ਸਾਬਕਾ ਫੌਜੀਆਂ ਨੇ ਆਜ਼ਾਦੀ ਦਿਹਾੜਾ ਮਨਾਇਆ
ਸਾਬਕਾ ਸੈਨਿਕ ਵੈਲਫੇਅਰ ਸੁਸਾਇਟੀ ਅਤੇ ਡਿਫੈਂਸ ਵੈਟਰਨਜ਼ ਆਰਗਨਾਈਜੇਸ਼ਨ ਵੱਲੋਂ ਆਜ਼ਾਦੀ ਦਿਹਾੜਾ ਧੂਮਧਾਮ ਨਾਲ ਰੱਖਬਾਗ ਵਿੱਚ ਮਨਾਇਆ ਗਿਆ ਜਦਕਿ ਸੀਪੀਆਈ ਵੱਲੋਂ ਚਾਂਦ ਕਲੋਨੀ ਵਿੱਚ ਕੌਮੀ ਝੰਡਾ ਲਹਿਰਾਇਆ ਗਿਆ। ਸਾਬਕਾ ਫੌਜੀਆਂ ਵੱਲੋਂ ਕੀਤੇ ਗਏ ਸਮਾਗਮ ਦੌਰਾਨ ਕਰਨਲ ਮੋਹਣ ਸਿੰਘ ਅਤੇ ਕਰਨਲ ਜਰਨੈਲ ਸਿੰਘ ਮੁੱਖ ਮਹਿਮਾਨ ਵਜੋਂ ਪੁੱਜੇ ਜਦਕਿ ਭਾਰਤੀ ਕਿਸਾਨ ਯੂਨੀਅਨ ਚੜੂਨੀ ਅਤੇ ਪੰਛੀ ਸੇਵਾ ਸੁਸਾਇਟੀ ਵੱਲੋਂ ਅਸ਼ੋਕ ਥਾਪਰ ਅਤੇ ਦਰਸ਼ਨ ਬਵੇਜਾ ਆਦਿ ਨੇ ਵੀ ਸਹਿਯੋਗ ਦਿੱਤਾ। ਕੈਪਟਨ ਮਲਕੀਤ ਸਿੰਘ ਵਾਲੀਆ, ਕੈਪਟਨ ਅਨੂਪ ਸਿੰਘ, ਕੈਪਟਨ ਨਛੱਤਰ ਸਿੰਘ, ਕੈਪਟਨ ਕੁਲਵੰਤ ਸਿੰਘ ਅਤੇ ਜੇਜੇ ਅਰੋੜਾ ਦੀ ਅਗਵਾਈ ਵਿੱਚ ਹੋਏ ਸਮਾਗਮ ਦੌਰਾਨ ਸਾਬਕਾ ਫੌਜੀਆਂ ਨੇ ਤਿਰੰਗਾ ਝੰਡਾ ਲਹਿਰਾਇਆ। ਸਾਬਕਾ ਫੌਜੀਆਂ ਜੇਜੇ ਸਿੰਘ ਅਰੋੜਾ ਅਤੇ ਪ੍ਰਿਤਪਾਲ ਸਿੰਘ ਦੇ ਜਨਮ ਦਿਨ ਦੀ ਖੁਸ਼ੀ ਵਿੱਚ ਕੇਕ ਵੀ ਕੱਟਿਆ ਗਿਆ। ਇਸ ਮੌਕੇ ਸੂਬੇਦਾਰ ਕਰਨੈਲ ਸਿੰਘ, ਸੂਬੇਦਾਰ ਸਵਰਨ ਸਿੰਘ, ਸੂਬੇਦਾਰ ਸਿੰਗਾਰਾ ਸਿੰਘ, ਹੌਲਦਾਰ ਸੁਰਜੀਤ ਸਿੰਘ, ਨਾਇਕ ਬਲਵੀਰ ਸਿੰਘ, ਸੂਬੇਦਾਰ ਇੰਦਰਜੀਤ ਸਿੰਘ, ਹੌਲਦਾਰ ਜਗਦੇਵ ਸਿੰਘ, ਸਿਪਾਹੀ ਕੁਲਵੰਤ ਸਿੰਘ, ਹੌਲਦਾਰ ਧਰਮਜੀਤ ਸਿੰਘ, ਨਾਇਕ ਹੀਰਾ ਸਿੰਘ ਆਦਿ ਵੀ ਹਾਜ਼ਰ ਸਨ।
ਸੀਪੀਆਈ ਦੀ ਜ਼ਿਲ੍ਹਾ ਇਕਾਈ ਅਤੇ ਸਾਥੀ ਤੇਜਾ ਸਿੰਘ ਸੁਤੰਤਰ ਮੁਹੱਲਾ ਸੁਧਾਰ ਕਮੇਟੀ ਵੱਲੋਂ ਚਾਂਦ ਕਲੋਨੀ ਵਿੱਚ ਵਿਸ਼ਵ ਸ਼ਾਂਤੀ ਅਤੇ ਆਪਸੀ ਭਾਈਚਾਰੇ ਨੂੰ ਸਮਰਪਿਤ ਜਨਤਕ ਸਮਾਗਮ ਕੀਤਾ ਗਿਆ। ਇਸ ਮੌਕੇ ਤਿਰੰਗਾ ਝੰਡਾ ਲਹਿਰਾਉਣ ਦੀ ਰਸਮ ਸੋਸ਼ਲ ਥਿੰਕਰਜ ਫੋਰਮ ਦੇ ਕੋ-ਕਨਵੀਨਰ ਡਾ: ਰਜਿੰਦਰ ਪਾਲ ਸਿੰਘ ਔਲਖ ਨੇ ਅਦਾ ਕੀਤੀ। ਉਨ੍ਹਾਂ ਕਿਹਾ ਕਿ ਆਜ਼ਾਦੀ ਪ੍ਰਾਪਤ ਕਰਨ ਲਈ ਸਾਡੇ ਵਡੇਰਿਆਂ ਨੇ ਅਥਾਹ ਕੁਰਬਾਨੀਆਂ ਕੀਤੀਆਂ ਅਤੇ ਆਪਣੀਆਂ ਜ਼ਿੰਦਗੀਆਂ ਵਤਨ ਦੇ ਲੇਖੇ ਲਾਈਆਂ ਤਾਂ ਕਿ ਆਉਣ ਵਾਲੀਆਂ ਪੀੜ੍ਹੀਆਂ ਆਜ਼ਾਦ ਫਿਜ਼ਾ ਵਿੱਚ ਸਾਹ ਲੈ ਸਕਣ। ਸਕੱਤਰ ਐਮਐਸ ਭਾਟੀਆ ਨੇ ਸਭ ਨੂੰ ਮੁਬਾਰਕਬਾਦ ਦਿੱਤੀ।