ਲੁਧਿਆਣਾ ਵਿੱਚ ਵੱਖ-ਵੱਖ ਪ੍ਰੀਖਿਆ ਕੇਂਦਰਾਂ ਵਿੱਚ ਸੈਂਕੜੇ ਉਮੀਦਵਾਰਾਂ ਨੇ ਐੱਨਡੀਏ/ਐੱਨਏ (99) ਅਤੇ ਸੀਡੀਐੱਸ ਪ੍ਰੀਖਿਆ (99)-2025 ਦੀ ਪ੍ਰੀਖਿਆ ਦਿੱਤੀ। ਇਸ ਸਬੰਧੀ ਪਿਛਲੇ ਕਈ ਦਿਨਾਂ ਤੋਂ ਤਿਆਰੀਆਂ ਕੀਤੀਆਂ ਜਾ ਰਹੀਆਂ ਸਨ। ਡਿਪਟੀ ਕਮਿਸ਼ਨਰ ਦੇ ਆਦੇਸ਼ਾਂ ਤਹਿਤ ਵੱਖ-ਵੱਖ ਪ੍ਰੀਖਿਆ ਕੇਂਦਰਾਂ ’ਤੇ ਪੁਲੀਸ ਮੁਲਾਜ਼ਮ ਵੀ ਤਾਇਨਾਤ ਕੀਤੇ ਹੋਏ ਸਨ ਤਾਂ ਜੋ ਪ੍ਰੀਖਿਆ ਸੁਚਾਰੂ ਢੰਗ ਨਾਲ ਕਰਵਾਈ ਜਾ ਸਕੇ। ਇਸ ਪ੍ਰੀਖਿਆ ਲਈ ਲੁਧਿਆਣਾ ਵਿੱਚ ਕੁੱਲ 13 ਪ੍ਰੀਖਿਆ ਕੇਂਦਰ ਬਣਾਏ ਗਏ ਸਨ।
ਐਤਵਾਰ ਭਾਵੇਂ ਛੁੱਟੀ ਦਾ ਦਿਨ ਸੀ ਪਰ ਲੁਧਿਆਣਾ ਵਿੱਚ ਇਹ ਪ੍ਰੀਖਿਆ ਦੇਣ ਆਏ ਉਮੀਦਵਾਰਾਂ ਦੀਆਂ ਵੱਖ ਵੱਖ ਕਾਲਜਾਂ ਵਿੱਚ ਰੌਣਕਾਂ ਲੱਗੀਆਂ ਹੋਈਆਂ ਸਨ। ਇਸ ਪ੍ਰੀਖਿਆ ਨੂੰ ਵਧੀਆ ਢੰਗ ਨਾਲ ਕਰਵਾਉਣ ਲਈ ਪ੍ਰਸਾਸ਼ਨ ਵੱਲੋਂ ਪੁਖਤਾ ਪ੍ਰਬੰਧ ਕੀਤੇ ਹੋਏ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਸੀਡੀਐੱਸ ਪ੍ਰੀਖਿਆ ਤਿੰਨ ਸ਼ਿਫਟਾਂ ਵਿੱਚ ਸਵੇਰੇ 9 ਵਜੇ ਤੋਂ 11 ਵਜੇ, ਦੁਪਹਿਰ 12.30 ਵਜੇ ਤੋਂ 2.30 ਵਜੇ ਅਤੇ ਸ਼ਾਮ 4 ਵਜੇ ਤੋਂ 6 ਵਜੇ ਤੱਕ ਹੋਈ। ਇਹ ਪ੍ਰੀਖਿਆ ਐੱਸਸੀਡੀ ਸਰਕਾਰੀ ਕਾਲਜ (ਬਲਾਕ-ਏ), ਐੱਸਸੀਡੀ ਸਰਕਾਰੀ ਕਾਲਜ (ਬਲਾਕ-ਬੀ), ਐੱਸਸੀਡੀ ਸਰਕਾਰੀ ਕਾਲਜ (ਬਲਾਕ-ਡੀ), ਰਾਮਗੜ੍ਹੀਆ ਗਰਲਜ਼ ਕਾਲਜ, ਮਿਲਰਗੰਜ ਅਤੇ ਐੱਸਡੀਪੀ ਕਾਲਜ ਫਾਰ ਵਿਮੈੱਨ, ਦਰੇਸੀ ਰੋਡ (ਚਾਂਦ ਸਿਨੇਮਾ ਦੇ ਪਿੱਛੇ) ਪੰਜ ਕੇਂਦਰਾਂ ਵਿੱਚ ਹੋਈ।
