ਦਰੇਸੀ ਮੈਦਾਨ ’ਚ ਦਸਹਿਰਾ ਮੇਲੇ ਦੇ ਠੇਕੇਦਾਰ ਵੱਲੋਂ ਖ਼ੁਦਕੁਸ਼ੀ ਦੀ ਕੋਸ਼ਿਸ਼
ਮੇਲਾ ਕੀਤਾ ਬੰਦ; ਵਿਧਾਇਕ ’ਤੇ ਰਿਸ਼ਵਤ ਮੰਗਣ ਦਾ ਦੋਸ਼
ਸ਼ਹਿਰ ਦੇ ਸਭ ਤੋਂ ਪੁਰਾਣੇ ’ਤੇ ਇਤਿਹਾਸਕ ਦਰੇਸੀ ਦਸਹਿਰਾ ਮੇਲੇ ਦੇ ਠੇਕੇਦਾਰ ਅਸ਼ੋਕ ਕੁਮਾਰ ਨੇ ਅੱਜ ਆਪਣੇ ਉਪਰ ਮਿੱਟੀ ਦਾ ਤੇਲ ਪਾ ਕੇ ਖ਼ੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ। ਉਸ ਨੇ ਦਸਹਿਰਾ ਮੇਲਾ ਬੰਦ ਕਰ ਦਿੱਤਾ ਤੇ ਦੁਕਾਨਦਾਰਾਂ ਸਣੇ ਧਰਨੇ ’ਤੇ ਬੈਠ ਗਿਆ। ਠੇਕੇਦਾਰ ਅਸ਼ੋਕ ਕੁਮਾਰ ਨੇ ਦੋਸ਼ ਲਾਇਆ ਹੈ ਕਿ ਇਲਾਕੇ ਦਾ ‘ਆਪ’ ਵਿਧਾਇਕ ਉਸ ਕੋਲੋਂ 10 ਲੱਖ ਰੁਪਏ ਰਿਸ਼ਵਤ ਦੀ ਮੰਗ ਕਰ ਰਿਹਾ ਹੈ ਤੇ ਪੈਸੇ ਨਾ ਦੇਣ ਕਾਰਨ ਰੋਜ਼ਾਨਾ ਪੁਲੀਸ ਤੇ ਨਿਗਮ ਮੁਲਾਜ਼ਮ ਭੇਜ ਕੇ ਉਸ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਉਸ ਨੇ ਦੱਸਿਆ ਕਿ ਇਸ ਤੋਂ ਤੰਗ ਆ ਕੇ ਹੀ ਉਸ ਨੇ ਅੱਜ ਖੁਦਕੁਸ਼ੀ ਕਰਨ ਦਾ ਯਤਨ ਕੀਤਾ। ਠੇਕੇਦਾਰ ਨੇ ਇਹ ਵੀ ਦੋਸ਼ ਲਾਇਆ ਹੈ ਕਿ ਦੋ ਦਿਨ ਪਹਿਲਾਂ ਵਿਧਾਇਕ ਨੇ ਉਸ ਨੂੰ ਆਪਣੇ ਦਫ਼ਤਰ ਸੱਦ ਕੇ ਜ਼ਲੀਲ ਕੀਤਾ ਸੀ।
