ਮੁਲਜ਼ਮਾਂ ਦੇ ਰਿਮਾਂਡ ’ਚ ਵਾਧਾ
ਪਿੰਡ ਗੋਂਦਵਾਲ ਦੇ ਕੈਨੇਡੀਅਨ ਬਜ਼ੁ ਰਗ ਬਲੌਰ ਸਿੰਘ (68) ਨੂੰ ਵਿਆਹ ਕਰਵਾਉਣ ਦੇ ਝਾਂਸੇ ਵਿੱਚ ਲੈਣ ਉਪਰੰਤ ਉਸ ਨਾਲ 6 ਕਰੋੜ ਦੀ ਵੱਡੀ ਠੱਗੀ ਮਾਰਨ ਵਾਲੇ ਗਰੋਹ ਦੇ ਮੈਂਬਰਾਂ ਨੂੰ ਅਦਾਲਤ ਵਿੱਚ ਪੇਸ਼ ਕਰਨ ਉਪਰੰਤ ਪੁਲੀਸ ਨੇ ਉਨ੍ਹਾਂ ਦੇ ਰਿਮਾਂਡ ’ਚ ਵਾਧਾ ਲਿਆ ਹੈ। ਜਗਰਾਉਂ ਦੇ ਠੱਗ ਗਰੋਹ ਵਿੱਚ ਭਾਜਪਾ ਆਗੂ, ਜਾਅਲੀ ਵਕੀਲ ਤੇ ਪੱਤਰਕਾਰ ਸਮੇਤ ਨੌਂ ਮੁਲਜ਼ਮ ਸ਼ਾਮਲ ਹਨ। ਪੁਲੀਸ ਨੇ ਅੱਜ ਫਿਰ ਮੁਲਜ਼ਮਾਂ ਨੂੰ ਅਦਾਲਤ ਵਿੱਚ ਪੇਸ਼ ਕੀਤਾ ਜਿਸ ਦੌਰਾਨ ਅਦਾਲਤ ਨੇ ਮਾਮਲੇ ਦੀ ਅਹਿਮੀਅਤ ਨੂੰ ਦੇਖਦਿਆਂ ਪੁਲੀਸ ਦੀ ਬੇਨਤੀ ’ਤੇ ਮੁਲਜ਼ਮਾਂ ਦਾ 5 ਸਤੰਬਰ ਤੱਕ ਰਿਮਾਂਡ ਹੋਰ ਵਧਾ ਦਿੱਤਾ ਹੈ। ਯਾਦ ਰਹੇ ਕਿ ਮੁਲਜ਼ਮਾਂ ਨੇ ਹਮਮਸ਼ਵਰਾ ਹੋ ਬਜ਼ੁਰਗ ਬਲੌਰ ਸਿੰਘ ਦਾ ਆਰਥਿਕ ਅਤੇ ਮਾਨਸਿਕ ਸ਼ੋਸ਼ਣ ਕੀਤਾ ਸੀ। ਉਨ੍ਹਾਂ ਉਸਦਾ ਵਿਆਹ ਕਰਵਾ ਕੇ ਦੇਣ, ਜ਼ਮੀਨ ਵੇਚਣ ਅਤੇ ਹੋਰ ਜ਼ਮੀਨ ਲੈ ਕੇ ਦੇਣ ਦੀ ਆੜ ਵਿੱਚ 6 ਕਰੋੜ ਦੀ ਠੱਗੀ ਮਾਰੀ। ਠੱਗਾਂ ਨੇ ਉਸਦੇ ਇਹ ਕਹਿ ਕੇ ਕੇਸ ਕਤਲ ਕਰਵਾਏ, ਦਾੜੀ ਰੰਗਵਾਈ ਅਤੇ ਅੰਮ੍ਰਿਤ ਵੀ ਭੰਗ ਕਰਵਾਇਆ ਸੀ ਕਿ ਲੜਕੀ ਉਸਨੂੰ (ਬਲੌਰ ਸਿੰਘ) ਪਸੰਦ ਕਰ ਲਵੇਗੀ।