ਇਸੇ ਤਰ੍ਹਾਂ ਐੱਨਡੀਏ/ਐੱਨਏ ਪ੍ਰੀਖਿਆ ਦੋ ਸੈਸ਼ਨਾਂ ਵਿੱਚ ਹੋਈ। ਪਹਿਲਾ ਸੈਸ਼ਨ ਵਿੱਚ ਸਵੇਰੇ 10 ਵਜੇ ਤੋਂ 12:30 ਵਜੇ ਅਤੇ ਦੂਜੇ ਸੈਸ਼ਨ ਵਿੱਚ ਦੁਪਹਿਰ 2 ਵਜੇ ਤੋਂ 4:30 ਵਜੇ ਤੱਕ ਪ੍ਰੀਖਿਆ ਹੋਈ। ਇਸ ਪ੍ਰੀਖਿਆ ਲਈ ਖਾਲਸਾ ਕਾਲਜ ਫਾਰ ਵਿਮੈੱਨ (ਸਬ ਸੈਂਟਰ-ਏ), ਖਾਲਸਾ ਕਾਲਜ ਫਾਰ ਵਿਮੈੱਨ (ਸਬ ਸੈਂਟਰ-ਬੀ), ਡੀਏਵੀ ਪਬਲਿਕ ਸਕੂਲ (ਬੀ.ਆਰ.ਐਸ ਨਗਰ), ਗੁਰੂ ਨਾਨਕ ਦੇਵ ਇੰਜਨੀਅਰਿੰਗ ਕਾਲਜ (ਐਮ.ਬੀ.ਏ ਬਲਾਕ), ਪੁਲੀਸ ਡੀਏਵੀ ਪਬਲਿਕ ਸਕੂਲ (ਪੁਲੀਸ ਲਾਈਨਜ਼), ਭਾਰਤੀ ਵਿੱਦਿਆ ਮੰਦਰ ਸੀਨੀਅਰ ਸੈਕੰਡਰੀ ਸਕੂਲ (ਕਿਚਲੂ ਨਗਰ), ਐੱਮਜੀਐੱਮ ਪਬਲਿਕ ਸਕੂਲ, (ਅਰਬਨ ਅਸਟੇਟ ਫੇਜ਼-1, ਦੁੱਗਰੀ) ਅਤੇ ਬੀਸੀਐੱਮ ਆਰੀਆ ਮਾਡਲ ਸੀਨੀਅਰ ਸੈਕੰਡਰੀ ਸਕੂਲ, ਸ਼ਾਸਤਰੀ ਨਗਰ ਆਦਿ ਪ੍ਰੀਖਿਆ ਕੇਂਦਰ ਬਣਾਏ ਗਏ ਸਨ। ਇਨ੍ਹਾਂ ਪ੍ਰੀਖਿਆਵਾਂ ਨੂੰ ਲੈ ਕੇ ਜ਼ਿਲ੍ਹਾ ਪ੍ਰਸ਼ਾਸਨ ਨੇ ਪਿਛਲੇ ਕਈ ਦਿਨਾਂ ਤੋਂ ਤਿਆਰੀ ਵਿੱਢੀ ਹੋਈ ਸੀ। ਡਿਪਟੀ ਕਮਿਸ਼ਨਰ ਨੇ ਮੀਟਿੰਗ ਕਰ ਕੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਨੂੰ ਨਿਰਦੇਸ਼ ਵੀ ਜਾਰੀ ਕਰ ਦਿੱਤੇ ਸਨ।