ਸਥਾਨਕ ਗੁਰਸ਼ਰਨ ਕਲਾ ਭਵਨ ਵਿੱਚ ਗ਼ਦਰ ਲਹਿਰ ਦੀ ਵੀਰਾਂਗਣਾ ਗ਼ਦਰੀ ਗੁਲਾਬ ਕੌਰ ਦੀ ਸ਼ਹਾਦਤ ਸ਼ਤਾਬਦੀ ਨੂੰ ਸਮਰਪਿਤ ਨਾਟਕ ਸਮਾਗਮ ਕਰਵਾਇਆ ਗਿਆ। ਸਮਾਗਮ ਦਾ ਰਸਮੀ ਉਦਘਾਟਨ ਸਾਂਝੇ ਰੂਪ ਵਿੱਚ ਸਾਬਕਾ ਪ੍ਰਿੰਸੀਪਲ ਡਾਕਟਰ ਅਵਤਾਰ ਸਿੰਘ, ਮਾਸਟਰ ਉਜਾਗਰ ਸਿੰਘ, ਇੰਦਰਜੀਤ ਸਿੰਘ, ਲਖਿੰਦਰ ਸਿੰਘ, ਜਸਰਮਨ ਸਿੰਘ, ਬਾਬਾ ਤੇਜਾ ਸਿੰਘ, ਜਰਨੈਲ ਸਿੰਘ, ਹਰਕੇਸ਼ ਚੌਧਰੀ ਨੇ ਕੀਤਾ। ਡਾ. ਅਵਤਾਰ ਸਿੰਘ ਨੇ ਕਿਹਾ ਕਿ ਲੋਕ ਕਲਾ ਉਹ ਹੁੰਦੀ ਹੈ ਜੋ ਲੋਕਾਂ ਦੇ ਅਤੇ ਸਮਾਜ ਦੇ ਦੁੱਖਾਂ ਦਰਦਾਂ ਦੀ ਬਾਤ ਪਾਵੇ। ਲੋਕ ਕਲਾ ਮੰਚ ਮੁੱਲਾਂਪੁਰ ਵਾਲੇ ਇਹ ਕੰਮ ਬਾਖੂਬੀ ਕਰਦੇ ਆ ਰਹੇ ਹਨ। ਮੰਚ ਦੇ ਪ੍ਰਧਾਨ ਹਰਕੇਸ਼ ਚੌਧਰੀ ਨੇ ਕਿਹਾ ਕਿ ਇਹ ਨਾਟਕ ਸਮਾਗਮ ਇਨਕਲਾਬੀ ਨਾਟਕਕਾਰ ਗੁਰਸ਼ਰਨ ਭਾਅ ਜੀ ਨੂੰ ਵੀ ਸਮਰਪਿਤ ਹੈ ਜਿਨ੍ਹਾਂ ਦੀ ਅੱਜ ਬਰਸੀ ਹੈ।
ਸਮਾਗਮ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਵੀ ਸਮਰਪਿਤ ਕੀਤਾ ਗਿਆ। ਇਸ ਮੌਕੇ ਲੋਕ ਕਲਾ ਮੰਚ ਮੰਡੀ ਮੁੱਲਾਂਪੁਰ ਵਲੋਂ ਹਰਕੇਸ਼ ਚੌਧਰੀ ਦਾ ਲਿਖਿਆ ਅਤੇ ਨਿਰਦੇਸ਼ਿਤ ਗ਼ਦਰੀ ਗੁਲਾਬ ਕੌਰ ਦੀ ਜ਼ਿੰਦਗੀ ਦੇ ਬਿਰਤਾਂਤ ਨੂੰ ਪੇਸ਼ ਕਰਦਾ ਅਤੇ ਗ਼ਦਰ ਲਹਿਰ ਦੇ ਅਧੂਰੇ ਸੁਪਨਿਆਂ ਦੀ ਗੱਲ ਕਰਦਾ ਨਾਟਕ ‘ਜਦ ਧਰਤਿ ਵੰਗਾਰੇ ਤਖ਼ਤ ਨੂੰ’ ਖੇਡਿਆ। ਨਾਟਕ ਵਿੱਚ ਬਾਖੂਬੀ ਦੱਸਿਆ ਗਿਆ ਕਿ ਭਾਂਵੇ ਦੇਸ਼ ਨੂੰ ਆਜ਼ਾਦ ਹੋਏ ਨੂੰ ਅਠੱਤਰ ਸਾਲ ਹੋ ਗਏ ਹਨ ਪਰ ਅੰਗਰੇਜ਼ ਹਾਕਮਾਂ ਅਤੇ ਅੱਜ ਦੇ ਹਾਕਮਾਂ ਵਿੱਚ ਭੋਰਾ ਫਰਕ ਨਹੀਂ ਹੈ। ਹਕੂਮਤ ਦੀ ਖ਼ਸਲਤ ਉਹੀ ਹੈ। ਨਾਟਕ ਨੇ ਦਰਸ਼ਕਾਂ ਨੂੰ ਗ਼ਦਰ ਲਹਿਰ ਦੇ ਅਣਗੋਲੇ ਵਰਕਿਆਂ ਦੇ ਸਫ਼ਰ ਦਾ ਸਾਥੀ ਬਣਾਇਆ। ਗ਼ਦਰੀ ਗੁਲਾਬ ਕੌਰ ਦੀ ਭੂਮਿਕਾ ਵਿੱਚ ਨੈਨਾ ਸ਼ਰਮਾ ਨੇ ਮਨ ਮੋਹ ਲਿਆ। ਕਮਲਜੀਤ ਮੋਹੀ, ਦੀਪਕ ਰਾਏ, ਪਰਦੀਪ ਕੌਰ, ਰਣਵੀਰ ਸਿੰਘ ਨੇ ਆਪਣੀ ਅਦਾਕਾਰੀ ਦਾ ਲੋਹਾ ਮੰਨਵਾਇਆ। ਭਾਗ ਸਿੰਘ, ਚੰਨਪ੍ਰੀਤ ਕੌਰ, ਕਿਰਨਪ੍ਰੀਤ ਕੌਰ, ਲਖਵੀਰ ਸਿੰਘ, ਪਰਮਪ੍ਰੀਤ ਕੌਰ, ਸੁਕਸ਼ਮਦੀਪ ਸਿੰਘ, ਰਹਿਬਰ ਸਿੰਘ ਨੇ ਵੀ ਪੂਰੀ ਤਰ੍ਹਾਂ ਖੁੱਭ ਕੇ ਅਦਾਕਾਰੀ ਕੀਤੀ। ਨਾਟਕ ਸਮਾਗਮ ਪੂਰੀ ਤਰ੍ਹਾਂ ਕਾਮਯਾਬ ਰਿਹਾ। ਇਸ ਮੌਕੇ ਪ੍ਰਿੰਸੀਪਲ ਰਾਜਿੰਦਰ ਸਿੰਘ, ਪਵਨ ਕੁਮਾਰ, ਸੀਮਾ ਰਾਣੀ, ਲੈਕਚਰਾਰ ਪਰਗਟ ਸਿੰਘ, ਪਰਮਜੀਤ ਸਿੰਘ ਪੰਮੀ, ਜਸਪਾਲ ਸਿੰਘ ਮੁੱਲਾਂਪੁਰ, ਅਜਮੇਰ ਸਿੰਘ ਮੁੱਲਾਂਪੁਰ, ਬਲਵੀਰ ਸਿੰਘ ਬਾਸੀਆਂ, ਮਾਸਟਰ ਗੁਰਜੀਤ ਸਿੰਘ ਹਾਜ਼ਰ ਸਨ।