ਗੁਰੂ ਨਾਨਕ ਕਾਲਜ ਵਿੱਚ ਸਮਾਗਮ
ਇਥੋਂ ਦੇ ਗੁਰੂ ਨਾਨਕ ਨੈਸ਼ਨਲ ਕਾਲਜ ਦੇ ਡਾ. ਈਸ਼ਵਰ ਸਿੰਘ ਯਾਦਗਾਰੀ ਹਾਲ ਵਿੱਚ ਪ੍ਰਿੰਸੀਪਲ ਡਾ. ਸਰਵਜੀਤ ਕੌਰ ਬਰਾੜ ਦੀ ਅਗਵਾਈ ਹੇਠ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਕਾਲਜ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਪ੍ਰਤਾਪ ਸਿੰਘ ਬਰਾੜ ਨੇ ਵਿਦਿਆਰਥੀਆਂ ਨੂੰ ਤੀਆਂ ਬਾਰੇ ਦੱਸਿਆ। ਵਿਦਿਆਰਥੀਆਂ ਨੇ ਸੰਗੀਤ ਵਿਭਾਗ ਦੇ ਮੁੱਖੀ ਪ੍ਰੋ. ਰਾਮਪਾਲ ਬੰਗਾ ਦੀ ਨਿਗਰਾਨ ਹੇਠ ਗਰੁੱਪ ਡਾਂਸ, ਮਾਡਲਿੰਗ ਅਤੇ ਗਿੱਧੇ-ਭੰਗੜੇ ਦੀ ਪੇਸ਼ਕਾਰੀ ਕੀਤੀ। ਪ੍ਰੋ. ਨਿਧੀ ਸਰੂਪ ਨੇ ਦੱਸਿਆ ਕਿ ਤੀਆਂ ਦੇ ਤਿਉਹਾਰ ਮੌਕੇ ਕੁੜੀਆਂ ਇੱਕਠੀਆਂ ਹੋ ਕੇ ਪੀਘਾਂ ਝੂਟਦੀਆਂ ਹਨ ਅਤੇ ਆਪਣੇ ਬਚਪਨ ਦੇ ਦਿਨਾਂ ਨੂੰ ਯਾਦ ਕਰਦੀਆਂ।
ਇਸ ਮੌਕੇ ਪ੍ਰਭਪ੍ਰੀਤ ਕੌਰ ਨੇ ਸੋਹਣੀ ਮੁਟਿਆਰ, ਸਮਨਪ੍ਰੀਤ ਕੌਰ ਨੇ ਸ਼ੌਕਣ ਮੇਲੇ ਦੀ, ਰਜਨੀ ਨੇ ਸੁਚੱਜੀ ਮੁਟਿਆਰ, ਗੁਰਸਿਮਰ ਕੌਰ ਬਰਾੜ ਨੇ ਮਜਾਜਣ, ਰਵਨੀਤ ਕੌਰ ਨੇ ਵਿਰਸੇ ਦੀ ਰਾਣੀ, ਗੁਰਵੀਰ ਕੌਰ ਗਰੇਵਾਲ ਨੇ ਧੀ ਪੰਜਾਬ ਦੀ, ਹਾਰਦਿਕ ਨੇ ਗੱਭਰੂ ਪੰਜਾਬੀ, ਕਰਨਵੀਰ ਨੇ ਭੰਗੜੇ ਦੀ ਸ਼ਾਨ, ਹਰਮਨਪ੍ਰੀਤ ਸਿੰਘ ਨੇ ਕੈਂਠੇ ਵਾਲਾ ਗੱਭਰੂ, ਜਤਿਨ ਨੇ ਸ਼ਾਨ ਪੰਜਾਬ ਦੀ ਖਿਤਾਬ ਹਾਸਲ ਕੀਤੇ। ਜੇਤੂਆਂ ਨੂੰ ਇਨਾਮਾਂ ਦੀ ਵੰਡ ਕਰਦਿਆਂ ਸ੍ਰੀ ਬਰਾੜ ਨੇ ਵਿਦਿਆਰਥੀਆਂ ਨੂੰ ਪੜ੍ਹਾਈ ਦੇ ਨਾਲ ਨਾਲ ਵੱਖ ਵੱਖ ਗਤੀਵਿਧੀਆਂ ਵਿਚ ਹਿੱਸਾ ਲੈਣ ਅਤੇ ਆਪਣੇ ਗੌਰਵਮਈ ਸੱਭਿਆਚਾਰ ਨੂੰ ਸੰਭਾਲਣ ਲਈ ਪ੍ਰੇਰਿਤ ਕੀਤਾ। ਅੰਤ ਵਿਚ ਕਾਲਜ ਦੇ ਵਿਹੜੇ ਵਿਚ ਵਿਦਿਆਰਥਣਾਂ ਅਤੇ ਅਧਿਆਪਕਾਂ ਨੇ ਪੀਘਾਂ ਝੂਟੀਆਂ ਅਤੇ ਬੋਲੀਆਂ ਪਾ ਕੇ ਗਿੱਧਾ ਪਾਇਆ। ਇਸ ਦੌਰਾਨ ਕਾਲਜ ਦੇ ਹੋਣਹਾਰ ਵਿਦਿਆਰਥੀ ਅਰਸ਼ ਦੋਰਾਹਾ ਦੇ ਗੀਤ ਦਾ ਪੋਸਟਰ ਵੀ ਜਾਰੀ ਕੀਤਾ ਗਿਆ। ਕਾਲਜ ਪ੍ਰਬੰਧਕ ਕਮੇਟੀ ਨੇ ਆਏ ਮਹਿਮਾਨਾਂ ਨੂੰ ਬੂਟੇ ਦੇ ਸਨਮਾਨਿਤ ਕਰਦਿਆਂ ਵੱਧ ਤੋਂ ਵੱਧ ਪੌਦੇ ਲਾਉਣ ਦੀ ਅਪੀਲ ਕੀਤੀ। ਮੰਚ ਸੰਚਾਲਨ ਦੀ ਭੂਮਿਕਾ ਡਾ.ਨਿਧੀ ਸਰੂਪ, ਪ੍ਰੋ.ਰਾਮਪਾਲ ਬੰਗਾ ਅਤੇ ਪ੍ਰੋ.ਕਿਰਨਪ੍ਰੀਤ ਕੌਰ ਨੇ ਬਾਖੂਬੀ ਨਿਭਾਈ। ਇਸ ਮੌਕੇ ਰਵਿੰਦਰ ਸਿੰਘ ਮਲਹਾਂਸ, ਡਾ.ਨਰਿੰਦਰ ਸਿੰਘ ਸਿੱਧੂ, ਐਡਵੋਕੇਟ ਅਭੈ ਬੈਕਟਰ, ਪ੍ਰਿੰਸੀਪਲ ਡੀ.ਪੀ ਠਾਕੁਰ ਹਾਜ਼ਰ ਸਨ।