ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ ਵਿਸ਼ਵਕਰਮਾ ਐਜੂਕੇਸ਼ਨਲ ਐਂਡ ਵੈਲਫੇਅਰ ਸਭਾ ਵੱਲੋਂ ਬਲਵਿੰਦਰ ਸਿੰਘ ਸੌਂਦ ਤੇ ਹਰਜੀਤ ਸਿੰਘ ਸੋਹਲ ਦੀ ਅਗਵਾਈ ਹੇਠ ਵਿਸ਼ਵਕਰਮਾ ਮੰਦਰ ਨਵੀਂ ਅਬਾਦੀ ਵਿੱਚ ਬਾਬਾ ਵਿਸ਼ਵਕਰਮਾ ਦਾ 66ਵਾਂ ਵਾਰਸ਼ਿਕ ਉਤਸਵ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੜਕੇ 4 ਵਜੇ ਮੂਰਤੀ ਇਸ਼ਨਾਨ ਉਪਰੰਤ ਹਵਨ ਜਤਿੰਦਰ ਸਿੰਘ ਸੋਹਲ ਤੇ ਉਨ੍ਹਾਂ ਦੇ ਪਰਿਵਾਰ ਵੱਲੋਂ ਆਰੰਭ ਹੋਇਆ ਅਤੇ ਸੰਪੂਰਣ ਅਹੂਤੀ ਦੀ ਰਸਮ ਬਿਕਰਮਜੀਤ ਸਿੰਘ ਲੋਟੇ ਨੇ ਨਿਭਾਈ।
ਉਪਰੰਤ ਝੰਡਾ ਲਹਿਰਾਉਣ ਦੀ ਰਸਮ ਮਨਪ੍ਰੀਤ ਸਿੰਘ ਨੇ ਅਦਾ ਕਰਦਿਆਂ ਸਭਾ ਨੂੰ ਇਕ ਲੱਖ ਰੁਪਏ ਦੇਣ ਦਾ ਐਲਾਨ ਕੀਤਾ ਜਦੋਂ ਕਿ ਬਲੱਡ ਕੈਂਪ ਦਾ ਉਦਘਾਟਨ ਬਲਵਿੰਦਰ ਸਿੰਘ ਧੰਜਲ ਨੇ ਕੀਤਾ। ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਰਾਮਗੜ੍ਹੀਆਂ ਭਾਈਚਾਰੇ ਨੂੰ ਬਾਬਾ ਜੀ ਦੇ ਜਨਮ ਦਿਹਾੜੇ ਦੀ ਵਧਾਈ ਦਿੰਦਿਆਂ ਕਿਹਾ ਕਿ ਬਾਬਾ ਵਿਸ਼ਵਕਰਮਾ ਜੀ ਦੀ ਮਹਿਮਾ ਅਪ੍ਰਮ ਅਪਾਰ ਹੈ, ਜਿਨ੍ਹਾਂ ਦੀ ਕ੍ਰਿਪਾ ਸਦਕਾ ਹੀ ਮਨੁੱਖ ਵੱਲੋਂ ਸੂਈ ਤੋਂ ਲੈ ਕੇ ਜਹਾਜ਼ ਦਾ ਨਿਰਮਾਣ ਹੋਇਆ ਹੈ ਅਤੇ ਤਰੱਕੀਆਂ ਹਾਸਲ ਕੀਤੀਆਂ ਹਨ। ਉਨ੍ਹਾਂ ਵੱਲੋਂ ਬਣਾਏ ਔਜਾਰਾਂ ਕਰਕੇ ਦੇਸ਼ ਵਿਚ ਵੱਡੀਆਂ-ਵੱਡੀਆਂ ਬਿਲਡਿੰਗਾਂ ਦੇ ਨਿਰਮਾਣ ਹੋ ਰਹੇ ਹਨ, ਇਸ ਸਭ ਸ਼ਿਲਪ ਦੇ ਦੇਵਤਾ ਬਾਬਾ ਵਿਸ਼ਵਕਰਮਾ ਜੀ ਦੀ ਹੀ ਦੇਣ ਹੈ। ਬਾਬਾ ਵਿਸ਼ਵਕਰਮਾ ਜੀ ਨੂੰ ਸਾਰੀ ਲੋਕਾਈ ਸ਼ਿਲਪ ਦਾ ਦੇਵਤਾ ਮੰਨਦੀ ਹੈ ਅਤੇ ਅਜਿਹੇ ਸਮਾਗਮ ਹੀ ਆਉਣ ਵਾਲੀਆਂ ਪੀੜ੍ਹੀਆਂ ਨੂੰ ਆਪਣੇ ਵਿਰਸੇ ਨਾਲ ਜੋੜ ਕੇ ਰੱਖਦੇ ਹਨ। ਉਨ੍ਹਾਂ ਮੰਦਰ ਪ੍ਰਬੰਧਕ ਕਮੇਟੀ ਨੂੰ ਆਪਣੇ ਅਖਤਿਆਰੀ ਕੋਟੇ ਵਿਚੋਂ 5 ਲੱਖ ਰੁਪਏ ਦੇਣ ਤੋਂ ਇਲਾਵਾ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਭੁਪਿੰਦਰ ਸਿੰਘ ਸੌਂਦ, ਨਗਰ ਕੌਂਸਲ ਦੇ ਪ੍ਰਧਾਨ ਕਮਲਜੀਤ ਸਿੰਘ ਲੱਧੜ, ਈਓ ਚਰਨਜੀਤ ਸਿੰਘ ਉੱਭੀ, ਰਾਜਿੰਦਰ ਸਿੰਘ ਜੀਤ, ਮੋਹਨ ਸਿੰਘ ਮਲੇਰਕੋਟਲਾ ਵਿਸ਼ੇਸ਼ ਤੌਰ ਤੇ ਸ਼ਾਮਲ ਹੋਏ। ਇਸ ਮੌਕੇ ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਨੇ ਕਿਹਾ ਕਿ ਅੱਜ ਸਮੁੱਚੀ ਦੁਨੀਆਂ ਅੰਦਰ ਵਿਸ਼ਵਕਰਮਾ ਵੰਸੀਆਂ ਵੱਲੋਂ ਵੱਡੀਆਂ ਤਰੱਕੀਆਂ ਨੂੰ ਛੂਹਿਆ ਗਿਆ ਹੈ। ਉਨ੍ਹਾਂ ਖੰਨਾ ਵਿਖੇ ਭਾਈਚਾਰੇ ਵੱਲੋਂ ਕੀਤੇ ਜਾ ਰਹੇ ਕਿਰਤ ਦੇ ਕਾਰਜਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਬਾਬਾ ਵਿਸ਼ਵਕਰਮਾ ਦੀ ਦੇਣ ਸਦਕਾ ਹੀ ਮਨੁੱਖ ਉੱਚ ਤਕਨੀਕਾਂ ਰਾਹੀਂ ਮੰਗਲ ਗ੍ਰਹਿ ਤੱਕ ਪੁੱਜਿਆ ਜਿੱਥੇ ਜਲਵਾਯੂ ਬਾਰੇ ਅਧਿਐਨ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਖੰਨਾ ਸ਼ਹਿਰ ਦੀ ਤਰੱਕੀ ਵਿਚ ਵੀ ਰਾਮਗੜ੍ਹੀਆਂ ਭਾਈਚਾਰੇ ਨੇ ਅਹਿਮ ਯੋਗਦਾਨ ਪਾਇਆ ਹੈ ਜਿਸ ਸਦਕਾ ਅੱਜ ਭਾਈਚਾਰੇ ਦੇ ਲੋਕਾਂ ਅੰਦਰ ਇਕਜੁੱਟਤਾ ਸਦਕਾ ਹੀ ਸ਼੍ਰੀ ਵਿਸ਼ਵਕਰਮਾ ਮੰਦਰ ਦੇ ਅਹਾਤੇ ਵਿਚ ਬਣਿਆ ਕਮਿਊਨਿਟੀ ਹਾਲ ਬਣ ਰਿਹਾ ਹੈ ਜੋ ਕਿ ਸ਼ਹਿਰ ਦੀ ਵੱਡੀ ਸ਼ਾਨ ਹਨ। ਅੰਤ ਵਿਚ ਉਨ੍ਹਾਂ ਸੰਸਦ ਡਾ. ਅਮਰ ਸਿੰਘ ਦੇ ਕੋਟੇ ਵਿਚੋਂ ਸਭਾ ਨੂੰ 5 ਲੱਖ ਰੁਪਏ ਦੇਣ ਦਾ ਐਲਾਨ ਕੀਤਾ। ਇਸ ਮੌਕੇ ਰਮਨਜੀਤ ਸਿੰਘ ਸੌਂਦ ਨੇ ਵੀ ਸਭਾ ਵੱਲੋਂ ਕਰਵਾਏ ਜਾ ਰਹੇ ਸਮਾਗਮਾਂ ਵਿਚ ਹਰ ਤਰ੍ਹਾਂ ਦਾ ਸਹਿਯੋਗ ਦੇਣ ਦਾ ਭਰੋਸਾ ਦਿਵਾਇਆ। ਸਭਾ ਵੱਲੋਂ ਦੇਸ਼ ਦੇ ਸਾਬਕਾ ਰਾਸ਼ਟਰਪਤੀ ਗਿਆਨੀ ਜੈਲ ਸਿੰਘ ਦੇ ਪੋਤਰੇ ਇੰਦਰਜੀਤ ਸਿੰਘ ਬੱਬੂ ਅਤੇ ਬ੍ਰਾਊਨ ਕੁੜੀ ਫੇਮ ਬੀਬੀ ਹਰਪਾਲ ਕੌਰ ਧੰਜਲ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਕੀਤਾ ਗਿਆ, ਜੋ ਨੌਜਵਾਨਾਂ ਨੂੰ ਹਰ ਖੇਤਰ ਵਿਚ ਮੋਹਰੀ ਭੂਮਿਕਾ ਨਿਭਾਉਣ ਲਈ ਪ੍ਰੇਰਿਤ ਕਰਦੇ ਹਨ। ਸਮਾਗਮ ਮੌਕੇ ਕਥਾ ਵਾਚਕ ਅੰਤਰਰਾਸ਼ਟਰੀ ਰਫੀ ਐਵਾਰਡ ਜੇਤੂ ਤਰਲੋਕ ਧੀਮਾਨ (ਸੁਨਾਮ ਵਾਲੇ) ਅਤੇ ਲੱਕੀ ਧੀਮਾਨ ਨੇ ਬਾਬਾ ਜੀ ਦਾ ਗੁਣਗਾਨ ਕੀਤਾ। ਇਸ ਮੌਕੇ ਜਿੱਥੇ ਖੂਨਦਾਨ ਕੈਂਪ ਵਿਚ ਲਿਵਾਸਾ ਹਸਪਤਾਲ ਦੀ ਟੀਮ ਵੱਲੋਂ 57 ਯੂਨਿਟ ਖੂਨ ਇੱਕਤਰ ਕੀਤਾ ਗਿਆ ਉੱਥੇ ਹੀ ਡਾਕਟਰਾਂ ਦੀ ਟੀਮ ਵੱਲੋਂ 200 ਦੇ ਕਰੀਬ ਮਰੀਜ਼ਾਂ ਦੀ ਜਾਂਚ ਕੀਤੀ ਗਈ। ਅੰਤ ਵਿਚ ਸਭਾ ਵੱਲੋਂ ਸ਼ਹਿਰ ਦੀਆਂ ਵੱਖ ਵੱਖ ਸਖ਼ਸ਼ੀਅਤਾਂ ਨੂੰ ਸਨਮਾਨਿਤ ਕੀਤਾ ਗਿਆ।