ਨਵੰਬਰ ਚੁਰਾਸੀ ਦੇ ਪੀੜਤ ਪਰਿਵਾਰਾਂ ਵੱਲੋਂ ਮਾਨ ਸਰਕਾਰ ਦੇ ਵਿਰੋਧ ਦਾ ਸੱਦਾ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 7 ਜੂਨ
1984 ਸਿੱਖ ਕਤਲੇਆਮ ਪੀੜਤ ਵੈੱਲਫੇਅਰ ਸੁਸਾਇਟੀ ਨੇ ਭਗਵੰਤ ਮਾਨ ਸਰਕਾਰ ਦੇ ਵਿਰੋਧ ਦਾ ਸੱਦਾ ਦਿੰਦਿਆਂ ਹਲਕਾ ਪੱਛਮੀ ਦੀ ਜ਼ਿਮਨੀ ਚੋਣ ਵਿੱਚ ‘ਆਪ’ ਉਮੀਦਵਾਰ ਸੰਜੀਵ ਅਰੋੜਾ ਦੇ ਬਾਈਕਾਟ ਦਾ ਐਲਾਨ ਕਰਦਿਆਂ ਉਨ੍ਹਾਂ ਨੂੰ ਵੋਟਾਂ ਨਾ ਪਾਉਣ ਦੀ ਅਪੀਲ ਕੀਤੀ ਹੈ। ਅੱਜ ਇੱਥੇ ਮੀਡੀਆ ਨਾਲ ਗੱਲਬਾਤ ਕਰਦਿਆਂ ਸੋਸਾਇਟੀ ਦੇ ਪ੍ਰਧਾਨ ਸੁਰਜੀਤ ਸਿੰਘ ਅਤੇ ਇਸਤਰੀ ਵਿੰਗ ਪ੍ਰਧਾਨ ਗੁਰਦੀਪ ਕੌਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਸਰਕਾਰ ਵੱਲੋਂ 84 ਕਤਲੇਆਮ ਦੇ ਪੀੜਤ ਪਰਿਵਾਰਾਂ ਨਾਲ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਉਨ੍ਹਾਂ ਦੱਸਿਆ ਕਿ ਪੰਜਾਬ ਅਤੇ ਹਰਿਆਣਾ ਹਾਈਕੋਰਟ ਨੇ ਪੰਜਾਬ ਸਰਕਾਰ ਨੂੰ ਹੁਕਮ ਦਿੱਤੇ ਹਨ ਕਿ ਜਿਨ੍ਹਾਂ ਪੀੜਤ ਪਰਿਵਾਰਾਂ ਦੇ ਲਾਲ ਕਾਰਡ ਬਣੇ ਹੋਏ ਹਨ, ਉਨ੍ਹਾਂ ਸਾਰਿਆਂ ਨੂੰ ਇਕ ਸਾਲ ਵਿਚ ਮਕਾਨ ਬਣਾ ਕੇ ਦਿੱਤੇ ਜਾਣ, ਦੰਗਾ ਪੀੜਤ ਪਰਿਵਾਰਾਂ ਨੂੰ ਕਾਰੋਬਾਰ ਵਾਸਤੇ ਬੂਥ ਅਲਾਟ ਕੀਤੇ ਜਾਣ ਅਤੇ ਨੌਜਵਾਨ ਵਰਗ ਨੂੰ ਨੌਕਰੀਆਂ ਦਿੱਤੀਆਂ ਜਾਣ। ਉਨ੍ਹਾਂ ਦੱਸਿਆ ਕਿ ਪਿਛਲੀ ਅਕਾਲੀ ਭਾਜਪਾ ਸਰਕਾਰ ਨੇ ਵੀ ਇਹ ਫ਼ੈਸਲੇ ਕੀਤੇ ਹੋਏ ਹਨ ਪਰ ਇਸਦੇ ਉਲਟ 2010 ਵਿੱਚ ਜਿਹੜੇ ਲਾਲ ਕਾਰਡ ਬਣੇ ਸਨ ਉਨ੍ਹਾਂ ਵਿੱਚੋਂ 135 ਲਾਲ ਕਾਰਡ ਬਿਨਾਂ ਕਿਸੇ ਕਾਰਨ ਰੱਦ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ ਪ੍ਰਧਾਨ ਠੱਗੀ ਡਾ. ਮਨਮੋਹਨ ਸਿੰਘ ਦੀ ਸਰਕਾਰ ਵੱਲੋਂ ਇਨ੍ਹਾਂ ਪਰਿਵਾਰਾਂ ਨੂੰ 2 ਲੱਖ ਰੁਪਏ ਦੀ ਗਰਾਂਟ ਵੀ ਦਿੱਤੀ ਗਈ ਸੀ ਪਰ ਹੁਣ ਉਸ ਦੀ ਵਸੂਲੀ ਕਰਨ ਲਈ ਸਰਕਾਰੀ ਅਫ਼ਸਰਾਂ ਵੱਲੋਂ ਤਿਆਰੀ ਕੀਤੀ ਜਾ ਰਹੀ ਹੈ।
ਉਨ੍ਹਾਂ ਕਿਹਾ ਕਿ ਸਾਡੇ ਨੁਮਾਇੰਦਿਆਂ ਨੂੰ ਮਿਲਣਾ ਤਾਂ ਕੀ ਸਰਕਾਰ ਵੱਲੋਂ ਬਦਸਲੂਕੀ ਕੀਤੀ ਜਾ ਰਹੀ ਹੈ। ਇਸ ਸਾਰੇ ਘਟਨਾਕ੍ਰਮ ਨੂੰ ਵੇਖਦਿਆਂ ਦੰਗਾ ਪੀੜਤ ਪਰਿਵਾਰਾਂ ਨੇ ਪੱਛਮੀ ਹਲਕੇ ਵਿੱਚ ਹੋ ਰਹੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸੰਜੀਵ ਅਰੋੜਾ ਨੂੰ ਹਰਾਉਣ ਵਾਸਤੇ ਵੱਡੀ ਮੁਹਿੰਮ ਸ਼ੁਰੂ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਉਹ 12 ਜੂਨ ਨੂੰ ਗੁਰਦੁਆਰਾ ਸ਼ਹੀਦ ਬਾਬਾ ਦੀਪ ਸਿੰਘ ਮਾਡਲ ਟਾਊਨ ਐਕਸਟੈਨਸ਼ਨ ਵਿੱਚ ਅਰਦਾਸ ਕਰਨ ਮਗਰੋਂ ਘਰ-ਘਰ ਜਾ ਕੇ ‘ਆਪ’ ਉਮੀਦਵਾਰ ਨੂੰ ਵੋਟ ਨਾ ਪਾਉਣ ਦੀ ਅਪੀਲ ਕਰਨਗੇ।
ਇਸ ਮੌਕੇ ਗੁਰਦੇਵ ਸਿੰਘ ਚੇਅਰਮੈਨ, ਦਲਜੀਤ ਸਿੰਘ ਸੋਨੀ, ਅਮਰਜੀਤ ਸਿੰਘ ਰਾਜਪਾਲ, ਮਨਮੋਹਨ ਸਿੰਘ ਹੈਬੋਵਾਲ, ਸੁਖਦੇਵ ਸਿੰਘ ਜਮਾਲਪੁਰ, ਗੁਰਦੀਪ ਸਿੰਘ ਕਾਹਲੋਂ ਜਮਾਲਪੁਰ, ਇੰਦਰਪਾਲ ਸਿੰਘ, ਸਤਨਾਮ ਸਿੰਘ, ਹਰਪਾਲ ਸਿੰਘ, ਅਮਰਜੀਤ ਸਿੰਘ ਧਵਨ, ਜਸਪਾਲ ਸਿੰਘ ਸਨੀ, ਸਤਵਿੰਦਰ ਸਿੰਘ ਲਾਟੀ, ਮਹਿੰਦਰ ਸਿੰਘ ਸਚਦੇਵਾ, ਸਤਿੰਦਰ ਕੌਰ, ਹਰਦੀਪ ਕੌਰ, ਗੁਰਮੀਤ ਕੌਰ, ਮਨਜੀਤ ਕੌਰ, ਗੁਰਦੇਵ ਕੌਰ ਤੇ ਆਗਿਆ ਕੌਰ ਹਾਜ਼ਰ ਸਨ।