ਅੰਤਰਰਾਸ਼ਟਰੀ ਵਿਗਿਆਨੀ ਅਤੇ ਸ਼੍ਰੋਮਣੀ ਸਾਹਿਤਕਾਰ ਡਾ. ਫ਼ਕੀਰ ਚੰਦ ਸ਼ੁਕਲਾ ਨੂੰ ਮੱਧ ਪ੍ਰਦੇਸ਼ ਸਰਕਾਰ ਨੇ ਭੋਪਾਲ ਵਿਖੇ ਕਰਵਾਏ ਇੱਕ ਸਮਾਗਮ ਵਿੱਚ ਉਨ੍ਹਾਂ ਦੇ ਹਿੰਦੀ ਕਹਾਣੀ ਸੰਗ੍ਰਹਿ ‘ਧੂਪ-ਛਾਂਵ’ ਲਈ ਸਾਹਿਤ ਅਕੈਡਮੀ ਐਵਾਰਡ ਨਾਲ ਸਨਮਾਨਿਤ ਕੀਤਾ। ਡਾ. ਸ਼ੁਕਲਾ ਨੂੰ ਸਨਮਾਨਿਤ ਕਰਨ ਸਮੇਂ ਡਾਇਰੈਕਟਰ ਡਾ. ਵਿਕਾਸ ਦਵੇ, ਸੰਸਕ੍ਰਿਤਿਕ ਮੰਤਰਾਲੇ ਵਿਭਾਗ ਦੇ ਸੰਚਾਲਕ ਡਾ.ਐਨ.ਐਸ.ਨਾਮਦੇਵ ਅਤੇ ਮਸ਼ਹੂਰ ਕ੍ਰਿਕੇਟ ਕਮੰਨਟੇਟਰ ਪਦਮਸ਼੍ਰੀ ਸ਼ੁਸ਼ੀਲ ਦੋਸ਼ੀ ਹਾਜ਼ਰ ਸਨ। ਇਸ ਐਵਾਰਡ ਵਿੱਚ ਇੱਕ ਲੱਖ ਰੁਪਏ ਦੀ ਰਾਸ਼ੀ, ਮਿਮੈਂਟੋ, ਪ੍ਰਸ਼ੰਸ਼ਾ ਪੱਤਰ ਅਤੇ ਦੋਸ਼ਾਲਾ ਸ਼ਾਮਿਲ ਸੀ।
ਪੰਜਾਬ ਖੇਤੀਬਾੜੀ ਯੂਨੀਵਰਸਿਟੀ ਦੇ ਫੂਡ ਟੈਕਨੋਲੋਜੀ ਵਿਭਾਗ ਤੋਂ ਬਤੌਰ ਪ੍ਰੋਫੈਸਰ ਸੇਵਾਮੁਕਤ ਹੋਏ ਡਾ. ਸ਼ੁਕਲਾ ਨੂੰ ਬਤੌਰ ਵਿਗਿਆਨੀ ਵੀ ਅਤੇ ਬਤੌਰ ਸਾਹਿਤਕਾਰ ਵੀ ਕਈ ਵਾਰੀ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਐਵਾਰਡ ਹਾਸਿਲ ਹੋਏ ਹਨ। ਮਿਲੇਨੀਅਮ ਐਵਾਰਡ, ਸ਼੍ਰੋਮਣੀ ਸਾਹਿਤਕਾਰ ਐਵਾਰਡ, ਪੰਜਾਬ ਰਤਨ ਐਵਾਰਡ, ਗਿਆਰ੍ਹਾਂ ਨੈਸ਼ਨਲ ਐਵਾਰਡ , ਬਾਲ ਸਾਹਿਤ ਭਾਰਤੀ ਐਵਾਰਡ, ਰਾਸ਼ਟਰੀ ਵਿਗਿਆਨਕ ਰਤਨ ਐਵਾਰਡ, ਡਾ. ਗੁਰਦੇਵ ਸਿੰਘ ਖੁਸ਼ ਐਵਾਰਡ, ਬਾਲ ਸਾਹਿਤ ਵਿਭੂਸ਼ਣ ਵਰਗੇ ਕਈ ਵਕਾਰੀ ਐਵਾਰਡਾਂ ਨਾਲ ਸਨਮਾਨਿਤ ਡਾ. ਸ਼ੁਕਲਾ ਦਾ ਨਾਂ ‘ਵਰਲਡਜ ਹੂਜ ਹੂ’ ਯਾਨੀ ਦੁਨੀਆਂ ਦੀਆੰ ਮੰਨੀਆਂ-ਪਰਮੰਨੀਆਂ ਹਸਤੀਆਂ ਵਿੱਚ ਸ਼ਾਮਲ ਹੈ।
ਹਿੰਦੀ ਅਤੇ ਪੰਜਾਬੀ ਵਿੱਚ ਕਹਾਣੀ, ਨਾਟਕ, ਬਾਲ ਸਾਹਿਤ, ਵਿਅੰਗ ਅਤੇ ਹੈਲਥ ਬਾਰੇ ਇਨ੍ਹਾਂ ਦੀਆਂ 70 ਪੁਸਤਕਾਂ ਪ੍ਰਕਾਸ਼ਿਤ ਹਨ। ਇਨ੍ਹਾਂ ਦੀਆਂ ਲਿਖਤਾਂ ਦੇ ਅਨੁਵਾਦ ਕੰਨੜ, ਅੰਗਰੇਜ਼ੀ, ਮਰਾਠੀ, ਮਲਿਆਲਮ, ਤੇਲਗੂ, ਗੁਜਰਾਤੀ, ਬੰਗਲਾ,ਨੇਪਾਲੀ, ਉਰਦੂ, ਸਿੰਧੀ, ਰਾਜਸਥਾਨੀ ਆਦਿ ਭਾਸ਼ਾਵਾਂ ਵਿੱਚ ਪ੍ਰਕਾਸ਼ਿਤ ਹਨ।