ਸਿੱਖਿਆ ਕ੍ਰਾਂਤੀ ਮੁਹਿੰਮ ਨੇ ਕਰਜ਼ਈ ਕੀਤੇ ਅਧਿਆਪਕ: ਡੀ ਟੀ ਐੱਫ
ਹਾਲੇ ਤੱਕ ਨਹੀਂ ਮਿਲੀ ਸਕੂਲਾਂ ’ਚ ਕਰਵਾੲੇ ਸਮਾਗਮਾਂ ਦੀ ਗਰਾਂਟ
ਸਕੂਲਾਂ ਦੀਆਂ ਇਮਾਰਤਾਂ ਦੇ ਉਦਘਾਟਨ ਕਰਨ ਲਈ ਚਲਾਈ ਸਿੱਖਿਆ ਕ੍ਰਾਂਤੀ ਮੁਹਿੰਮ ਨੂੰ ਸਫਲ ਬਣਾਉਣ ਲਈ ਗਰਾਂਟ ਨਾ ਮਿਲਣ ਕਰਕੇ ਅਧਿਆਪਕ ਖੁਦ ਕਰਜ਼ਈ ਹੋ ਗਏ ਹਨ। ਡੀਟੀਐੱਫ ਦੇ ਨੁਮਾਇੰਦਿਆਂ ਨੇ ਸਰਕਾਰ ਨੂੰ ਜਲਦੀ ਗਰਾਂਟ ਜਾਰੀ ਕਰਨ ਦੀ ਮੰਗ ਕੀਤੀ ਹੈ।
ਡੈਮੋਕ੍ਰੇਟਿਕ ਟੀਚਰਜ਼ ਫਰੰਟ ਪੰਜਾਬ, ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਰਮਨਜੀਤ ਸਿੰਘ ਸੰਧੂ ਅਤੇ ਜਨਰਲ ਸਕੱਤਰ ਰੁਪਿੰਦਰ ਪਾਲ ਸਿੰਘ ਗਿੱਲ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਅਪਰੈਲ-ਮਈ ਮਹੀਨੇ ਦੌਰਾਨ ਸਕੂਲਾਂ ਵਿੱਚ ਬਣੀਆਂ ਇਮਾਰਤਾਂ ਦੇ ਉਦਘਾਟਨ ਸਮਾਰੋਹਾਂ ਦੀ ਵਿਸ਼ੇਸ਼ ਮੁਹਿੰਮ ਚਲਾਈ ਸੀ। ਇਸ ਦੀ ਵੱਡੇ ਪੱਧਰ ’ਤੇ ਇਸ਼ਤਿਹਾਰਬਾਜ਼ੀ ਵੀ ਕੀਤੀ ਗਈ ਸੀ। ਸਕੂਲਾਂ ਨੂੰ ਸਮਾਗਮ ਕਰਾਉਣ ਲਈ ਸੈਕੰਡਰੀ, ਹਾਈ ਅਤੇ ਮਿਡਲ ਸਕੂਲਾਂ ਨੂੰ ਕ੍ਰਮਵਾਰ 15.000, 10.000 ਅਤੇ 5000 ਰੁਪਏ ਗਰਾਂਟ ਦੇਣ ਦਾ ਇੱਕ ਚਿੱਠੀ ਰਾਹੀਂ ਵਾਅਦਾ ਕੀਤਾ ਗਿਆ ਸੀ ਅਤੇ ਉਦਘਾਟਨ ਦਾ ਪੱਥਰ ਬਣਾਉਣ ਲਈ 5000 ਰੁਪਏ ਪ੍ਰਤੀ ਪੱਥਰ ਗਰਾਂਟ ਦੇਣ ਦੀ ਗੱਲ ਕੀਤੀ ਗਈ ਸੀ। ਇਹਨਾਂ ਸਮਾਗਮਾਂ ਦੇ ਪੁਖਤਾ ਪ੍ਰਬੰਧ ਕਰਨ ਹਿੱਤ ਅਧਿਆਪਕਾਂ ਨੇ ਖਾਣਾ, ਟੈਂਟ, ਸਾਊਂਡ ਸਿਸਟਮ ਅਤੇ ਹੋਰ ਕਾਰਜਾਂ ਲਈ ਵੱਡੀ ਰਾਸ਼ੀ ਪੱਲਿਓਂ ਖਰਚੀ। ਪਹਿਲਾਂ ਤਾਂ ਇਹ ਗਰਾਂਟ ਦੇਣ ਦੀ ਕੋਈ ਗੱਲ ਨਾ ਕੀਤੀ ਗਈ। ਅਖੀਰ ਜੂਨ ਵਿੱਚ ਜ਼ਿਲ੍ਹਾ ਸਿੱਖਿਆ ਦਫ਼ਤਰ ਵੱਲੋਂ ਸਕੂਲਾਂ ਤੋਂ ਬਿੱਲ ਮੰਗ ਲਏ ਗਏ। ਅਧਿਆਪਕਾਂ ਨੇ ਦਫਤਰ ਵੱਲੋਂ ਮਿਲੀਆਂ ਹਦਾਇਤਾਂ ਅਨੁਸਾਰ ਬਿੱਲਾਂ ਦੀਆਂ ਫਾਇਲਾਂ ਬਣਾ ਕੇ ਜਮ੍ਹਾਂ ਕਰਵਾ ਦਿੱਤੀਆਂ। ਕੁੱਝ ਸਮੇਂ ਬਾਅਦ ਉਹਨਾਂ ਤੇ ਇਤਰਾਜ ਲਾ ਕੇ ਬਹੁਤ ਸਕੂਲਾਂ ਨੂੰ ਇਤਰਾਜ ਦੂਰ ਕਰਨ ਦੀ ਹਦਾਇਤ ਕੀਤੀ ਗਈ। ਅਧਿਆਪਕ ਉਹਨਾਂ ਇਤਰਾਜਾਂ ਨੂੰ ਦੂਰ ਕਰਕੇ ਫਾਇਲਾਂ ਜਮ੍ਹਾ ਕਰਵਾ ਆਏ ਹਨ। ਪਰ ਮਹੀਨੇ ਦਾ ਸਮਾਂ ਬਤੀਤ ਹੋਣ ਤੋਂ ਬਾਅਦ ਵੀ ਸਕੂਲਾਂ ਨੂੰ ਅੱਜ ਤੱਕ ਗਰਾਂਟ ਪ੍ਰਾਪਤ ਨਹੀਂ ਹੋਈ ਹੈ। ਜਦੋਂ ਕਿ ਅਧਿਆਪਕ ਗ੍ਰਾਂਟਾਂ ਤੋਂ ਵੱਧ ਖਰਚ ਆਪਣੇ ਕੋਲੋਂ ਕਰ ਚੁੱਕੇ ਹਨ। ਡੀਟੀਐਫ ਨੇ ਸਰਕਾਰ ਤੋਂ ਮੰਗ ਕੀਤੀ ਕਿ ਇਹ ਗਰਾਂਟ ਜਲਦੀ ਜਾਰੀ ਕੀਤੀ ਜਾਵੇ। ਜੇਕਰ ਗਰਾਂਟ ਜਾਰੀ ਨਾ ਕੀਤੀ ਗਈ ਤਾਂ ਜੱਥੇਬੰਦੀ ਵੱਲੋਂ ਸੰਘਰਸ਼ ਕੀਤਾ ਜਾਵੇਗਾ। ਇਸ ਸਮੇਂ 4161 ਮਾਸਟਰ ਕੇਡਰ ਅਧਿਆਪਕ ਯੂਨੀਅਨ ਤੋਂ ਜਸਵਿੰਦਰ ਸਿੰਘ ਐਤੀਆਣਾ, 6635 ਅਧਿਆਪਕ ਯੂਨੀਅਨ ਤੋਂ ਪਰਮਿੰਦਰ ਸਿੰਘ ਮਲੌਦ, ਮਨਪ੍ਰੀਤ ਸਿੰਘ ਸਮਰਾਲਾ, ਰਕੇਸ਼ ਪੁਹੀੜ, ਰਜਿੰਦਰ ਜੰਡਿਆਲੀ, ਸੰਦੀਪ ਪਾਂਡੇ, ਅਮਨਦੀਪ ਵਰਮਾ, ਜੰਗਪਾਲ ਸਿੰਘ ਰਾਏਕੋਟ ਤੇ ਬਲਵੀਰ ਸਿੰਘ ਬਾਸੀਆਂ ਹਾਜ਼ਰ ਸਨ।