ਵਿੱਚ ਹੀ ਉਨ੍ਹਾਂ ਦੀ ਸਿਹਤ ਵਿਗੜ ਗਈ ਅਤੇ ਜਾਂਚ ਕਰਾਉਣ ’ਤੇ ਪਤਾ ਲੱਗਿਆ ਕਿ ਉਨ੍ਹਾਂ ਨੂੰ ਲਿਵਰ ਕੈਂਸਰ ਹੈ ਪਤਾ ਲੱਗਣ ਦੇ ਕੁਝ ਦਿਨਾਂ ਵਿੱਚ ਹੀ ਸਰੀਰ ਕਮਜ਼ੋਰ ਪੈ ਗਿਆ ਅਤੇ ਅਖੀਰ ਉਹ ਇਸ ਦੁਨੀਆ ਨੂੰ ਵਿਦਾ ਆਖ ਗਏ। ਇਸ ਮੌਕੇ ਮੋਹਨਜੀਤ ਸਿੰਘ ,ਮੁਹੰਮਦ ਹਨੀਫ ,ਸਤਾਰ ਅਨਸਾਰੀ ਅਤੇ ਅਨੈਤ ਖਾਂ ਹਾਜ਼ਰ ਸਨ।