ਬਿਜਲੀ ਮੁਲਾਜ਼ਮਾਂ ਵੱਲੋਂ ਪਾਵਰਕੌਮ ਮੈਨੇਜਮੈਂਟ ਨੂੰ ਚਿਤਾਵਨੀ
ਟੀਐੱਸਯੂ, ਪੀਐਸਈਬੀ ਐਂਪਲਾਈਜ਼ ਫੈੱਡਰੇਸ਼ਨ ਏਟਕ ਅਤੇ ਸੁੰਦਰ ਨਗਰ ਡਿਵੀਜ਼ਨ ਦੇ ਮੁਲਾਜ਼ਮਾਂ ਨੇ ਪੰਜਾਬ ਸਰਕਾਰ ਅਤੇ ਬਿਜਲੀ ਮੈਨੇਜਮੈਂਟ ਨੂੰ ਤਾੜਨਾ ਕੀਤੀ ਹੈ ਕਿ ਜੇਕਰ ਮੰਡਲ ਸੁਪਰਡੈਂਟ ਯੋਗੇਸ਼ ਕੁਮਾਰ ਤੇ ਉਪ ਲੇਖਾਕਾਰ ਪ੍ਰਭਜੋਤ ਕੌਰ ਦੀ ਮੁਅੱਤਲੀ ਰੱਦ ਨਾ ਕੀਤੀ ਗਈ ਤਾਂ ਉਹ ਇਸ ਬਾਰੇ ਜ਼ੋਰਦਾਰ ਸੰਘਰਸ਼ ਕਰਨਗੇ।
ਅੱਜ ਇੱਥੇ ਸੂਬਾਈ ਆਗੂਆਂ ਨੂੰ ਰਘਵੀਰ ਸਿੰਘ ਰਾਮਗੜ੍ਹ, ਰਛਪਾਲ ਸਿੰਘ ਪਾਲੀ ਅਤੇ ਪ੍ਰਧਾਨ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਇਨ੍ਹਾਂ ਦੀ ਮੁਅੱਤਲੀ ਦੀ ਨਿੰਦਾ ਕਰਦਿਆਂ ਇਸਨੂੰ ਵਾਪਸ ਲੈਣ ਦੀ ਮੰਗ ਕੀਤੀ ਹੈ।
ਆਗੂਆਂ ਨੇ ਦੱਸਿਆ ਕਿ ਬੀਤੇ ਦਿਨੀਂ ਸੀਐੱਚਵੀ ਮੁਲਾਜ਼ਮ ਅਮਨਪ੍ਰੀਤ ਸਿੰਘ ਦੀ ਮੌਤ ਹੋ ਗਈ ਸੀ ਜਿਸ ਦੇ ਪਰਿਵਾਰ ਨੂੰ ਆਰਥਿਕ ਰਾਹਤ ਦੇਣ ਲਈ ਦੋਵਾਂ ਅਧਿਕਾਰੀਆਂ ਨੂੰ ਮ੍ਰਿਤਕ ਦੇ ਪਰਿਵਾਰ ਦੇ ਨਾਮ ਉੱਤੇ ਚੈੱਕ ਕੱਟਣ ਲਈ ਜ਼ੋ ਆਦੇਸ਼ ਕੀਤੇ ਗਏ ਸਨ ਉਨ੍ਹਾਂ ਵਿੱਚ ਕੁੱਝ ਤਰੁੱਟੀਆਂ ਸਨ। ਦੋਵੇਂ ਅਧਿਕਾਰੀਆਂ ਨੇ ਤਰੁੱਟੀਆਂ ਦੂਰ ਕਰਵਾ ਕੇ ਲਿਖਤੀ ਮਨਜ਼ੂਰੀ ਦੀ ਮੰਗ ਕੀਤੀ ਪਰ ਇਹ ਨਾ ਮਿਲਣ ਕਾਰਨ ਉਨ੍ਹਾਂ ਵੱਲੋਂ ਚੈੱਕ ਨਹੀਂ ਕੱਟਿਆ ਗਿਆ।
ਅਧਿਕਾਰੀਆਂ ਵੱਲੋਂ ਉਨ੍ਹਾਂ ਨੂੰ ਲਿਖਤੀ ਪ੍ਰਵਾਨਗੀ ਦੇਣ ਦੀ ਥਾਂ ਮੁਅੱਤਲੀ ਦੇ ਰੂਪ ਵਿੱਚ ਸਜਾ ਮਿਲੀ। ਆਗੂਆਂ ਨੇ ਕਿਹਾ ਕਿ ਮੈਨੇਜਮੈਂਟ ਦੀ ਇਹ ਕਾਰਵਾਈ ਸਰਾਸਰ ਨਿੰਦਣਯੋਗ ਹੈ। ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਨੇ ਇਸ ਵੱਲ ਧਿਆਨ ਨਾ ਦਿੱਤਾ ਤਾਂ ਉਹ ਜਥੇਬੰਦੀਆਂ ਨਾਲ ਵਿਚਾਰ ਵਟਾਂਦਰਾ ਕਰਨ ਉਪਰੰਤ ਸੋਮਵਾਰ ਤੋਂ ਸਾਂਝਾ ਘੋਲ ਸ਼ੁਰੂ ਕਰਨ ਦਾ ਫ਼ੈਸਲਾ ਕਰਨਗੇ।