ਗੁੱਜਰਾਂਵਾਲਾ ਗੁਰੂ ਨਾਨਕ ਖਾਲਸਾ ਕਾਲਜ ’ਚ ਸਮਾਗਮ
ਗੁੱਜਰਾਂਵਾਲਾ ਗੁਰੂ ਨਾਨਕ ਖ਼ਾਲਸਾ ਕਾਲਜ, ਲੁਧਿਆਣਾ ਵਿੱਚ ਨਵੇਂ ਅਕਾਦਮਿਕ ਵਰ੍ਹੇ ਦੀ ਸ਼ੁਰੂਆਤ ਮੌਕੇ ਗੁਰਮਤਿ ਸਮਾਗਮ ਤੇ ਓਰੀਐਂਟੇਸ਼ਨ ਪ੍ਰੋਗਰਾਮ ਕਰਵਾਇਆ ਗਿਆ ਜਿਸ ਵਿਚ ਕਾਲਜ ਪ੍ਰਬੰਧਕ ਕਮੇਟੀ ਦੇ ਮੈਂਬਰ, ਸਮੂਹ ਵਿਦਿਆਰਥੀਆਂ, ਟੀਚਿੰਗ ਤੇ ਨਾਨ ਟੀਚਿੰਗ ਸਟਾਫ਼ ਨੇ ਸੁਖਮਨੀ ਸਾਹਿਬ ਦਾ ਪਾਠ ਅਤੇ ਸ਼ਬਦ ਕੀਰਤਨ ਸਰਵਣ ਕੀਤਾ। ਇਸ ਮੌਕੇ ’ਤੇ ਕਾਲਜ ਕੌਂਸਲ ਦੇ ਪ੍ਰਧਾਨ ਡਾ. ਐੱਸਪੀ ਸਿੰਘ ਨੇ ਵਿਦਿਆਰਥੀਆਂ ਅਤੇ ਸਮੂਹ ਸਟਾਫ ਨੂੰ ਨਵੇਂ ਅਕਾਦਮਿਕ ਸੈਸ਼ਨ ਦੇ ਲਈ ਸ਼ੁਭ ਕਾਮਨਾਵਾਂ ਦਿੱਤੀਆਂ।
ਪ੍ਰਿੰਸੀਪਲ ਡਾ. ਅਰਵਿੰਦਰ ਸਿੰਘ ਨੇ ਵਿਦਿਆਰਥੀਆਂ ਦਾ ਸਵਾਗਤ ਕੀਤਾ ਤੇ ਉਨ੍ਹਾਂ ਨੂੰ ਉਚੇਰੀ ਸਿੱਖਿਆ ਦੇ ਖੇਤਰ ਵਿਚ ਆ ਰਹੇ ਬਦਲਾਵਾਂ ਅਤੇ ਨਵੀਆਂ ਚੁਣੌਤੀਆਂ ਦਾ ਸਾਹਮਣਾ ਕਰਨ ਲਈ ਬੌਧਿਕ ਪੱਧਰ ਉਪਰ ਤਿਆਰ ਰਹਿਣ ਦੀ ਵੀ ਅਪੀਲ ਕੀਤੀ। ਇਸ ਮੌਕੇ ’ਤੇ ਲਾਇਬ੍ਰੇਰੀ, ਐਨ.ਸੀ.ਸੀ, ਐਨ.ਐਸ.ਐਸ. ਅਤੇ ਰੈੱਡ ਰਿਬਨ ਸੁਸਾਇਟੀ ਬਾਰੇ ਵੀ ਜਾਣ-ਪਛਾਣ ਕਰਾਈ ਗਈ। ਇਸ ਮੌਕੇ ਗੁੱਜਰਾਂਵਾਲਾ ਖ਼ਾਲਸਾ ਐਜੂਕੇਸ਼ਨਲ ਕੌਂਸਲ ਦੇ ਆਨਰੇਰੀ ਜਨਰਲ ਸਕੱਤਰ ਹਰਸ਼ਰਨ ਸਿੰਘ ਨਰੂਲਾ, ਮੈਨੇਜਮੈਂਟ ਦੇ ਮੈਂਬਰ ਹਰਦੀਪ ਸਿੰਘ, ਸਮੂਹ ਟੀਚਿੰਗ ਤੇ ਨਾਨ ਟੀਚਿੰਗ ਸਟਾਫ਼ ਅਤੇ ਵਿਦਿਆਰਥੀ ਵਿਸ਼ੇਸ਼ ਤੌਰ ’ਤੇ ਮੌਜੂਦ ਸਨ। ਮੰਚ ਸੰਚਾਲਨ ਦੀ ਭੂਮਿਕਾ ਪ੍ਰੋ. ਜਸਪ੍ਰੀਤ ਕੌਰ ਅਤੇ ਡਾ. ਹਰਗੁਣਜੋਤ ਕੌਰ ਨੇ ਨਿਭਾਈ।