ਕੱਪੜਾ ਫੈਕਟਰੀ ’ਚ ਦਾਖ਼ਲ ਹੋ ਕੇ ਵਪਾਰੀ ਤੋਂ 50 ਲੱਖ ਮੰਗੇ
ਰੌਲਾ ਪੈਣ ਕਾਰਨ ਮੌਕੇ ਤੋਂ ਫ਼ਰਾਰ ਹੋਏ ਲੁਟੇਰੇ; ਵਾਰਦਾਤ ਸੀ ਸੀ ਟੀ ਵੀ ’ਚ ਕੈਦ; ਪੁਲੀਸ ਵੱਲੋਂ ਕੇਸ ਦਰਜ
ਸੁੰਦਰ ਨਗਰ ਵਿੱਚ ਦਰੇਸੀ ਗਰਾਊਂਡ ਨੇੜੇ ਸ਼ਿਮਲਾ ਗਾਰਮੈਂਟਸ ਫੈਕਟਰੀ ਵਿੱਚ ਮੋਟਰਸਾਈਕਲ ’ਤੇ ਆਏ ਨਕਾਬਪੋਸ਼ਾਂ ਵੱਲੋਂ ਲੁੱਟ ਦੀ ਕੋਸ਼ਿਸ਼ ਕੀਤੀ ਗਈ। ਇਸ ਦੌਰਾਨ ਲੁਟੇਰੇ ਪਿਸਤੌਲ ਦਿਖਾ ਕੇ ਫੈਕਟਰੀ ਮਾਲਕ ਹਰਪ੍ਰੀਤ ਸਿੰਘ ਦੇ ਦਫ਼ਤਰ ਵਿੱਚ ਦਾਖ਼ਲ ਹੋ ਗਏ ਅਤੇ 50 ਲੱਖ ਰੁਪਏ ਦੀ ਮੰਗ ਕੀਤੀ। ਜਦੋਂ ਹਰਪ੍ਰੀਤ ਨੇ ਰੌਲਾ ਪਾਇਆ ਤਾਂ ਮੁਲਜ਼ਮਾਂ ਨੂੰ ਖ਼ਾਲੀ ਹੱਥ ਹੀ ਭੱਜਣਾ ਪਇਆ। ਸਾਰੀ ਘਟਨਾ ਸੀਸੀਟੀਵੀ ਵਿੱਚ ਕੈਦ ਹੋ ਗਈ। ਜਾਣਕਾਰੀ ਮਿਲਣ ਤੋਂ ਬਾਅਦ ਥਾਣਾ ਦਰੇਸੀ ਦੀ ਪੁਲੀਸ ਮੌਕੇ ’ਤੇ ਪਹੁੰਚੀ। ਪੁਲੀਸ ਨੇ ਫੁਟੇਜ ਕਬਜ਼ੇ ਵਿੱਚ ਲੈ ਕੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਇਲਾਕੇ ਵਿੱਚ ਵਾਰਦਾਤ ਤੋਂ ਬਾਅਦ ਕਾਰੋਬਾਰੀਆਂ ਵਿੱਚ ਰੋਸ ਹੈ ਅਤੇ ਉਹ ਪੁਲੀਸ ਤੋਂ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ। ਕਾਰੋਬਾਰੀ ਹਰਪ੍ਰੀਤ ਦਾ ਕਹਿਣਾ ਹੈ ਕਿ ਪੁਲੀਸ ਦੀ ਨੱਕ ਹੇਠ ਲੁੱਟ ਦੀ ਕੋਸ਼ਿਸ਼ ਹੋਈ ਹੈ।
ਜਾਣਕਾਰੀ ਅਨੁਸਾਰ ਸ਼ਿਮਲਾ ਗਾਰਮੈਂਟਸ ਫੈਕਟਰੀ ਦਰੇਸੀ ਗਰਾਊਂਡ ਦੇ ਨੇੜੇ ਸਥਿਤ ਹੈ। ਕੱਲ੍ਹ ਦੇਰ ਸ਼ਾਮ ਨਕਾਬਪੋਸ਼ ਲੁਟੇਰਿਆਂ ਨੇ ਫੈਕਟਰੀ ਵਿੱਚ ਦਾਖ਼ਲ ਹੋਣ ਦੀ ਕੋਸ਼ਿਸ਼ ਕੀਤੀ ਜਦੋਂ ਗੇਟ ’ਤੇ ਤਾਇਨਾਤ ਇੱਕ ਸੁਰੱਖਿਆ ਗਾਰਡ ਨੇ ਉਨ੍ਹਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ। ਲੁਟੇਰਿਆਂ ਨੇ ਉਸ ਨੂੰ ਗਾਲ੍ਹਾਂ ਕੱਢੀਆਂ ਅਤੇ ਪਿਸਤੌਲ ਦਿਖਾਈ। ਇਸ ਮਗਰੋਂ ਦੋਵੇਂ ਫੈਕਟਰੀ ਵਿੱਚ ਜਬਰੀ ਦਾਖਲ ਹੋ ਗਏ। ਦੋਵਾਂ ਦੇ ਚਿਹਰੇ ਰੁਮਾਲ ਨਾਲ ਢਕੇ ਹੋਏ ਸਨ। ਫੈਕਟਰੀ ਵਿੱਚ ਦਾਖਲ ਹੋਣ ਤੋਂ ਬਾਅਦ ਮੁਲਜ਼ਮ ਸਿੱਧਾ ਦਫਤਰ ਗਏ, ਜਿੱਥੇ ਕਾਰੋਬਾਰੀ ਹਰਪ੍ਰੀਤ ਸਿੰਘ ਬੈਠਾ ਸੀ। ਅੰਦਰ ਜਾਣ ਤੋਂ ਬਾਅਦ ਉਨ੍ਹਾਂ ਨੇ ਉਸ ਨੂੰ ਧਮਕੀ ਦਿੱਤੀ ਅਤੇ ਉਸ ਕੋਲੋਂ 50 ਲੱਖ ਰੁਪਏ ਦੀ ਮੰਗ ਕੀਤੀ। ਜਦੋਂ ਹਰਪ੍ਰੀਤ ਸਿੰਘ ਨੇ ਵਿਰੋਧ ਕੀਤਾ ਤਾਂ ਲੁਟੇਰਿਆਂ ਨੇ ਉਸ ਨਾਲ ਹੱਥੋਪਾਈ ਕੀਤੀ ਜਿਸ ਦੇ ਨਤੀਜੇ ਵਜੋਂ ਮਾਮੂਲੀ ਸੱਟਾਂ ਲੱਗੀਆਂ ਹਨ। ਸਾਰੀ ਘਟਨਾ ਦੌਰਾਨ ਲੁਟੇਰੇ ਆਪਣੇ ਪਿਸਤੌਲ ਨਾਲ ਉਸ ਨੂੰ ਧਮਕੀਆਂ ਦਿੰਦੇ ਰਹੇ। ਜਿਵੇਂ ਹੀ ਫੈਕਟਰੀ ਦੇ ਮੁਲਾਜ਼ਮਾਂ ਨੇ ਮਾਲਕ ’ਤੇ ਹਮਲਾ ਹੁੰਦਾ ਦੇਖਿਆ ਉਹ ਦਫ਼ਤਰ ਵੱਲ ਭੱਜ ਆਏ। ਉਨ੍ਹਾਂ ਦੇ ਅੰਦਰ ਵੜਦੇ ਹੀ ਲੁਟੇਰੇ ਘਬਰਾ ਗਏ। ਦੋਵੇਂ ਲੁਟੇਰੇ ਪਿਸਤੌਲ ਦਿਖਾਉਂਦੇ ਗਏ। ਉਹ ਚੋਰੀ ਜਾਂ ਲੁੱਟਿਆ ਹੋਇਆ ਕੋਈ ਵੀ ਸਾਮਾਨ ਖੋਹਣ ਵਿੱਚ ਸਫਲ ਨਹੀਂ ਹੋਏ। ਇਸ ਘਟਨਾ ਤੋਂ ਬਾਅਦ ਕਾਰੋਬਾਰੀ ਮਾਲਕ ਗੁੱਸੇ ਵਿੱਚ ਹਨ ਅਤੇ ਪੁਲੀਸ ਤੋਂ ਸਖ਼ਤ ਕਾਰਵਾਈ ਦੀ ਮੰਗ ਕਰ ਰਹੇ ਹਨ।
ਇਸ ਹਮਲੇ ਨਾਲ ਲੁਧਿਆਣਾ ਦੇ ਕਾਰੋਬਾਰੀਆਂ ਵਿੱਚ ਭਾਰੀ ਰੋਸ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਹਰਪ੍ਰੀਤ ਸਿੰਘ ਇਲਾਕੇ ਦਾ ਇੱਕ ਵੱਡਾ ਕਾਰੋਬਾਰੀ ਹੈ। ਉਹ ਮੰਗ ਕਰ ਰਹੇ ਹਨ ਕਿ ਸ਼ਹਿਰ ਵਿੱਚ ਸੁਰੱਖਿਆ ਵਿਵਸਥਾ ਮਜ਼ਬੂਤ ਕੀਤੀ ਜਾਵੇ ਅਤੇ ਮੁਲਜ਼ਮਾਂ ਨੂੰ ਤੁਰੰਤ ਗ੍ਰਿਫ਼ਤਾਰ ਕੀਤਾ ਜਾਵੇ। ਇਸ ਦੌਰਾਨ ਦਰੇਸੀ ਥਾਣੇ ਦੇ ਐੱਸ ਐੱਚ ਓ ਸਬ-ਇੰਸਪੈਕਟਰ ਗੁਰਮੀਤ ਸਿੰਘ ਨੇ ਕਿਹਾ ਕਿ ਉਨ੍ਹਾਂ ਨੇ ਫੁਟੇਜ ਕਬਜ਼ੇ ਵਿੱਚ ਲੈ ਲਈ ਹੈ ਅਤੇ ਜਾਂਚ ਸ਼ੁਰੂ ਕਰ ਦਿੱਤੀ ਹੈ। ਬਾਈਕ ’ਤੇ ਨੰਬਰ ਪਲੇਟ ਨਹੀਂ ਸੀ, ਜਿਸ ਕਾਰਨ ਪਛਾਣ ਕਰਨਾ ਮੁਸ਼ਕਲ ਹੋ ਰਿਹਾ ਹੈ।

