ਰਾਮਗੜ੍ਹੀਆ ਗਰਲਜ਼ ਕਾਲਜ ਲੁਧਿਆਣਾ ਦੇ ਪੋਸਟ ਗ੍ਰੈਜੂਏਟ ਸੰਗੀਤ ਗਾਇਨ ਵਿਭਾਗ ਦੇ ਉੱਦਮ ਨਾਲ ‘ਦਿ ਵਰਧਮਾਨ ਸਟੀਲ ਕਲਾਸਿਕਲ ਸੀਰੀਜ਼’ ਵੱਲੋਂ ਸਪਿਕ ਮੈਕੇ ਪੰਜਾਬ ਚੈਪਟਰ ਦੇ ਸਹਿਯੋਗ ਨਾਲ ਸੰਗੀਤ ਨਾਟਕ ਅਕਾਦਮੀ ਵੱਲੋਂ ਸਨਮਾਨਿਤ ਅਤੇ ਜੈਪੁਰ ਘਰਾਣੇ ਦੇ ਉੱਘੇ ਕਲਾਕਾਰ ਗੁਰੂ ਪੰਡਿਤ ਰਾਜੇਂਦਰ ਗੰਗਾਨੀ ਦੇ ਕਥਕ ਨ੍ਰਿਤ ਦੀ ਪੇਸ਼ਕਾਰੀ ਕਰਵਾਈ ਗਈ। ਕਾਲਜ ਕੌਂਸਲ ਦੇ ਪ੍ਰਧਾਨ ਰਣਜੋਧ ਸਿੰਘ ਅਤੇ ਕਾਲਜ ਪ੍ਰਿੰਸੀਪਲ ਡਾ. ਅਜੀਤ ਕੌਰ ਨੇ ਕਲਾਕਾਰਾਂ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਵਰਧਮਾਨ ਸਪੈਸ਼ਲ ਸਟੀਲਜ਼ ਦੇ ਪ੍ਰਬੰਧਕ ਨਿਰਦੇਸ਼ਕ ਅਤੇ ਉਪ ਅਧਿਕਾਰੀ ਸਚਿਤ ਜੈਨ ਤੇ ਡਾ. ਪੰਜਾਬ ਸਪਿਕ ਮੈਕੇ ਦੇ ਕੌਮੀ ਕਾਰਜਕਰਤਾ ਮੈਂਬਰ ਸੰਗੀਤਾ ਬੀ ਕੁਸ਼ਵਾਹਾ ਸਮਾਗਮ ਵਿੱਚ ਵਿਸ਼ੇਸ਼ ਮਹਿਮਾਨਾਂ ਵਜੋਂ ਸ਼ਾਮਲ ਹੋਏ।
ਇਸ ਮੌਕੇ ਗੁਰੂ ਰਾਜੇਂਦਰ ਗੰਗਾਨੀ ਨੇ ਅਦਭੁਤ ਕੱਥਕ ਦੀ ਪੇਸ਼ਕਾਰੀ ਦੇ ਕੇ ਦਰਸ਼ਕਾਂ ਦਾ ਮਨ ਮੋਹ ਲਿਆ। ਇਸ ਮੌਕੇ ਤਬਲੇ ’ਤੇ ਗੁਰੂ ਫਤਿਹ ਸਿੰਘ ਗੰਗਾਨੀ, ਗਾਇਨ ਅਤੇ ਹਰਮੋਨੀਅਮ ’ਤੇ ਵਿਨੋਦ ਕੁਮਾਰ ਅਤੇ ਸਰੰਗੀ ’ਤੇ ਉਸਤਾਦ ਨਫੀਸ ਨੇ ਉਨ੍ਹਾਂ ਦਾ ਸਾਥ ਦਿੱਤਾ। ਰਣਜੋਧ ਸਿੰਘ ਨੇ ਕਿਹਾ ਕਿ ਵਿਦਿਆਰਥੀਆਂ ਲਈ ਸਮੇਂ-ਸਮੇਂ ’ਤੇ ਅਜਿਹੀਆਂ ਪੇਸ਼ਕਾਰੀਆਂ ਲੋੜੀਂਦੀਆਂ ਹੁੰਦੀਆਂ ਹਨ ਤੇ ਅਜਿਹੇ ਕਲਾਕਾਰਾਂ ਤੋਂ ਚੰਗੀ ਪ੍ਰੇਰਣਾ ਮਿਲਦੀ ਹੈ। ਪ੍ਰਿੰਸੀਪਲ ਡਾ. ਅਜੀਤ ਕੌਰ ਨੇ ਕਿਹਾ ਕਿ ਗੁਰੂ ਜੀ ਦਾ ਨ੍ਰਿਤ ਸਾਰੇ ਕਲਾਕਾਰਾਂ ਲਈ ਇੱਕ ਆਦਰਸ਼ ਉਦਾਹਰਣ ਪੇਸ਼ ਕਰਦਾ ਹੈ ਕਿ ਅਸੀਂ ਆਪਣੀ ਪ੍ਰਾਚੀਨ ਸਭਿਅਤਾ ਅਤੇ ਸੰਸਕ੍ਰਿਤੀ ਨੂੰ ਕਿਵੇਂ ਸੁਰੱਖਿਅਤ ਰੱਖ ਸਕਦੇ ਹਾਂ।