ਜਗਰਾਉਂ ’ਚ ਰਾਏਕੋਟ ਰੋਡ ’ਤੇ ਕਬਜ਼ਿਆਂ ਦੀ ਭਰਮਾਰ
ਆਵਾਜਾਈ ਵਿੱਚ ਦਿੱਕਤ ਬਣ ਰਹੀਆਂ ਨੇ ਸਡ਼ਕ ਕੰਢੇ ਲੱਗੀਆਂ ਰੇਹਡ਼ੀਆਂ-ਫਡ਼੍ਹੀਆਂ
ਜਗਰਾਉਂ ਸ਼ਹਿਰ ਵਿੱਚ ਵੱਡੀ ਗਿਣਤੀ ਸੜਕਾਂ ਹੁਣ ਉਹ ਹਨ, ਜਿਨ੍ਹਾਂ ਕੰਢੇ ਰੇਹੜੀਆਂ-ਫੜ੍ਹੀਆਂ ਖੜ੍ਹੀਆਂ ਕਰਕੇ ਦਿਨ ਵੇਲੇ ਕਬਜ਼ੇ ਕੀਤੇ ਮਿਲਦੇ ਹਨ। ਸ਼ਹਿਰ ਵਿੱਚੋਂ ਲੰਘਣ ਵਾਲੇ ਵਾਹਨ ਚਾਲਕਾਂ ਨੂੰ ਅਕਸਰ ਹੀ ਇਨ੍ਹਾਂ ਰੇਹੜੀਆਂ ਆਦਿ ਕਰਕੇ ਪੈਦਾ ਹੋਏ ਰਸ਼ ਕਾਰਨ ਦਿੱਕਤਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਇੱਥੇ ਸ਼ਹਿਰ ਵਿੱਚ ਕਾਂਉਕੇ ਰੋਡ ਤੇ ਪੁਰਾਣੀ ਸਬਜ਼ੀ ਮੰਡੀ, ਡਿਸਪੋਜ਼ਲ ਰੋਡ, ਮਲਕ ਰੋਡ ਤੇ ਰਾਏਕੋਟ ਰੋਡ ’ਤੇ ਹੌਲੀ ਹੌਲੀ ਕਬਜ਼ੇ ਹੁੰਦੇ ਰਹੇ ਹਨ ਤੇ ਹੁਣ ਆਲਮ ਇਹ ਬਣ ਗਿਆ ਹੈ ਕਿ ਮੇਨ ਸੜਕ ਕੰਢੇ ਵੀ ਕਬਜ਼ਾ ਕਰਨ ਵਾਲੇ ਗੁਰੇਜ਼ ਨਹੀਂ ਕਰ ਰਹੇ। ਇਥੇ ਰਾਏਕੋਟ ਰੋਡ ’ਤੇ ਪੁਰਾਣੇ ਸਰਕਾਰੀ ਪ੍ਰਾਇਮਰੀ ਸਕੂਲ ਦੇ ਗੇਟ ਕੋਲ ਸਕੂਲ ਦੀ ਕੰਧ ਨਾਲ ਨਵੀਂ ਭੱਠੀ ਖੁੱਲ੍ਹ ਗਈ ਹੈ। ਪਹਿਲਾਂ ਹੀ ਸਕੂਲ ਦੀ ਕੰਧ ਨਾਲ ਸਾਰਾ ਦਿਨ ਫਰੂਟ, ਸਬਜ਼ੀਆਂ ਵੇਚਣ ਵਾਲਿਆਂ ਨੇ ਕਬਜ਼ੇ ਕੀਤੇ ਹੋਏ ਹਨ ਤੇ ਕੋਈ ਥਾਂ ਵੇਹਲਾ ਨਹੀਂ ਲੱਭਦਾ। ਹਾਲਾਤ ਇਹ ਬਣ ਗਏ ਹਨ ਕਿ ਕਿਸੇ ਨਵੇਂ ਬੰਦੇ ਲਈ ਸਕੂਲ ਦਾ ਗੇਟ ਲੱਭਣਾ ਵੀ ਔਖਾ ਕੰਮ ਬਣ ਗਿਆ ਹੈ। ਇਸਤੋਂ ਇਲਾਵਾ ਇਹ ਮਾਰਗ ਰਾਏਕੋਟ, ਬਰਨਾਲਾ, ਬਠਿੰਡਾ, ਹਠੂਰ ਆਦਿ ਨੂੰ ਜਾਂਦਾ ਹੋਣ ਕਰਕੇ ਅਤੇ ਹਲਕੇ ਦੇ ਕਰੀਬ ਦੋ ਦਰਜਨ ਪਿੰਡਾਂ ਨੂੰ ਜੋੜਦਾ ਹੋਣ ਕਾਰਨ ਇਸ ਉਪਰ ਸਾਰਾ ਦਿਨ ਵਾਹਨਾਂ ਦੀ ਭੀੜ ਰਹਿੰਦੀ ਹੈ। ਇਸ ਤੋਂ ਇਲਾਵਾ ਰਾਏਕੋਟ ਵੱਲੋਂ ਸ਼ਿਹਰ ਵਿੱਚ ਦਾਖਲ ਹੋਣ ’ਤੇ ਵਿਸ਼ਵਕਰਮਾ ਚੌਕ ਲੰਘਦਿਆਂ ਹੀ ਪੁਰਾਣੇ ਸਿਵਲ ਹਸਪਤਾਲ ਦੀ ਕੰਧ ਦੇ ਨਾਲ-ਨਾਲ ਵੱਡੀ ਗਿਣਤੀ ਰੇਹੜੀਆਂ ਖੜ੍ਹੀਆਂ ਦਿਖਾਈ ਦਿੰਦੀਆਂ ਹਨ। ਸਿਵਲ ਹਸਪਤਾਲ ਦੀ ਬਿਲਡਿੰਗ ਵਿੱਚ ਟਰੈਫਿਕ ਪੁਲੀਸ ਅਤੇ ਪੀ.ਸੀ.ਆਰ ਦਾ ਦਫਤਰ ਵੀ ਮੌਜੂਦ ਹੈ ਪਰ ਕਬਜ਼ਾ ਕਰਨ ਵਾਲਿਆਂ ਨੂੰ ਰੋਕਣ ਵਾਲਾ ਕੋਈ ਨਹੀਂ।
ਅਧਿਕਾਰੀਆਂ ਨੂੰ ਸੂਚਿਤ ਕੀਤਾ ਜਾਵੇਗਾ: ਉਪ ਮੰਡਲ ਮੈਜਿਸਟਰੇਟ
ਇਸ ਪੱਤਰਕਾਰ ਨੇ ਜਦੋਂ ਨਗਰ ਕੌਂਸਲ ਦੇ ਦਫ਼ਤਰ ਕਾਰਜ-ਸਾਧਕ ਅਫਸਰ ਤੇ ਦਫ਼ਤਰੀ ਅਮਲੇ ਨਾਲ ਸਪੰਰਕ ਕਰਨ ਦੀ ਕੋਸ਼ਿਸ ਕੀਤੀ ਤਾਂ ਦਫ਼ਤਰ ਵਿੱਚ ਕੋਈ ਅਧਿਕਾਰੀ ਮੌਜੂਦ ਨਹੀਂ ਸੀ। ਉਪ-ਮੰਡਲ ਮੈਜਿਸਟਰੇਟ ਕਰਨਦੀਪ ਸਿੰਘ ਨਾਲ ਸੰਪਰਕ ਕਰਕੇ ਉਨ੍ਹਾਂ ਨੂੰ ਜਾਣੂ ਕਰਵਾਇਆ ਤਾਂ ਉਨ੍ਹਾਂ ਭਰੋਸਾ ਦਿਵਾਇਆ ਕਿ ਉਹ ਖ਼ੁਦ ਇਸ ਬਾਰੇ ਨਗਰ ਕੌਂਸਲ ਅਧਿਕਾਰੀ ਨਾਲ ਗੱਲ ਕਰਨਗੇ।