ਸੰਸਥਾ ਲਾਇਨਜ਼ ਕਲੱਬ ਜਗਰਾਉਂ ਵੱਲੋਂ ਸਰਕਾਰੀ ਪ੍ਰਇਮਰੀ ਸਕੂਲ ਪਿੰਡ ਮਲਕ ਵਿੱਚ ਸਮਾਜ ਸੇਵੀ ਅਤੇ ਇਲਾਕੇ ਦੇ ਉੱਘੇ ਮਾਸਟਰ ਰਣਜੀਤ ਸਿੰਘ ਥਿੰਦ ਦੀ ਯਾਦ ਵਿੱਚ ਸਮਾਗਮ ਕਰਵਾਇਆ ਗਿਆ ਤੇ ਵਿਦਿਆਰਥੀਆਂ ਨੂੰ ਸਟੇਸ਼ਨਰੀ ਵੰਡੀ ਗਈ। ਸਮਾਗਮ ਦੀ ਪ੍ਰਧਾਨਗੀ ਕਰਦਿਆਂ ਕਲੱਬ ਦੇ ਪ੍ਰਧਾਨ ਡਾ. ਵਿਨੋਦ ਵਰਮਾ ਨੇ ਬੱਚਿਆਂ ਨੂੰ ਮਾਸਟਰ ਰਣਜੀਤ ਸਿੰਘ ਥਿੰਦ ਬਾਰੇ ਦੱਸਦਿਆਂ ਆਖਿਆ ਕਿ ਮਾਸਟਰ ਜੀ ਨੇ ਸਰਕਾਰੀ ਅਧਿਆਪਕ ਹੁੰਦੇ ਹੋਏ, ਸਕੂਲ ਦੇ ਸਮੇਂ ਤੋਂ ਬਾਅਦ ਹਜ਼ਾਰਾਂ ਬੱਚਿਆਂ ਨੂੰ ਮੁੱਫਤ ਸਿੱਖਿਆ ਦੇ ਕੇ ਅਧਿਆਪਕ ਵਰਗ ਦਾ ਨਾਮ ਰੋਸ਼ਨ ਕੀਤਾ ਹੈ। ਉਨ੍ਹਾਂ ਆਖਿਆ ਕਿ ਉਹ ਦੋ-ਤਿੰਨ ਘੰਟੇ ਰੋਜ਼ਾਨਾ ਉਨ੍ਹਾਂ ਲੋੜਵੰਦ ਘਰਾਂ ਦੇ ਬੱਚਿਆਂ ਨੂੰ ਪੜ੍ਹਾਉਂਦੇ ਸਨ ਜੋ ਟਿਊਸ਼ਨਾਂ ਦੀ ਫੀਸ ਦੇਣ ਤੋਂ ਅਸਮਰੱਥ ਸਨ। ਉਨ੍ਹਾਂ ਨੇ ਆਪਣਾ ਜੀਵਨ ਇੱਕ ਸਾਧਗੀ ਅਤੇ ਸਫਲ ਅਧਿਆਪਕ ਵੱਜੋਂ ਬਸਰ ਕੀਤਾ।
ਅੱਜ ਵੀ ਉਨ੍ਹਾਂ ਦੇ ਪੜ੍ਹਾਏ ਬੱਚੇ ਉਨ੍ਹਾਂ ਦੀਆਂ ਕੀਤੀਆਂ ਅਣਥੱਕ ਸੇਵਾਵਾਂ ਨੂੰ ਅੱਜ ਵੀ ਯਾਦ ਕਰਦੇ ਹਨ ਅਤੇ ਉੱਚੇ ਰੁਤਬਿਆਂ ਤੇ ਬਿਰਾਜ਼ਮਾਨ ਹਨ। ਬੱਚਿਆਂ ਨੂੰ ਭਵਿੱਖ ਦੇ ਚੰਗੇ ਨਾਗਰਿਕ ਬਣਾਉਣ ’ਚ ਮਾਸਟਰ ਜੀ ਦਾ ਵੱਡਾ ਯੋਗਦਾਨ ਰਿਹਾ ਹੈ ਜਿਸ ਨੂੰ ਹਮੇਸ਼ਾ ਯਾਦ ਰੱਖਿਆ ਜਾਵੇਗਾ। ਇਸ ਮੌਕੇ ਹਾਜ਼ਰ ਕਲੱਬ ਦੇ ਸੀਨੀਅਰ ਮੈਂਬਰ ਐੱਸਪੀ ਐੱਸ ਢਿੱਲੋਂ, ਐੱਮਜੇ ਐੱਫ ਸਤਪਾਲ ਗਰੇਵਾਲ, ਬੀਰਿੰਦਰ ਸਿੰਘ ਗਿੱਲ, ਅੰਮ੍ਰਿਤ ਸਿੰਘ ਥਿੰਦ, ਚਰਨਜੀਤ ਸਿੰਘ ਢਿੱਲੋਂ, ਸੁਭਾਸ਼ ਕਪੂਰ ਤੇ ਗੁਲਵੰਤ ਸਿੰਘ ਤੇ ਸਕੂਲ ਅਧਿਆਪਕਾਂ ਨੇ ਸਾਂਝੇ ਤੌਰ ’ਤੇ ਬੱਚਿਆਂ ’ਚ ਉਨ੍ਹਾਂ ਦੀ ਲੋੜ ਅਨੁਸਾਰ ਸਟੇਸ਼ਨਰੀ ਵੰਡੀ। ਅੰਤ ਵਿੱਚ ਪ੍ਰਾਜੈਕਟ ਦੇ ਪ੍ਰਬੰਧਕ ਇੰਜ. ਅੰਮ੍ਰਿਤ ਸਿੰਘ ਥਿੰਦ ਨੇ ਸਭ ਦਾ ਧੰਨਵਾਦ ਕੀਤਾ।