ਬਿਜਲੀ ਏਕਤਾ ਮੰਚ, ਜੁਆਇੰਟ ਫੋਰਮ, ਏਓ ਜੇਈ ਅਤੇ ਪਾਵਰਕੌਮ ਐਂਡ ਟ੍ਰਾਂਸਕੋ ਪੈਨਸ਼ਨਰਜ਼ ਯੂਨੀਅਨ ਏਟਕ ਪੰਜਾਬ ਦੀ ਅਗਵਾਈ ਹੇਠ ਬਿਜਲੀ ਕਾਮਿਆਂ ਵੱਲੋਂ ਆਪਣੀਆਂ ਮੰਗਾਂ ਦੇ ਹੱਕ ਵਿੱਚ ਅੱਜ ਦੂਜੇ ਦਿਨ ਵੀ ਰੋਸ ਮੁਜ਼ਾਹਰੇ ਕੀਤੇ ਗਏ। ਮੁਲਾਜ਼ਮਾਂ ਨੇ ਅੱਜ ਸੀਐੱਮਸੀ ਡਿਵੀਜ਼ਨ ਵਿੱਚ ਏਕਤਾ ਮੰਚ ਦੇ ਆਗੂ ਰਸ਼ਪਾਲ ਸਿੰਘ ਪਾਲੀ, ਜੁਆਇੰਟ ਫੋਰਮ ਦੇ ਆਗੂ ਰਘਵੀਰ ਸਿੰਘ ਰਾਮਗੜ੍ਹ ਅਤੇ ਪੈਨਸ਼ਨਰਜ਼ ਯੂਨੀਅਨ ਦੇ ਆਗੂ ਕੇਵਲ ਸਿੰਘ ਬਨਵੈਤ ਦੀ ਅਗਵਾਈ ਹੇਠ ਗੇਟ ਰੈਲੀ ਕੀਤੀ। ਇਸ ਮੌਕੇ ਗੁਰਪ੍ਰੀਤ ਸਿੰਘ ਮਹਿਦੂਦਾਂ ਨੇ ਦੱਸਿਆ ਕਿ ਏਕਤਾ ਮੰਚ ਦੇ ਕਨਵੀਨਰ ਗੁਰਪ੍ਰੀਤ ਸਿੰਘ ਗੰਡੀਵਿੰਡ ਅਤੇ ਫੋਰਮ ਦੇ ਕਨਵੀਨਰ ਰਤਨ ਸਿੰਘ ਮਜਾਰੀ ਵੱਲੋਂ ਦਿੱਤੀ ਗਈ ਜਾਣਕਾਰੀ ਮੁਤਾਬਿਕ ਸਮੂਹਿਕ ਛੁੱਟੀਆਂ ਭਰਕੇ ਹੜਤਾਲ ’ਤੇ ਗਏ ਸਾਥੀਆਂ ਦੀ ਦਰ ਕੱਲ ਨਾਲੋਂ ਵੱਧ ਗਈ ਹੈ ਜੋ 13 ਅਗਸਤ ਨੂੰ ਹੋਰ ਵਧੇਗੀ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਦੀ ਵਧ ਰਹੀ ਦਰ ਜਿੱਥੇ ਸਾਥੀਆਂ ਦੇ ਸੰਘਰਸ਼ ਪ੍ਰਤੀ ਹੌਂਸਲੇ ਨੂੰ ਦਰਸਾਉਂਦੀ ਹੈ, ਉਥੇ ਇਸ ਗੱਲ ਦਾ ਵੀ ਸੰਕੇਤ ਹੈ ਕਿ ਉਨ੍ਹਾਂ ਨੂੰ ਸਰਕਾਰ ਵੱਲੋਂ ਐਸਮਾ ਲਗਾਉਣ ਦੀ ਦਿੱਤੀ ਜਾ ਰਹੀ ਧਮਕੀ ਦੀ ਕੋਈ ਪ੍ਰਵਾਹ ਨਹੀਂ। ਉਨ੍ਹਾਂ ਕਿਹਾ ਕਿ ਸਰਕਾਰ ਅਤੇ ਮੈਨੇਜਮੈਂਟ ਦੇ ਲਾਰਿਆਂ ਤੋਂ ਅੱਕੇ ਬਿਜਲੀ ਕਾਮੇ ਹੁਣ ਮੰਨੀਆਂ ਮੰਗਾਂ ਦੇ ਨੋਟੀਫਿਕੇਸ਼ਨ ਹੋਣ ਤੇ ਹੀ ਸਰਕਾਰ ਅਤੇ ਮੈਨੇਜਮੈਂਟ ਉੱਤੇ ਭਰੋਸਾ ਕਰਨਗੇ।
