ਲੁਧਿਆਣਾ ਕਾਂਗਰਸ ਵਿੱਚ ਧੜੇਬੰਦੀ ਨਹੀਂ ਹੋ ਰਹੀ ਖ਼ਤਮ
ਜ਼ਿਲ੍ਹਾ ਪ੍ਰਧਾਨ ਬਣਨ ਤੋਂ ਬਾਅਦ ਆਸ਼ੂ ਨੂੰ ਛੱਡ ਸਾਰੇ ਆਗੂਆਂ ਨੂੰ ਮਿਲੇ ਸੰਜੇ ਤਲਵਾਡ਼
ਲੁਧਿਆਣਾ ਕਾਂਗਰਸ ਵਿੱਚ ਧੜੇਬੰਦੀ ਕਾਫ਼ੀ ਵਧ ਗਈ ਹੈ। ਹਾਲਾਤ ਇਹ ਹਨ ਕਿ ਮੁੜ ਜ਼ਿਲ੍ਹਾ ਕਾਂਗਰਸ ਕਮੇਟੀ ਦਾ ਪ੍ਰਧਾਨ ਚੁਣੇ ਜਾਣ ਤੋਂ ਬਾਅਦ ਸਾਬਕਾ ਵਿਧਾਇਕ ਸੰਜੇ ਤਲਵਾੜ ਨੇ ਦਾਅਵਾ ਕੀਤਾ ਸੀ ਕਿ ਉਨ੍ਹਾਂ ਦਾ ਮਕਸਦ ਕਾਂਗਰਸ ਵਿੱਚ ਧੜੇਬੰਦੀ ਖ਼ਤਮ ਕਰ ਕੇ ਸਾਰੇ ਆਗੂਆਂ ਨੂੰ ਇੱਕੋਂ ਮੰਚ ’ਤੇ ਇਕੱਠਾ ਕਰਨਾ ਹੈ।
ਅੱਜ ਕਈ ਦਿਨਾਂ ਬਾਅਦ ਵੀ ਨਵੇਂ ਪ੍ਰਧਾਨ ਸਾਰੇ ਸੀਨੀਅਰ ਕਾਂਗਰਸੀ ਆਗੂਆਂ ਦੇ ਘਰ ਜਾ ਕੇ ਉਨ੍ਹਾਂ ਨੂੰ ਤਾਂ ਮਿਲ ਆਏ ਪਰ ਉਹ ਹਾਲੇ ਤੱਕ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੂੰ ਮਿਲਣ ਨਹੀਂ ਗਏ। ਦੂਜੇ ਪਾਸੇ ਸਾਬਕਾ ਮੰਤਰੀ ਭਾਰਤ ਭੂਸ਼ਣ ਆਸ਼ੂ ਨੇ ਵੀ ਪੰਜਾਬ ਦੇ ਸਾਰੇ ਜ਼ਿਲ੍ਹਾ ਪ੍ਰਧਾਨਾਂ ਦੀ ਸੂਚੀ ਸਾਂਝੀ ਕਰਦਿਆਂ ਉਨ੍ਹਾਂ ਨੂੰ ਵਧਾਈ ਦਿੱਤੀ ਸੀ ਪਰ ਉਨ੍ਹਾਂ ਨੇ ਸੰਜੇ ਤਲਵਾੜ ਨੂੰ ਨਿੱਜੀ ਤੌਰ ’ਤੇ ਵਧਾਈ ਤੱਕ ਨਹੀਂ ਦਿੱਤੀ।
ਸੰਜੇ ਤਲਵਾੜ ਨੂੰ ਕਦੇ ਉਨ੍ਹਾਂ ਦੇ ਸਭ ਤੋਂ ਨੇੜਲੇ ਸਾਥੀਆਂ ’ਚੋਂ ਇੱਕ ਮੰਨਿਆ ਜਾਂਦਾ ਸੀ। ਸੰਜੇ ਤਲਵਾੜ ਨੇ ਕਿਹਾ ਸੀ ਕਿ ਉਹ ਸਾਬਕਾ ਮੰਤਰੀ ਆਸ਼ੂ ਅਤੇ ਪੰਜਾਬ ਕਾਂਗਰਸ ਪ੍ਰਧਾਨ ਨੂੰ ਇੱਕ ਮੰਚ ’ਤੇ ਲਿਆਉਣ ਦੀ ਕੋਸ਼ਿਸ਼ ਕਰਨਗੇ ਪਰ ਅਜੇ ਇਹ ਪਤਾ ਨਹੀਂ ਹੈ ਕਿ ਇਹ ਕਿੰਨਾ ਸੌਖਾ ਹੋਵੇਗਾ।
ਜ਼ਿਕਰਯੋਗ ਹੈ ਕਿ ਸਾਬਕਾ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਅਤੇ ਸੰਜੇ ਤਲਵਾੜ ਕਦੇ ਦੋਸਤ ਸਨ। ਆਸ਼ੂ ਨੇ ਸੰਜੇ ਤਲਵਾੜ ਨੂੰ ਟਿਕਟ ਦਿਵਾਉਣ ਲਈ ਕਾਫ਼ੀ ਮਿਹਨਤ ਕੀਤੀ ਸੀ ਅਤੇ ਬਾਅਦ ਵਿੱਚ ਸੰਜੇ ਤਲਵਾੜ ਦੀ ਜਿੱਤ ਯਕੀਨੀ ਬਣਾਉਣ ਲਈ ਕੋਸ਼ਿਸ਼ ਕੀਤੀ। ਲੋਕ ਸਭਾ ਚੋਣਾਂ ਤੋਂ ਪਹਿਲਾਂ ਆਸ਼ੂ ਅਤੇ ਸੰਜੇ ਤਲਵਾੜ ਵਿਚਾਲੇ ਰਿਸ਼ਤੇ ਖਰਾਬ ਹੋਣ ਲੱਗੇ। ਜਦੋਂ ਆਸ਼ੂ ਨੂੰ ਪੱਛਮੀ ਹਲਕੇ ਦੀ ਵਿਧਾਨ ਸਭਾ ਉਪ-ਚੋਣ ਲਈ ਨਾਮਜ਼ਦ ਕੀਤਾ ਗਿਆ ਸੀ ਤਾਂ ਰਾਜਾ ਵੜਿੰਗ ਅਤੇ ਸਾਰੇ ਆਗੂ ਆਸ਼ੂ ਦੇ ਘਰ ਗਏ ਪਰ ਆਸ਼ੂ ਉਨ੍ਹਾਂ ਨੂੰ ਮਿਲੇ ਨਹੀਂ ਜਿਸ ਤੋਂ ਬਾਅਦ ਇਹ ਦਰਾਰ ਹੋ ਵਧ ਗਈ। ਸੰਜੇ ਤਲਵਾੜ ਲੋਕ ਸਭਾ ਚੋਣਾਂ ਵਿੱਚ ਰਾਜਾ ਵੜਿੰਗ ਦੇ ਸਭ ਤੋਂ ਨੇੜੇ ਹੋ ਗਏ। ਇਸੇ ਕਰ ਕੇ ਉਨ੍ਹਾਂ ਨੂੰ ਤੀਜੀ ਵਾਰ ਕਾਂਗਰਸ ਦਾ ਜ਼ਿਲ੍ਹਾ ਪ੍ਰਧਾਨ ਬਣਾਇਆ ਗਿਆ।
ਜਾਣਕਾਰੀ ਅਨੁਸਾਰ ਜਿਨ੍ਹਾਂ ਆਗੂਆਂ ਨਾਲ ਸੰਜੇ ਤਲਵਾੜ ਨੇ ਮੁਲਾਕਾਤ ਕੀਤੀ। ਉਨ੍ਹਾਂ ਵਿੱਚ ਸਾਬਕਾ ਮੰਤਰੀ ਰਾਕੇਸ਼ ਪਾਂਡੇ, ਸਾਬਕਾ ਸੰਸਦੀ ਸਕੱਤਰ ਸੁਰਿੰਦਰ ਡਾਵਰ, ਸਾਬਕਾ ਵਿਧਾਇਕ ਸਿਮਰਜੀਤ ਸਿੰਘ ਬੈਂਸ, ਬਲਵਿੰਦਰ ਸਿੰਘ ਬੈਂਸ ਅਤੇ ਸਾਬਕਾ ਵਿਧਾਇਕ ਕੁਲਦੀਪ ਸਿੰਘ ਵੈਦ ਆਦਿ ਸ਼ਾਮਲ ਹਨ। ਉਹ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਂਗਰਸ ਵਿੱਚ ਸ਼ਾਮਲ ਹੋਏ ਬੈਂਸ ਭਰਾਵਾਂ ਨਾਲ ਵੀ ਮਿਲੇ ਪਰ ਸਾਬਕਾ ਮੰਤਰੀ ਆਸ਼ੂ ਨਾਲ ਨਹੀਂ ਮਿਲੇ।
ਆਸ਼ੂ ਨੂੰ ਛੇਤੀ ਹੀ ਮਿਲਾਂਗਾ: ਸੰਜੇ ਤਲਵਾੜ
ਜ਼ਿਲ੍ਹਾ ਪ੍ਰਧਾਨ ਸੰਜੇ ਤਲਵਾੜ ਦਾ ਕਹਿਣਾ ਹੈ ਕਿ ਉਹ ਸਭ ਨੂੰ ਮਿਲ ਰਹੇ ਹਨ। ਜਲਦ ਹੀ ਉਹ ਸਾਬਕਾ ਮੰਤਰੀ ਆਸ਼ੂ ਨੂੰ ਵੀ ਮਿਲਣਗੇ। ਉਨ੍ਹਾਂ ਕਿਹਾ ਕਿ ਉਹ ਸਾਰੇ ਹੀ ਆਗੂਆਂ ਨੂੰ ਜਲਦ ਹੀ ਇੱਕ ਮੰਚ ’ਤੇ ਲੈ ਕੇ ਆਉਣਗੇ ਤੇ 2027 ਦੀ ਤਿਆਰੀ ਸ਼ੁਰੂ ਕਰਨਗੇ।