ਦਰੇਸੀ ਮੇਲੇ ਦਾ 100 ਸਾਲ ਤੋਂ ਵੱਧ ਦਾ ਇਤਿਹਾਸ ਹੈ ਤੇ ਅੱਜ ਹਿਹ ਮੇਲਾ ਬੰਦ ਹੁੁੰਦਿਆਂ ਹੀ ਸ਼ਹਿਰ ਵਿੱਚ ਰੋਲਾ ਪੈ ਗਿਆ। ਇਸ ਥਾਂ ਤੋਂ ਭਗਵਾਨ ਰਾਮ ਦਾ ਡੋਲਾ ਕੱਢਣ ਵਾਲੀ ਰਾਮ ਲੀਲ੍ਹਾ ਕਮੇਟੀ ਦੇ ਮੈਂਬਰਾਂ ਨੇ ਵੀ ਸ਼ੋਭਾ ਯਾਤਰਾ ਵਿੱਚ ਹੀ ਰੋਕ ਕੇ ਠੇਕੇਦਾਰ ਨਾਲ ਧਰਨੇ ’ਤੇ ਬੈਠ ਗਏ। ਉਧਰ, ਇਸ ਮਾਮਲੇ ਦੀ ਖ਼ਬਰ ਫੈਲਦੇ ਹੀ ਭਾਜਪਾ ਤੇ ਕਾਂਗਰਸ ਦੇ ਆਗੂ ਵੀ ਮੌਕੇ ’ਤੇ ਪੁੱਜ ਗਏ ਤੇ ਧਰਨੇ ਦਾ ਸਮਰਥਨ ਕੀਤਾ। ਮਾਹੌਲ ਗੰਭੀਰ ਹੁੰਦਾ ਵੇਖ ਕਈ ਥਾਣਿਆਂ ਦੀ ਪੁਲੀਸ ਵੀ ਮੌਕੇ ’ਤੇ ਪੁੱਜ ਗਈ। ਰਾਮ ਲੀਲ੍ਹਾ ਕਮੇਟੀ ਦੇ ਦਿਨੇਸ਼ ਮਰਵਾਹਾ ਨੇ ਦੱਸਿਆ ਕਿ ਇਹ ਇਤਿਹਾਸਕ ਮੇਲਾ ਹੈ, ਪਹਿਲੀ ਵਾਰ ਹੋਇਆ ਹੈ ਕਿ ਮੇਲਾ ਕਿਸੇ ਕਾਰਨ ਬੰਦ ਹੋਇਆ ਹੋਵੇ। ਇਸ ਕਾਰਨ ਅੱਜ ਰਾਮ ਜੀ ਦਾ ਡੋਲਾ ਸ਼ੋਭਾ ਯਾਤਰਾ ਵੀ ਰੋਕਣੀ ਪਈ ਹੈ। ਉਨ੍ਹਾਂ ਇਸ ਲਈ ਸਿੱਧੇ ਤੌਰ ’ਤੇ ਸਰਕਾਰ ਤੇ ਨਗਰ ਨਿਗਮ ਨੂੰ ਜ਼ਿੰਮੇਵਾਰ ਠਹਿਰਾਇਆ ਹੈ।
ਕਰੋੜ ਰੁਪਏ ਦੇ ਕੇ ਠੇਕਾ ਲਿਆ: ਠੇਕੇਦਾਰ
ਠੇਕੇਦਾਰ ਅਸ਼ੋਕ ਕੁਮਾਰ ਨੇ ਧਰਨੇ ਦੌਰਾਨ ਦੱਸਿਆ ਕਿ ਉਸ ਨੇ ਕਰੀਬ ਕਰੋੜ ਰੁਪਏ ਦੀ ਬੋਲੀ ਦੇ ਕੇ ਰਾਮ ਲੀਲ੍ਹਾ ਕਮੇਟੀ ਤੋਂ ਮੇਲੇ ਦਾ ਠੇਕਾ ਲਿਆ ਸੀ ਪਰ ‘ਆਪ’ ਵਿਧਾਇਕ ਉਸ ਨੂੰ 10 ਲੱਖ ਰੁਪਏ ਦੇਣ ਲਈ ਮਜਬੂਰ ਕਰ ਰਿਹਾ ਸੀ। ਉਸ ਨੇ ਦੱਸਿਆ ਕਿ ਰਿਸ਼ਵਤ ਨਾ ਦੇਣ ਕਰਕੇ ਰੋਜ਼ਾਨਾ ਪੁਲੀਸ ਆ ਕੇ ਮੇਲਾ ਬੰਦ ਕਰਵਾ ਰਹੀ ਹੈ।
ਖ਼ੁਦ ’ਤੇ ਤੇਲ ਪਾਉਂਦਾ ਹੋਇਆ ਠੇਕੇਦਾਰ।