ਗੁਰੂ ਅੰਗਦ ਦੇਵ ਵੈਟਰਨਰੀ ਤੇ ਐਨੀਮਲ ਸਾਇੰਸਿਜ਼ ਯੂਨੀਵਰਸਿਟੀ ਲੁਧਿਆਣਾ ਦੇ ਕਾਲਜ ਆਫ ਫਿਸ਼ਰੀਜ਼ ਨੇ ਵਿਸ਼ਵ ਮੱਛੀ ਪਾਲਣ ਦਿਵਸ ਮਨਾਇਆ। ਫਿਸ਼ਰੀਜ਼ ਕਾਲਜ ਦੀ ਡੀਨ ਡਾ. ਮੀਰਾ ਡੀ ਆਂਸਲ ਨੇ ਦੱਸਿਆ ਕਿ ਇਹ ਦਿਵਸ ਹਰ ਸਾਲ 21 ਨਵੰਬਰ ਨੂੰ ਮਨਾਇਆ ਜਾਂਦਾ ਹੈ। ਇਸ ਦਾ ਉਦੇਸ਼ ‘ਜਲਜੀਵਾਂ, ਜਲ ਦੀ ਸੰਭਾਲ ਅਤੇ ਵਾਤਾਵਰਣ ਸੰਤੁਲਨ ਦੀ ਦਰੁਸਤੀ ਨਾਲ ਸੰਬੰਧਿਤ ਹੈ’।
ਕਾਲਜ ਵੱਲੋਂ ਲੁਧਿਆਣਾ ਦੇ ਕੋਲ ਵਗਦੇ ਸਤਲੁਜ ਦਰਿਆ ਅਤੇ ਸਿਧਵਾਂ ਨਹਿਰ ’ਤੇ ਜਾ ਕੇ ਵਿਦਿਆਰਥੀਆਂ ਨੇ ਪੋਸਟਰਾਂ ਅਤੇ ਬੈਨਰਾਂ ਰਾਹੀਂ ਆਮ ਲੋਕਾਂ ਨੂੰ ਪਾਣੀ ਦੇ ਸਾਧਨਾਂ ਦੀ ਸੰਭਾਲ ਅਤੇ ਪ੍ਰਦੂਸ਼ਣ ਤੋਂ ਬਚਾਉਣ ਲਈ ਜਾਗਰੂਕ ਕੀਤਾ। ਇਸੇ ਸਿਲਸਿਲੇ ਅਧੀਨ ਵਿਦਿਆਰਥੀਆਂ ਦਾ ਪੋਸਟਰ ਮੁਕਾਬਲਾ ਵੀ ਕਰਵਾਇਆ ਗਿਆ। ਪੋਸਟਰ ਮੁਕਾਬਲੇ ਵਿੱਚ ਜਲਜੀਵ ਸਰੋਤਾਂ ਨੂੰ ਸੁਰੱਖਿਅਤ ਰੱਖਣ ਅਤੇ ਜੀਵਨ ਬਚਾਉਣ ਸਬੰਧੀ ਵਿਦਿਆਰਥੀਆਂ ਨੇ ਆਪਣੀ ਕਲਾ ਉਜਾਗਰ ਕੀਤੀ।
ਵਿਸ਼ਵ ਮੱਛੀ ਪਾਲਣ ਦਿਵਸ ਸਬੰਧੀ ਗਤੀਵਿਧੀਆਂ 22 ਨਵੰਬਰ ਨੂੰ ਵੀ ਕੀਤੀਆਂ ਜਾਣਗੀਆਂ ਜਿਨ੍ਹਾਂ ਤਹਿਤ ਮੱਛੀਆਂ ਦੀ ਪ੍ਰਦਰਸ਼ਨੀ, ਮੱਛੀ ਦੇ ਪਕਵਾਨ ਅਤੇ ਵਿਭਿੰਨ ਉਤਪਾਦਾਂ ਦੀ ਵਿਕਰੀ ਵੀ ਹੋਵੇਗੀ। ਉਪ ਕੁਲਪਤੀ ਡਾ. ਜਤਿੰਦਰ ਪਾਲ ਸਿੰਘ ਗਿੱਲ ਨੇ ਕਿਹਾ ਕਿ ਇਹ ਜੀਵ ਸਾਡੇ ਵਾਤਾਵਰਨ ਸੰਤੁਲਨ ਅਤੇ ਭੋਜਨ ਪੌਸ਼ਟਿਕਤਾ ਲਈ ਕਾਫ਼ੀ ਅਹਿਮ ਹਨ। ਉਨ੍ਹਾਂ ਕਿਹਾ ਕਿ ‘ਵਨ ਹੈਲਥ’ ਵਿਸ਼ੇ ਅਧੀਨ ਸਾਨੂੰ ਵਾਤਾਵਰਨ, ਮਨੁੱਖੀ ਸਿਹਤ ਅਤੇ ਹਰ ਕਿਸਮ ਦੇ ਜੀਵ ਜੰਤੂ ਦੇ ਸੰਤੁਲਨ ਨੂੰ ਕਾਇਮ ਰੱਖ ਕੇ ਪ੍ਰਕਿਰਤੀ ਨੂੰ ਬਚਾਉਣਾ ਚਾਹੀਦਾ ਹੈ।