ਸੂਬਾਈ ਆਗੂਆਂ ਰਾਮਗੜ੍ਹ ਅਤੇ ਪਾਲੀ ਨੇ ਕਿਹਾ ਕਿ ਅੱਜ ਖ਼ਪਤਕਾਰਾਂ ਨੂੰ ਵੱਡੇ ਪੱਧਰ ’ਤੇ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਜਿਸ ਲਈ ਜ਼ਿੰਮੇਵਾਰ ਪੰਜਾਬ ਸਰਕਾਰ, ਬਿਜਲੀ ਮੰਤਰੀ ਅਤੇ ਮੈਨੇਜਮੈਂਟ ਹੈ। ਆਗੂਆਂ ਨੇ ਕਿਹਾ ਕਿ ਸਾਡੀਆਂ ਕੁਝ ਮੰਗਾਂ ਜਨਤਾ ਨਾਲ ਵੀ ਸਬੰਧਤ ਹਨ ਇਸ ਲਈ ਇਹ ਸੰਘਰਸ਼ ਸਾਡਾ ਸੰਘਰਸ਼ ਹੋਣ ਦੇ ਨਾਲ ਨਾਲ ਲੋਕਾਂ ਦਾ ਵੀ ਸੰਘਰਸ਼ ਹੈ। ਸੀਨੀਅਰ ਆਗੂ ਸਤੀਸ਼ ਭਾਰਦਵਾਜ ਨੇ ਅਗਲੇ ਪ੍ਰੋਗਰਾਮ ਬਾਰੇ ਦਸਦਿਆਂ ਕਿਹਾ ਕਿ ਕੱਲ ਤੱਕ ਸਰਕੂਲਰ ਜਾਰੀ ਨਾ ਹੋਏ ਤਾਂ ਜਿੱਥੇ ਸਮੂਹਿਕ ਛੁੱਟੀਆਂ ਭਰਕੇ ਕੀਤੀ ਜਾ ਰਹੀ ਹੜਤਾਲ ਦਾ ਸਮਾਂ ਹੋਰ ਵਧਾ ਦਿੱਤਾ ਜਾਵੇਗਾ, ਉਥੇ ਹੀ 15 ਅਗਸਤ ਨੂੰ ਕਾਲੀਆਂ ਝੰਡੀਆਂ ਲਹਿਰਾ ਕੇ ਸਰਕਾਰ ਦੇ ਨੁਮਾਇੰਦਿਆਂ ਦਾ ਵਿਰੋਧ ਵੀ ਕੀਤਾ ਜਾਵੇਗਾ। ਇਸ ਮੌਕੇ ਧਰਮਿੰਦਰ, ਸੁਖਦੇਵ ਸਿੰਘ, ਗੁਰਮੁੱਖ ਸਿੰਘ, ਰਘਵੀਰ ਸਿੰਘ ਜਮਾਲਪੁਰ, ਸੁਰਜੀਤ ਸਿੰਘ, ਦੀਪਕ ਕੁਮਾਰ, ਅਮਰਜੀਤ ਸਿੰਘ, ਪ੍ਰਕਾਸ਼, ਰਾਮ ਅਵਧ, ਬਲਜੀਤ ਸਿੰਘ ਅਤੇ ਹੋਰ ਹਾਜ਼ਰ ਸਨ।
ਬਿਜਲੀ ਕਾਮਿਆਂ ਨੇ ਪੁਤਲੇ ਫੂਕੇ
ਰਾਏਕੋਟ(ਸੰਤੋਖ ਗਿੱਲ): ਬਿਜਲੀ ਕਾਮਿਆਂ ਦੀਆਂ ਜਥੇਬੰਦੀਆਂ ਦੇ ਸਾਂਝੇ ਫੋਰਮ, ਬਿਜਲੀ ਮੁਲਾਜ਼ਮ ਏਕਤਾ ਮੰਚ, ਐਸੋਸੀਏਸ਼ਨ ਆਫ਼ ਜੂਨੀਅਰ ਇੰਜੀਨੀਅਰ ਅਤੇ ਪੈਨਸ਼ਨਰ ਐਸੋਸੀਏਸ਼ਨ ਦੇ ਵੱਲੋਂ ਪਾਵਰ ਕਾਮ ਦੀ ਮੈਨੇਜਮੈਂਟ ਅਤੇ ਸੂਬਾ ਸਰਕਾਰ ਵੱਲੋਂ ਮੰਨੀਆਂ ਮੰਗਾਂ ਲਾਗੂ ਕਰਵਾਉਣ ਲਈ 11 ਤੋਂ 13 ਅਗਸਤ ਤੱਕ ਸਮੂਹਿਕ ਛੁੱਟੀ ਲੈਣ ਦੇ ਦੂਜੇ ਦਿਨ ਰਾਏਕੋਟ ਦੇ ਡਵੀਜ਼ਨਲ ਦਫ਼ਤਰ ਦੇ ਗੇਟ ਅੱਗੇ ਸਾਹਮਣੇ ਰੋਸ ਰੈਲੀ ਕੀਤੀ ਅਤੇ ਪੁਤਲਾ ਫੂਕਿਆ। ਮੁਲਾਜ਼ਮ ਆਗੂਆਂ ਨੇ ਕਿਹਾ ਕਿ 2 ਜੂਨ ਨੂੰ ਮੁਹਾਲੀ ਵਿੱਚ ਪਾਵਰ ਕਾਮ ਦੇ ਪ੍ਰਬੰਧਕਾਂ ਨਾਲ ਬਿਜਲੀ ਮੰਤਰੀ ਹਰਭਜਨ ਸਿੰਘ ਈ.ਟੀ.ਓ ਦੀ ਮੌਜੂਦਗੀ ਵਿੱਚ ਮੁਲਾਜ਼ਮਾਂ ਦੀਆਂ ਕਈ ਮੰਗਾਂ ਉੱਪਰ ਸਹਿਮਤੀ ਬਣੀ ਸੀ। ਪਰ ਹਾਲੇ ਤੱਕ ਮੰਨੀਆਂ ਮੰਗਾਂ ਲਾਗੂ ਕਰਨ ਤੋਂ ਪਾਵਰ ਕਾਮ ਮੈਨੇਜਮੈਂਟ ਟਾਲ਼-ਮਟੋਲ ਕਰ ਰਹੀ ਸੀ, ਜਿਸ ਵਿਰੁੱਧ ਬਿਜਲੀ ਕਾਮਿਆਂ ਦੀਆਂ ਵੱਖ-ਵੱਖ ਜਥੇਬੰਦੀਆਂ ਵੱਲੋਂ ਸੂਬੇ ਵਿੱਚ ਤਿੰਨ ਰੋਜ਼ਾ ਸਮੂਹਿਕ ਛੁੱਟੀ ਦਾ ਐਲਾਨ ਕੀਤਾ ਗਿਆ ਸੀ।
ਬਿਜਲੀ ਕਾਮਿਆਂ ਦੇ ਆਗੂਆਂ ਨੇ ਦੱਸਿਆ ਕਿ ਬਿਜਲੀ ਮੰਤਰੀ ਦੀ ਕੋਠੀ ਅੱਗੇ ਅੰਮ੍ਰਿਤਸਰ ਵਿੱਚ 27 ਜੁਲਾਈ ਨੂੰ ਰੋਸ ਰੈਲੀ ਕੀਤੀ ਸੀ। ਬਿਜਲੀ ਕਾਮਿਆਂ ਦੇ ਆਗੂਆਂ ਨੇ ਇਹ ਵੀ ਕਿਹਾ ਕਿ ਜੇਕਰ ਪਾਵਰ ਕਾਮ ਮੈਨੇਜਮੈਂਟ ਨੇ ਆਪਣਾ ਅੜੀਅਲ ਰਵੱਈਆ ਨਾ ਤਿਆਗਿਆ ਤਾਂ ਸਮੂਹਿਕ ਛੁੱਟੀ ਅੱਗੇ ਵੀ ਵਧਾਈ ਜਾ ਸਕਦੀ ਹੈ। ਰੈਲੀ ਨੂੰ ਬੂਟਾ ਸਿੰਘ ਮਲਕ ਟੀ.ਐੱਸ.ਯੂ, ਪ੍ਰਧਾਨ ਅਵਤਾਰ ਸਿੰਘ ਬੱਸੀਆਂ, ਤਰਲੋਚਨ ਸਿੰਘ ਹਠੂਰ, ਮਨਜਿੰਦਰ ਸਿੰਘ ਇੰਪਲਾਈਜ਼ ਫੈਡਰੇਸ਼ਨ ਏਟਕ, ਪੈਨਸ਼ਨਰ ਐਸੋਸੀਏਸ਼ਨ ਦੇ ਸਕੱਤਰ ਜਸਵੰਤ ਸਿੰਘ ਕੁਤਬਾ, ਪ੍ਰਧਾਨ ਬਿੱਲੂ ਖ਼ਾਨ, ਗਰਿੱਡ ਮੁਲਾਜ਼ਮ ਯੂਨੀਅਨ ਦੇ ਪ੍ਰਧਾਨ ਜਸਵੀਰ ਸਿੰਘ ਆਂਡਲੂ, ਸੁਖਚੈਨ ਸਿੰਘ, ਚਰਨਜੀਤ ਸਿੰਘ ਰਾਜੋਆਣਾ ਨੇ ਵੀ ਰੈਲੀ ਨੂੰ ਸੰਬੋਧਨ ਕੀਤਾ।