ਸਾਰਾਗੜ੍ਹੀ ਦੀ 128 ਵੀਂ ਵਰ੍ਹੇਗੰਢ ਸਬੰਧੀ ਸਮਾਗਮ
ਭਾਈ ਸਾਹਿਬ ਸਿੰਘ ਤੇ ਭਾਈ ਗੁਰਮੁੱਖ ਸਿੰਘ ਦੀ ਚੌਥੀ ਪੀੜ੍ਹੀ ਦੇ ਵਾਰਿਸ ਸਨਮਾਨੇ
ਸਾਰਾਗੜ੍ਹੀ ਫਾਊਂਡੇਸ਼ਨ ਵੱਲੋਂ ਮਾਲਵਾ ਸੈਂਟਰਲ ਕਾਲਜ ਆਫ਼ ਐਜੂਕੇਸ਼ਨ ਫਾਰ ਵੂਮੈਨ ਸਿਵਲ ਲਾਈਨਜ਼ ਵਿੱਚ ਸਾਰਾਗੜ੍ਹੀ ਦੇ ਇਤਿਹਾਸਕ ਯੁੱਧ ਦੀ 128ਵੀਂ ਵਰ੍ਹੇਗੰਢ ਬੜੇ ਉਤਸ਼ਾਹ ਨਾਲ ਮਨਾਈ ਗਈ ਜਿਸ ਵਿੱਚ ਸਾਕਾ ਸਾਰਗੜ੍ਹੀ ਦੌਰਾਨ ਸ਼ਹੀਦ ਹੋਣ ਵਾਲੇ 36 ਸਿੱਖ ਰੈਜ਼ੀਮੈਂਟ ਦੇ ਬਹਾਦਰ 21 ਸਿੱਖ ਫ਼ੌਜ਼ੀਆ ਦੀ ਸ਼ਹੀਦੀ ਨੂੰ ਯਾਦ ਕੀਤਾ ਗਿਆ।
ਕਾਲਜ ਪ੍ਰਬੰਧਕ ਕਮੇਟੀ, ਰੋਟਰੀ ਕਲੱਬ ਆਫ਼ ਲੁਧਿਆਣਾ ਸਿਟੀ ਅਤੇ ਡੋਮਜ਼ ਕੰਪਨੀ ਦੇ ਸਹਿਯੋਗ ਨਾਲ ਹੋਏ ਸਮਾਗਮ ਵਿੱਚ ਕਰਨਲ (ਸੇਵਾਮੁਕਤ) ਡਾ. ਡੀਐਸ ਗਰੇਵਾਲ, ਸੂਬੇਦਾਰ (ਸੇਵਾਮੁਕਤ) ਚਰਨ ਸਿੰਘ ਕੀਰਤੀ ਚੱਕਰ ਵਿਜੇਤਾ, ਸੁਰਿੰਦਰ ਸਿੰਘ ਕਟਾਰੀਆ ਚੇਅਰਮੈਨ ਰੋਟਰੀ ਫਾਊਂਡੇਸ਼ਨ ਅਤੇ ਯੂਨਾਈਟਡ ਸਿੱਖਸ ਦੇ ਡਾਇਰੈਕਟਰ ਅੰਮ੍ਰਿਤਪਾਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੁਨੀਆਂ ਦੇ ਇਤਿਹਾਸ ਵਿੱਚ ਸਾਰਾਗੜ੍ਹੀ ਲੜਾਈ ਦੀ ਮਿਸਾਲ ਵਿਰਲੀ ਹੀ ਮਿਲਦੀ ਹੈ। ਉਨ੍ਹਾਂ ਦੱਸਿਆ ਕਿ 36ਵੀਂ ਸਿੱਖ ਰੈਜ਼ੀਮੈਂਟ ਦੇ 21 ਬਹਾਦਰ ਸੂਰਮਿਆਂ ਵੱਲੋਂ 12 ਸਤੰਬਰ 1897 ਨੂੰ ਆਪਣੇ ਤੋਂ 500 ਗੁਣਾ ਵੱਧ ਹਥਿਆਰਾਂ ਨਾਲ ਲੈਸ ਕਬਾਇਲੀ ਅਫ਼ਗ਼ਾਨੀਆਂ ਤੇ ਪਠਾਣਾਂ ਨਾਲ ਲੜਦੇ ਹੋਏ ਦ੍ਰਿੜ ਇਰਾਦੇ ਅਤੇ ਹਿੰਮਤ ਦਾ ਜ਼ੋਰਦਾਰ ਪ੍ਰਦਰਸ਼ਨ ਕੀਤਾ। ਜਿਸ ਦੀ ਬਦੌਲਤ ਸ਼ਹੀਦ ਹੋਣ ਵਾਲੇ ਸਮੂਹ ਸਿੱਖ ਫ਼ੌਜ਼ੀਆਂ ਨੂੰ ਉਸ ਵੇਲੇ ਦੀ ਬ੍ਰਿਟਿਸ਼ ਸਰਕਾਰ ਨੇ ਆਪਣੇ ਸਭ ਤੋਂ ਵੱਡੇ ਐਵਾਰਡ ਬ੍ਰਿਟਿਸ਼ ਕਰਾਊਨ ਨਾਲ ਸਨਮਾਨਿਤ ਕੀਤਾ ਸੀ।
