ਖੇਤਰੀ ਪ੍ਰਤੀਨਿਧ
ਲੁਧਿਆਣਾ, 27 ਜੂਨ
ਪੀਏਯੂ ਦੇ ਸਕਿੱਲ ਡਿਵੈੱਲਪਮੈਂਟ ਸੈਂਟਰ, ਕਿਸਾਨ ਬੀਬੀਆਂ ਲਈ ‘ਹਸਤ ਕਲਾ ਰਾਹੀਂ ਰੁਜ਼ਗਾਰ’ ਸਬੰਧੀ ਪੰਜ ਦਿਨਾਂ ਦਾ ਸਿਖਲਾਈ ਕੋਰਸ ਕਰਵਾਇਆ ਗਿਆ। ਇਸ ਕੋਰਸ ਵਿੱਚ 27 ਸਿਖਿਆਰਥੀਆਂ ਨੇ ਹਿੱਸਾ ਲਿਆ। ਇਸ ਬਾਰੇ ਸਹਿਯੋਗੀ ਨਿਰਦੇਸ਼ਕ (ਸਕਿੱਲ ਡਿਵੈਲਪਮੈਂਟ) ਡਾ. ਰੁਪਿੰਦਰ ਕੌਰ ਨੇ ਦੱਸਿਆ ਕਿ ਇਹ ਸਿਖਲਾਈ ਕੋਰਸ 23 ਤੋਂ 27 ਜੂਨ ਤੱਕ ਕਰਵਾਇਆ ਗਿਆ।
ਉਹਨਾਂ ਕਿਹਾ ਕਿ ਅਜੋਕੇ ਸਮੇਂ ਵਿੱਚ ਵੱਧ ਤੋਂ ਵੱਧ ਕਿਸਾਨ ਬੀਬੀਆਂ ਨੂੰ ਹਸਤ ਕਲਾ ਦੀ ਤਕਨੀਕੀ ਜਾਣਕਾਰੀ ਪ੍ਰਾਪਤ ਕਰਕੇ ਨਾ ਸਿਰਫ਼ ਘਰ ਤੱਕ ਸੀਮਿਤ ਰਹਿਣਾ ਚਾਹੀਦਾ ਹੈ, ਸਗੋਂ ਇੱਕ ਸਫ਼ਲ ਉੱਦਮੀ ਵਜੋਂ ਆਪਣੀ ਪਹਿਚਾਣ ਬਨਾਉਣੀ ਚਾਹੀਦੀ ਹੈ ਅਤੇ ਹੋਰਾਂ ਲੋਕਾਂ ਲਈ ਵੀ ਰੁਜ਼ਗਾਰ ਦੇ ਮੌਕੇ ਪੈਦਾ ਕਰਨੇ ਚਾਹੀਦੇ ਹਨ। ਕੋਰਸ ਕੋਆਰਡੀਨੇਟਰ ਡਾ. ਕੁਲਵੀਰ ਕੌਰ ਨੇ ਅਜੋਕੇ ਸਮੇਂ ਵਿੱਚ ਹਸਤ ਕਲਾ ਦੀ ਮਹਤੱਤਾ ਬਾਰੇ ਜਾਣਕਾਰੀ ਦਿੱਤੀ ਅਤੇ ਕਿਸਾਨ ਬੀਬੀਆਂ ਨੂੰ ਯੂਨੀਵਰਸਿਟੀ ਦੇ ਸਾਹਿਤ/ਸਿਖਲਾਈ ਕੋਰਸਾਂ ਨਾਲ ਵੱਧ ਤੋਂ ਵੱਧ ਜੁੜਣ ਲਈ ਪ੍ਰੇਰਿਤ ਕੀਤਾ। ਡਾ. ਪ੍ਰੇਰਨਾ ਕਪਿਲਾ ਨੇ ਰੰਗਾਂ ਅਤੇ ਰੰਗ ਸਕੀਮਾਂ, ਬਲਾਕ ਪ੍ਰਿੰਟਿੰਗ ,ਸਟੈਨਸਿਲ ਪ੍ਰਿੰਟਿੰਗ ਅਤੇ ਸਿਬੋਰੀ ਆਰਟ ਨਾਲ ਆਰਟੀਕਲਜ਼ ਦੀ ਤਿਆਰੀ ਬਾਰੇ ਪ੍ਰੈਕਟੀਕਲ ਜਾਣਕਾਰੀ ਦਿੱਤੀ। ਕੰਵਲਜੀਤ ਕੌਰ ਨੇ ਮੁੱਢਲੀ ਕਢਾਈ ਦੇ ਟਾਂਕੇ ਅਤੇ ਰਿਬਨ ਦਾ ਕੰਮ ਅਤੇ ਕਢਾਈ ਦੇ ਨਾਲ ਸਜਾਵਟੀ ਵਸਤੂਆਂ ਬਣਾਉਣ ਬਾਰੇ ਪ੍ਰੈਕਟੀਕਲ ਜਾਣਕਾਰੀ ਦਿੱਤੀ।
ਡਾ. ਰੁਪਿੰਦਰ ਕੌਰ ਅਤੇ ਡਾ. ਕੁਲਵੀਰ ਕੌਰ ਨੇ ਫੈਬਰਿਕ ਪੇਂਟਿੰਗ ਬਾਰੇ ਪ੍ਰੈਕਟੀਕਲ ਜਾਣਕਾਰੀ ਪ੍ਰਦਾਨ ਕੀਤੀ। ਕੁਲਦੀਪ ਕੌਰ ਨੇ ਟਾਈ ਅਤੇ ਡਾਈ ਬਾਰੇ ਪ੍ਰੈਕਟੀਕਲ ਜਾਣਕਾਰੀ ਪ੍ਰਦਾਨ ਕੀਤੀ। ਆਖਰੀ ਦਿਨ ਸਿਖਿਆਰਥੀਆਂ ਦੁਆਰਾ ਤਿਆਰ ਕੀਤੀਆਂ ਗਈਆਂ ਸਜਾਵਟੀ ਵਸਤੂਆਂ ਦੀ ਪ੍ਰਦਰਸ਼ਨੀ ਲਗਾਈ ਗਈ।