ਇੱਥੋਂ ਨਜ਼ਦੀਕੀ ਐੱਮ ਐੱਲ ਡੀ ਸੀਨੀਅਰ ਸੈਕੰਡਰੀ ਸਕੂਲ ਤਲਵੰਡੀ ਕਲਾਂ ਵਿੱਚ ‘ਆਪਣਾ ਪੰਜਾਬ’ ਫਾਊਂਡੇਸ਼ਨ ਅਤੇ ਫੈੱਡਰੇਸ਼ਨ ਆਫ ਪ੍ਰਾਈਵੇਟ ਸਕੂਲਜ਼ ਐਸੋਸੀਏਸ਼ਨ ਦੇ ਸੱਦੇ ’ਤੇ ਵਿਸ਼ਵ ਪੰਜਾਬੀ ਦਿਵਸ ਮਨਾਇਆ ਗਿਆ। ਸੋਸ਼ਲ ਮੀਡੀਆ ਰਾਹੀਂ ਪ੍ਰਧਾਨ ਡਾ. ਜਗਜੀਤ ਸਿੰਘ ਧੂਰੀ ਅਤੇ ਪ੍ਰਿੰ. ਬਲਦੇਵ ਬਾਵਾ ਦਾ ਵਿਸ਼ਵ ਪੰਜਾਬੀ ਦਿਵਸ ਸਬੰਧੀ ਸੁਨੇਹਾ ਪੂਰੇ ਵਿਸ਼ਵ ਵਿੱਚ ਬੈਠੇ ਪੰਜਾਬੀਆਂ ਨੂੰ ਪਹੁੰਚਾਇਆ ਗਿਆ।
ਬਾਬਾ ਫ਼ਰੀਦ ਦੇ ਆਗਮਨ ਪੁਰਬ ਨੂੰ ਸਮਰਪਿਤ ਵਿਸ਼ਵ ਪੰਜਾਬੀ ਦਿਵਸ ਮੌਕੇ ਸੋਸ਼ਲ ਮੀਡੀਆ ਦੇ ਅਜੋਕੇ ਯੁੱਗ ਵਿੱਚ ਸੋਸ਼ਲ ਮੀਡੀਆ ਉੱਤੇ ਪੰਜਾਬੀ ਦੀ ਵਧੇਰੇ ਵਰਤੋਂ ’ਤੇ ਜ਼ੋਰ ਦਿੱਤਾ ਗਿਆ। ਇਸ ਮੌਕੇ ਸਕੂਲ ਦੇ ਸਾਰੇ ਵਿਦਿਆਰਥੀ ਪੰਜਾਬੀ ਪਹਿਰਾਵੇ ਵਿੱਚ ਪਹੁੰਚੇ ਅਤੇ ਸੁਲੇਖ ਮੁਕਾਬਲਿਆਂ ਵਿੱਚ ਭਾਗ ਲਿਆ। ਸੀਨੀਅਰ ਸੈਕੰਡਰੀ ਸੈਕਸ਼ਨ ਦੇ ਵਿਦਿਆਰਥੀਆਂ ਦਾ ਵਿਸ਼ੇਸ਼ ਸਮਾਗਮ ‘ਸਾਨੂੰ ਮਾਣ ਪੰਜਾਬੀ ਹੋਣ ਦਾ’ ਕਰਵਾਇਆ ਗਿਆ। ਸਕੂਲ ਦੇ ਵਿਦਿਆਰਥੀ ਈਸ਼ਵਰਪਾਲ ਸਿੰਘ ਨੇ ‘ਸੁਰਗਾਂ ਵਿੱਚ ਪੰਜਾਬ ਨਹੀਂ ਹੋਣਾ’ ਗੀਤ ਗਾ ਕੇ ਰੰਗ ਬੰਨ੍ਹਿਆ। ਬਾਰ੍ਹਵੀਂ ਦੀਆਂ ਵਿਦਿਆਰਥਣਾ ਸੁਖਮਨਦੀਪ ਕੌਰ, ਕਰੁਣਾ ਸਹਿਜਪਾਲ, ਸਿਮਰਨਜੋਤ ਕੌਰ ਅਤੇ ਲਵਲੀਨ ਕੌਰ ਨੇ ‘ਜੁੱਗ-ਜੁੱਗ ਜਿਊਣ ਸਰੋਤੇ ਮਾਂ-ਬੋਲੀ ਪੰਜਾਬੀ ਦੇ’ ਗਾ ਕੇ ਸਭ ਦਾ ਮਨ ਮੋਹ ਲਿਆ। ਪੰਜਾਬੀ ਅਧਿਆਪਕਾ ਰਮਨਪ੍ਰੀਤ ਕੌਰ ਨੇ ਵਿਦਿਆਰਥੀਆਂ ਦੇ ਰੂਬਰੂ ਹੁੰਦਆਂ ਕਿਹਾ ਕਿ ਮਨੁੱਖ ਆਪਣੀਆਂ ਭਾਵਨਾਵਾਂ ਦਾ ਪ੍ਰਗਟਾਵਾ ਜ਼ਿਆਦਾਤਰ ਆਪਣੀ ਮਾਂ ਬੋਲੀ ਵਿੱਚ ਹੀ ਕਰ ਸਕਦਾ ਹੈ ਅਤੇ ਪੰਜਾਬੀ ਕੋਲ ਹਰ ਸ਼ਬਦ ਦੇ ਪ੍ਰਗਟਾਵੇ ਲਈ ਉਚਿਤ ਲਿਪੀ ਮੌਜੂਦ ਹੈ। ਮੈਡਮ ਹਰਮਨਦੀਪ ਕੌਰ ਨੇ ਕਿਹਾ ਕਿ ਅੱਜ ਦੁਨੀਆਂ ਦੇ ਚੋਟੀ ਦੇ ਹਵਾਈ ਅੱਡਿਆਂ ਉੱਪਰ ਸੂਚਕ ਬੋਰਡ ਪੰਜਾਬੀ ਵਿੱਚ ਲੱਗੇ ਹਨ। ਪ੍ਰਿੰਸੀਪਲ ਬਲਦੇਵ ਬਾਵਾ ਨੇ ਕਿਹਾ ਕਿ ਬਾਬਾ ਫ਼ਰੀਦ ਜੀ ਦੇ ਸਲੋਕ ਜਿੱਥੇ ਜੀਵਨ ਨੂੰ ਸੇਧ ਦਿੰਦੇ ਹਨ, ਉੱਥੇ ਉਨ੍ਹਾਂ ਭਾਸ਼ਾ ਪੱਖੋਂ ਬਹੁਤ ਅਮੀਰ ਤੇ ਪ੍ਰਗਟਾਵੇ ਵਾਲੀ ਸ਼ਬਦਾਵਲੀ ਦੀ ਵਰਤੋਂ ਕੀਤੀ ਹੈ। ਇਸ ਮੌਕੇ ਪੰਜਾਬੀ ਅਧਿਆਪਕਾਵਾਂ ਰਮਨਪ੍ਰੀਤ ਕੌਰ ਅਤੇ ਹਰਮਨਦੀਪ ਕੌਰ ਦਾ ਵਿਸ਼ੇਸ਼ ਸਨਮਾਨ ਕੀਤਾ ਗਿਆ। ਇਸ ਮੌਕੇ ਮੈਡਮ ਜਸਮਿੰਦਰ ਕੌਰ, ਗੁਰਚਰਨ ਸਿੰਘ, ਗੁਰਿੰਦਰਪਾਲ ਸਿੰਘ, ਅੰਮ੍ਰਿਤਪਾਲ ਕੌਰ ਤੇ ਸੁਖਦੀਪ ਕੌਰ ਹਾਜ਼ਰ ਸਨ।