ਇਸ ਮੌਕੇ ਸਾਕਾ ਸਾਰਾਗੜ੍ਹੀ ਦੇ ਸ਼ਹੀਦ ਭਾਈ ਸਾਹਿਬ ਸਿੰਘ ਦੀ ਚੌਥੀ ਪੀੜ੍ਹੀ ਦੇ ਵਾਰਿਸਾਂ ਹਰਜਿੰਦਰ ਸਿੰਘ, ਸਵਰਨਜੀਤ ਕੌਰ, ਜਗਦੀਪ ਸਿੰਘ, ਜਸਵਿੰਦਰ ਕੌਰ ਅਤੇ ਸ਼ਹੀਦ ਭਾਈ ਗੁਰਮੁੱਖ ਸਿੰਘ ਦੀ ਚੌਥੀ ਪੀੜ੍ਹੀ ਦੇ ਵਾਰਿਸ ਬੀਬੀ ਜਸਪਾਲ ਕੌਰ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ।
ਇਸ ਦੌਰਾਨ ਸਾਰਾਗੜ੍ਹੀ ਫਾਊਂਡੇਸ਼ਨ ਦੇ ਮੀਡੀਆ ਸਲਾਹਕਾਰ ਰਣਜੀਤ ਸਿੰਘ ਖਾਲਸਾ ਨੇ ਕਿਹਾ ਕਿ ਇਤਿਹਾਸਕ ਸਾਰਾਗੜ੍ਹੀ ਦੀ ਲੜਾਈ ਦੀ ਮਹੱਤਤਾ ਨੂੰ ਸਮੁੱਚੇ ਸੰਸਾਰ ਦੇ ਲੋਕਾਂ ਤੱਕ ਪਹੁੰਚਾਉਣ ਦੇ ਮਨੋਰਥ ਨੂੰ ਲੈ ਕੇ ਫਾਊਂਡੇਸ਼ਨ ਵੱਲੋਂ ਕਈ ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਇਸੇ ਲੜੀ ਤਹਿਤ ਨੌਜਵਾਨ ਪੀੜ੍ਹੀ ਨੂੰ ਬਹਾਦਰ ਸਿੱਖ ਫੌਜ਼ੀਆਂ ਦੀ ਲਾਸਾਨੀ ਕੁਰਬਾਨੀ ਤੋਂ ਜਾਣੂ ਕਰਵਾਉਣ ਲਈ ਸਾਰਾਗੜ੍ਹੀ ਚਿੱਤਰ ਬਣਾਉ ਪ੍ਰਤੀਯੋਗਿਤਾ ਕਰਾਈ ਗਈ ਸੀ। ਇਸ ਮੌਕੇ ਕਾਲਜ ਪ੍ਰਿੰਸੀਪਲ ਸ੍ਰੀਮਤੀ ਡਾ.ਤ੍ਰਿਪਤਾ ਨੇ ਕਿਹਾ ਕਿ ਸ਼ਹੀਦਾਂ ਦੀਆਂ ਯਾਦਾਂ ਨੂੰ ਵੱਡੇ ਪੱਧਰ ਤੇ ਮਨਾਉਣਾ ਸਾਡਾ ਸਾਰਿਆਂ ਦਾ ਮੁੱਢਲਾ ਫਰਜ਼ ਹੈ। ਸਮਾਗਮ ਦੌਰਾਨ ਕਾਲਜ ਵਿਦਿਆਰਥਣਾਂ ਵੱਲੋਂ ਸ਼ਬਦ ਗਾਇਨ ਅਤੇ ਬੀਰ ਰਸੀ ਕਵਿਤਾਵਾਂ ਪੇਸ਼ ਕੀਤੀਆਂ ਗਈਆਂ।
ਇਸ ਮੌਕੇ ਕਰਨਲ ਡਾ ਡੀਐਸ ਗਰੇਵਾਲ ਅਤੇ ਸੂਬੇਦਾਰ ਚਰਨ ਸਿੰਘ ਨੂੰ ਵੀ ਵਿਸੇਸ਼ ਤੌਰ ਤੇ ਐਵਾਰਡ ਭੇਟ ਕੀਤੇ ਗਏ ਜਦਕਿ ਸਾਰਾਗੜ੍ਹੀ ਚਿੱਤਰ ਬਣਾਉ ਪ੍ਰਤੀਯੋਗਤਾ ਵਿੱਚ ਭਾਗ ਲੈਣ ਵਾਲੀਆਂ ਵਿਦਿਆਰਥਣਾਂ ਨੂੰ ਵੀ ਸਨਮਾਨਿਤ ਕੀਤਾ ਗਿਆ।