ਬਿਜਲੀ ਕਾਮੇ ਤੇ ਪੈਨਸ਼ਨਰ ਹਲਕਾ ਪੱਛਮੀ ’ਚ 15 ਨੂੰ ਕਰਨਗੇ ਰੋਸ ਰੈਲੀ
ਨਿੱਜੀ ਪੱਤਰ ਪ੍ਰੇਰਕ
ਲੁਧਿਆਣਾ, 11 ਜੂਨ
ਬਿਜਲੀ ਕਾਮਿਆਂ ਦੀਆਂ ਦਰਜਨ ਤੋਂ ਵੱਧ ਜਥੇਬੰਦੀਆਂ ’ਤੇ ਆਧਾਰਿਤ ਬਣੇ ਪੀਐੱਸਈਬੀ ਐਂਪਲਾਈਜ਼ ਜੁਆਇੰਟ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ ਪੰਜਾਬ, ਐਸੋਸੀਏਸ਼ਨ ਆਫ਼ ਜੂਨੀਅਰ ਇੰਜਨੀਅਰਜ਼, ਗਰਿੱਡ ਸਬ-ਸਟੇਸ਼ਨ ਐਂਪਲਾਈਜ਼ ਯੂਨੀਅਨ ਅਤੇ ਪੈਨਸ਼ਨਰ ਜਥੇਬੰਦੀਆ ਪਾਵਰਕੌਮ ਅਤੇ ਟ੍ਰਾਂਸਕੋ ਪੈਨਸ਼ਨਰਜ਼ ਯੂਨੀਅਨ ਪੰਜਾਬ ਏਟਕ, ਪੈਨਸ਼ਨਰ ਵੈੱਲਫੇਅਰ ਫੈੱਡਰੇਸ਼ਨ ਪਾਵਰਕੌਮ ਤੇ ਟ੍ਰਾਂਸਕੋ ਨੇ ਆਪਣੀਆਂ ਮੰਗਾਂ ਦੇ ਹੱਕ ਵਿੱਚ 15 ਜੂਨ ਨੂੰ ਰੋਸ ਰੈਲੀ ਕਰਨ ਦਾ ਫ਼ੈਸਲਾ ਕੀਤਾ ਹੈ।
ਅੱਜ ਇੱਥੇ ਪਾਵਰਕੋਮ ਆਗੂਆਂ ਦੀ ਹੰਗਾਮੀ ਵਰਚੂਅਲ ਮੀਟਿੰਗ ਰਤਨ ਸਿੰਘ ਮਜਾਰੀ ਅਤੇ ਗੁਰਪ੍ਰੀਤ ਸਿੰਘ ਗੰਡੀਵਿੰਡ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ 2 ਜੂਨ ਨੂੰ ਬਿਜਲੀ ਮੰਤਰੀ ਹਰਭਜਨ ਸਿੰਘ ਈਟੀਓ ਦੀ ਪ੍ਰਧਾਨਗੀ ਹੇਠ ਪਾਵਰ ਮੈਨੇਜਮੈਂਟ ਨਾਲ ਮੁਹਾਲੀ ਵਿੱਚ ਹੋਈ ਮੀਟਿੰਗ ਸਬੰਧੀ ਵਿਚਾਰ ਵਟਾਂਦਰਾ ਕਰਦਿਆਂ ਅਗਲੇ ਸੰਘਰਸ਼ ਪ੍ਰੋਗਰਾਮ ਬਾਰੇ ਵਿਚਾਰ ਚਰਚਾ ਕੀਤੀ ਗਈ।
ਆਗੂਆਂ ਨੇ ਦੱਸਿਆ ਕਿ ਬੇਸ਼ੱਕ 2 ਜੂਨ ਨੂੰ ਬਿਜਲੀ ਮੰਤਰੀ ਵੱਲੋਂ ਮੁਲਾਜ਼ਮਾਂ ਦੀਆਂ ਮੰਗਾਂ ਜਲਦੀ ਹੱਲ ਕਰਨ ਦਾ ਭਰੋਸਾ ਦਿੱਤਾ ਗਿਆ ਸੀ ਪ੍ਰੰਤੂ ਹਾਲੇ ਤੱਕ ਇਸ ਸਬੰਧੀ ਕੋਈ ਵੀ ਕਾਰਵਾਈ ਬਿਜਲੀ ਨਿਗਮ ਦੀ ਮੈਨੇਜਮੈਂਟ ਵੱਲੋਂ ਸ਼ੁਰੂ ਨਹੀਂ ਕੀਤੀ ਗਈ। ਜਿਸ ਨੂੰ ਲੈ ਕੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਿੱਚ ਭਾਰੀ ਰੋਸ ਹੈ। ਮੁਲਾਜ਼ਮਾਂ ਅਤੇ ਪੈਨਸ਼ਨਰ ਦੀਆਂ ਪ੍ਰਮੁੱਖ ਮੰਗਾਂ 'ਤੇ ਬਣੀਆਂ ਸਹਿਮਤੀਆਂ ਲਾਗੂ ਕਰਨ ਸਬੰਧੀ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਵੱਲੋਂ ਕੋਈ ਠੋਸ ਕਦਮ ਨਹੀਂ ਚੁੱਕੇ ਜਾ ਰਹੇ। ਇਸ ਲਈ ਜਥੇਬੰਦੀਆਂ ਨੇ ਫ਼ੈਸਲਾ ਕੀਤਾ ਹੈ ਕਿ 12 ਜੂਨ ਨੂੰ ਬਿਜਲੀ ਨਿਗਮ ਦੀ ਮੈਨੇਜਮੈਂਟ ਨੂੰ ਮਿਲ ਕੇ ਨੋਟਿਸ ਦਿੱਤਾ ਜਾਵੇਗਾ ਅਤੇ 2 ਜੂਨ ਦੀ ਮੀਟਿੰਗ ਉਪਰੰਤ ਮੁਲਤਵੀ ਕੀਤਾ ਵਰਕ-ਟੂ-ਰੂਲ ਦਾ ਪ੍ਰੋਗਰਾਮ 13 ਜੂਨ ਤੋਂ ਮੁੜ ਸ਼ੁਰੂ ਕਰਕੇ 15 ਜੂਨ ਨੂੰ ਲੁਧਿਆਣਾ ਪੱਛਮੀ ਹਲਕੇ ਵਿੱਚ ਸੂਬਾ ਸਰਕਾਰ ਖ਼ਿਲਾਫ਼ ਸੂਬਾ ਪੱਧਰੀ ਰੈਲੀ ਕਰਕੇ ਰੋਸ ਮਾਰਚ ਕੀਤਾ ਜਾਵੇਗਾ।
ਮੀਟਿੰਗ ਵਿੱਚ ਮੁਹਾਲੀ ਸਰਕਲ ਅੰਦਰ ਬਿਨਾਂ ਕਾਰਨ ਤੋਂ ਨਜਾਇਜ਼ ਤੌਰ ’ਤੇ ਮੁਅੱਤਲ ਕੀਤੇ ਜੇਈ ਹਰਦੀਪ ਸਿੰਘ ਦੀ ਮੁਅੱਤਲੀ ਰੱਦ ਕਰਵਾਉਣ ਦਾ ਵੀ ਫ਼ੈਸਲਾ ਕੀਤਾ ਗਿਆ। ਮੀਟਿੰਗ ਦੌਰਾਨ ਇਹ ਫ਼ੈਸਲਾ ਵੀ ਕੀਤਾ ਗਿਆ ਕਿ ਜੇਕਰ ਪੰਜਾਬ ਸਰਕਾਰ ਅਤੇ ਮੈਨੇਜਮੈਂਟ ਵਲੋਂ ਜਲਦੀ ਮੰਗਾਂ ਦਾ ਕੋਈ ਹੱਲ ਨਹੀਂ ਕੀਤਾ ਜਾਂਦਾ ਤਾਂ 15 ਜੂਨ ਨੂੰ ਰੋਸ ਰੈਲੀ ਵਿੱਚ ਅਗਲੇ ਤਿੱਖੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ, ਜਿਸਦੀ ਸਾਰੀ ਜ਼ਿੰਮੇਵਾਰੀ ਪੰਜਾਬ ਸਰਕਾਰ ਅਤੇ ਬਿਜਲੀ ਨਿਗਮ ਦੀ ਮੈਨੇਜਮੈਂਟ ਦੀ ਹੋਵੇਗੀ। ਮੀਟਿੰਗ ਵਿੱਚ ਮੁਲਾਜ਼ਮ ਆਗੂ ਹਰਪਾਲ ਸਿੰਘ, ਗੁਰਵੇਲ ਸਿੰਘ ਬੱਲਪੁਰੀਆ, ਬਲਦੇਵ ਸਿੰਘ ਮੰਢਾਲੀ, ਰਣਜੀਤ ਸਿੰਘ ਢਿੱਲੋਂ, ਜਸਵੀਰ ਸਿੰਘ ਆਂਡਲੂ, ਸੁਰਿੰਦਰਪਾਲ ਲਾਹੌਰੀਆ, ਰਵੇਲ ਸਿੰਘ ਸਹਾਏਪੁਰ, ਦਵਿੰਦਰ ਸਿੰਘ ਪਿਸ਼ੌਰ, ਪਵਨਪ੍ਰੀਤ ਸਿੰਘ, ਕੁਲਵਿੰਦਰ ਸਿੰਘ, ਦਲੀਪ ਕੁਮਾਰ, ਇੰਜਨੀਅਰ ਹਰਮਨਦੀਪ, ਬੀਐਸ ਸੇਖੋਂ ਤੇ ਹੋਰ ਆਗੂਆਂ ਨੇ ਹਿੱਸਾ ਲਿਆ।