ਪੰਜਾਬ ਸਰਕਾਰ ਹੁਣ ਜਲਦ ਹੀ ਖੇਤਰੀ ਟਰਾਂਸਪੋਰਟ ਦਫ਼ਤਰ ਆਉਣ ਵਾਲੇ ਲੋਕਾਂ ਨੂੰ ਰਾਹਤ ਦੇਣ ਲਈ ਨਵੀਂ ਪਹਿਲ ਕਰ ਰਹੀ ਹੈ। ਆਰ ਟੀ ਓ ਦਫ਼ਤਰ ਵਿੱਚ ਭ੍ਰਿਸ਼ਟਾਚਾਰ ਨੂੰ ਘਟਾਉਣ ਲਈ ਸਰਕਾਰ ਹੁਣ ਫੇਸਲੈੱਸ ਸੇਵਾਵਾਂ ਸ਼ੁਰੂ ਕਰੇਗੀ। ਲੋਕ ਇਹ ਸੇਵਾਵਾਂ ਸੇਵਾ ਕੇਂਦਰਾਂ ਜਾਂ ਆਨਲਾਈਨ ਪੋਰਟਲਾਂ ਰਾਹੀਂ ਲੈ ਸਕਣਗੇ, ਜਿਸ ਨਾਲ ਆਰਟੀਓ ਦਫ਼ਤਰ ਵਿੱਚ ਲੋਕਾਂ ਦੀ ਆਮਦ ਘੱਟ ਹੋਵੇਗੀ। ਮੁੱਖ ਮੰਤਰੀ ਭਗਵੰਤ ਮਾਨ 29 ਅਕਤੂਬਰ ਨੂੰ ਲੁਧਿਆਣਾ ਦਫ਼ਤਰ ਵਿੱਚ ਇਨ੍ਹਾਂ ਫੇਸਲੈੱਸ ਸੇਵਾਵਾਂ ਦੀ ਸ਼ੁਰੂਆਤ ਕਰਨਗੇ। ਇਸ ਸਮਾਗਮ ਵਿੱਚ ਦਿੱਲੀ ਦੇ ਸਾਬਕਾ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਰਾਸ਼ਟਰੀ ਕਨਵੀਨਰ ਅਰਵਿੰਦ ਕੇਜਰੀਵਾਲ ਦੇ ਸ਼ਾਮਲ ਹੋਣ ਦੀ ਚਰਚਾ ਹੈ, ਹਾਲਾਂਕਿ ਅਧਿਕਾਰੀ ਹਾਲੇ ਕੋਈ ਵੇਰਵਾ ਦੇਣ ਲਈ ਤਿਆਰ ਨਹੀਂ ਹਨ ਪਰ ਪ੍ਰਸ਼ਾਸਨ ਨੇ ਪਹਿਲਾਂ ਹੀ ਤਿਆਰੀਆਂ ਕਰ ਲਈਆਂ ਹਨ। ਸੋਮਵਾਰ ਨੂੰ ਟਰਾਂਸਪੋਰਟ ਸਕੱਤਰ ਵਰੁਣ ਅਤੇ ਐੱਸ ਸੀ ਟੀ ਪਰਨੀਤ ਸ਼ੇਰਗਿੱਲ ਲੁਧਿਆਣਾ ਪਹੁੰਚੇ ਅਤੇ ਡਿਪਟੀ ਕਮਿਸ਼ਨਰ ਹਿਮਾਂਸ਼ੂ ਜੈਨ ਦੇ ਨਾਲ ਸਾਰੀਆਂ ਤਿਆਰੀਆਂ ਦਾ ਜਾਇਜ਼ਾ ਲਿਆ।
ਪੰਜਾਬ ਟਰਾਂਸਪੋਰਟ ਵਿਭਾਗ ਪਹਿਲਾਂ ਹੀ ਸੇਵਾ ਕੇਂਦਰਾਂ ’ਤੇ 38 ਆਰਟੀਓ ਸੇਵਾਵਾਂ ਸ਼ੁਰੂ ਕਰ ਚੁੱਕਾ ਹੈ। ਹੁਣ ਤੱਕ ਲੋਕਾਂ ਕੋਲ ਆਰਟੀਓ ਸੇਵਾਵਾਂ ਪ੍ਰਾਪਤ ਕਰਨ ਲਈ ਦੋ ਰਸਤੇ ਹੁੰਦੇ ਸਨ, ਉਹ ਆਪਣੀਆਂ ਅਰਜ਼ੀਆਂ ਆਰ ਟੀ ਓ ਦਫ਼ਤਰ ਜਾਂ ਸੇਵਾ ਕੇਂਦਰ ਵਿੱਚ ਜਮ੍ਹਾਂ ਕਰਵਾ ਸਕਦੇ ਸਨ। ਹਾਲਾਂਕਿ ਹੁਣ, ਅਰਜ਼ੀਆਂ ਸਿਰਫ਼ ਸੇਵਾ ਕੇਂਦਰ ’ਤੇ ਜਮ੍ਹਾਂ ਹੋਣਗੀਆਂ। ਇਸ ਤੋਂ ਇਲਾਵਾ ਲੋਕ ਆਨਲਾਈਨ ਅਰਜ਼ੀ ਦੇ ਸਕਣਗੇ। ਟਰਾਂਸਪੋਰਟ ਵਿਭਾਗ ਆਰ ਟੀ ਓ ਸੇਵਾਵਾਂ ਲਈ ਸਮਾਂ-ਸੀਮਾ ਨਿਰਧਾਰਤ ਕਰੇਗਾ। ਸੇਵਾ ਕੇਂਦਰ ਬਿਨੈਕਾਰਾਂ ਦੀਆਂ ਅਰਜ਼ੀਆਂ ਇਕੱਠੀਆਂ ਕਰਨਗੇ ਅਤੇ ਉਨ੍ਹਾਂ ਨੂੰ ਆਰਟੀਓ ਦਫ਼ਤਰ ਭੇਜਣਗੇ। ਆਰ ਟੀ ਓ ਕਰਮਚਾਰੀਆਂ ਅਤੇ ਅਧਿਕਾਰੀਆਂ ਨੂੰ ਨਿਰਧਾਰਤ ਸਮਾਂ-ਸੀਮਾ ਦੇ ਅੰਦਰ ਉਨ੍ਹਾਂ ਨੂੰ ਮਨਜ਼ੂਰੀ ਦੇਣੀ ਪਵੇਗਾ ਹੈ। ਜੇ ਕਰਮਚਾਰੀ ਅਤੇ ਅਧਿਕਾਰੀ ਮਨਜ਼ੂਰੀ ਦੇਣ ਵਿੱਚ ਅਸਫਲ ਰਹਿੰਦੇ ਹਨ, ਤਾਂ ਅਰਜ਼ੀ ਆਪਣੇ ਆਪ ਮਨਜ਼ੂਰ ਹੋ ਜਾਵੇਗੀ। ਪ੍ਰਵਾਨਗੀ ਵਿੱਚ ਦੇਰੀ ਕਰਨ ਵਾਲੇ ਮੁਲਾਜ਼ਮਾਂ ਅਤੇ ਅਧਿਕਾਰੀਆਂ ਨੂੰ ਬਲੈਕਲਿਸਟ ਕੀਤਾ ਜਾਵੇਗਾ।

