ਇਥੋਂ ਦੇ ਮਿਲਟਰੀ ਗਰਾਊਂਡ ਵਿੱਚ ਬੁਰਾਈ ’ਤੇ ਅੱਛਾਈ ਦੀ ਜਿੱਤ ਦਾ ਪ੍ਰਤੀਕ ਵਿਜੈ ਦਸਮੀ ਦਾ ਤਿਉਹਾਰ ਬੜੀ ਸ਼ਰਧਾ ਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਹੋਏ ਸਮਾਗਮ ਦੌਰਾਨ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ ਨੇ ਸਭ ਨੂੰ ਦੁਸਹਿਰੇ ਦੀ ਵਧਾਈ ਦਿੰਦਿਆਂ ਕਿਹਾ ਕਿ ਸਾਨੂੰ ਸਭ ਨੂੰ ਆਪਸੀ ਭਾਈਚਾਰਕ ਸਾਂਝ ਨਾਲ ਹਰ ਤਿਉਹਾਰ ਮਨਾਉਣਾ ਚਾਹੀਦਾ ਹੈ ਇਸ ਨਾਲ ਜਿੱਥੇ ਆਪਸੀ ਏਕਤਾ ਵੱਧਦੀ ਹੈ ਉੱਥੇ ਹੀ ਦੂਜੇ ਧਰਮਾਂ ਪ੍ਰਤੀ ਸਤਿਕਾਰ ਵੀ ਵੱਧਦਾ ਹੈ। ਉਨ੍ਹਾਂ ਕਿਹਾ ਕਿ ਭਾਵੇਂ ਰਾਵਣ ਕਾਲ ਨੂੰ ਮੰਜੇ ਦੇ ਪਾਵੇ ਨਾਲ ਬੰਨ੍ਹ ਕੇ ਰੱਖਣ ਵਾਲਾ ਬੁੱਧੀਮਾਨ ਅਤੇ ਛੇ ਸ਼ਾਸਤਰਾਂ ਤੇ ਚਾਰ ਵੇਦਾਂ ਦਾ ਗਿਆਨ ਰੱਖਣ ਵਿਅਕਤੀ ਸੀ ਪਰ ਆਪਣੇ ਹੰਕਾਰ ਅਤੇ ਬੁਰੇ ਕਿਰਦਾਰ ਕਾਰਨ ਭਗਵਾਨ ਰਾਮ ਨੇ ਉਸ ਨੂੰ ਮਾਰ ਕੇ ਅੱਜ ਦੇ ਦਿਨ ਜਿੱਤ ਪ੍ਰਾਪਤ ਕੀਤੀ ਸੀ। ਇਸ ਮੌਕੇ ਗਰਾਊਂਡ ਵਿਚ ਰਾਵਣ, ਮੇਘਨਾਥ ਅਤੇ ਕੁੰਭਕਰਨ ਦੇ ਬੁੱਤ ਲਾਏ ਗਏ ਅਤੇ ਸ਼ਾਨਦਾਰ ਅਤਿਸ਼ਬਾਜ਼ੀ ਕੀਤੀ ਗਈ।
ਇਸ ਤੋਂ ਇਲਾਵਾ ਵਿਸ਼ੇਸ ਤੌਰ ਤੇ ਸ਼ਾਮਲ ਹੋਏ ਪ੍ਰਸਿੱਧ ਗਾਇਕ ਕੁਲਵਿੰਦਰ ਬਿੱਲਾ, ਬਿਨੂੰ ਢਿੱਲੋਂ ਅਤੇ ਦੇਵ ਖਰੌਦ ਨੇ ਆਪਣੀ ਸੁਰੀਲੀ ਅਵਾਜ਼ ਨਾਲ ਲੋਕਾਂ ਦਾ ਮਨੋਰੰਜਨ ਕੀਤਾ। ਇਸ ਮੌਕੇ ਸਮਾਗਮ ਵਿਚ ਸ਼ਾਮਲ ਹੋਏ ਲੋਕਾਂ ਨੇ ਮੇਲੇ ਵਿਚ ਲੱਗੇੇ ਝੂਟਿਆਂ ਤੇ ਖਾਣ ਪੀਣ ਵਾਲੀਆਂ ਚੀਜ਼ਾਂ ਦਾ ਆਨੰਦ ਮਾਣਿਆ। ਇਸੇ ਤਰ੍ਹਾਂ ਇਥੋਂ ਦੀ ਜਰਨੈਲੀ ਸੜਕ ਨੇੜੇ ਭੱਟੀਆ ਵਿਖੇ ਸ਼ਹਿਰ ਵਿਚ ਦੂਜਾ ਦਸਹਿਰਾ ਸਮਾਗਮ ਕਰਵਾਇਆ ਗਿਆ, ਜਿੱਥੇ ਸਾਬਕਾ ਕੈਬਨਿਟ ਮੰਤਰੀ ਗੁਰਕੀਰਤ ਸਿੰਘ ਕੋਟਲੀ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਖੰਨਾ ਇੰਚਾਰਜ ਯਾਦਵਿੰਦਰ ਸਿੰਘ ਯਾਦੂ ਮੁੱਖ ਮਹਿਮਾਨ ਵਜੋਂ ਸ਼ਾਮਲ ਹੋਏ। ਉਨ੍ਹਾਂ ਲੋਕਾਂ ਨੂੰ ਵਧਾਈ ਦਿੰਦਿਆਂ ਕਿਹਾ ਕਿ ਬਦੀ ਤੇ ਹਮੇਸ਼ਾਂ ਨੇਕੀ ਦੀ ਜਿੱਤ ਹੁੰਦੀ ਹੈ ਇਸ ਲਈ ਸਭ ਨੂੰ ਨੇਕੀ ਦੇ ਰਾਹ ’ਤੇ ਚੱਲਦੇ ਹੋਏ ਆਪਣਾ ਜੀਵਨ ਬਤੀਤ ਕਰਨਾ ਚਾਹੀਦਾ ਹੈ। ਸਮਾਗਮ ਦੌਰਾਨ ਗਾਇਕ ਕਨਵਰ ਗਰੇਵਾਲ ਨੇ ਆਪਣੇ ਗੀਤਾਂ ਨਾਲ ਦਰਸ਼ਕਾਂ ਦਾ ਮਨ ਮੋਹਿਆ। ਇਸ ਮੌਕੇ ਵੱਖ ਵੱਖ ਖੇਤਰਾਂ ਵਿਚ ਯੋਗਦਾਨ ਪਾਉਣ ਵਾਲੀਆਂ ਸ਼ਖ਼ਸੀਅਤਾਂ ਨੂੰ ਸਨਮਾਨਿਤ ਕੀਤਾ ਗਿਆ।
ਇਸ ਤੋਂ ਇਲਾਵਾ ਦੋਰਾਹਾ ਵਿਖੇ ਵੀ ਨਗਰ ਕੌਂਸਲ ਪ੍ਰਧਾਨ ਸੁਦਰਸ਼ਨ ਪੱਪੂ ਅਤੇ ਬੌਬੀ ਕਪਿਲਾ ਦੀ ਅਗਵਾਈ ਹੇਠਾਂ ਦੁਸਹਿਰੇ ਦਾ ਤਿਉਹਾਰ ਬੜੀ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ। ਜਿੱਥੇ ਵਿਸ਼ੇਸ਼ ਤੌਰ ’ਤੇ ਸ਼ਾਮਲ ਹੋਏ ਕੈਬਨਿਟ ਮੰਤਰੀ ਤਰੁਨਪ੍ਰੀਤ ਸਿੰਘ ਸੌਂਦ, ਹਲਕਾ ਵਿਧਾਇਕ ਮਨਵਿੰਦਰ ਸਿੰਘ ਗਿਆਸਪੁਰਾ ਅਤੇ ਹੋਰ ਸ਼ਖ਼ਸੀਅਤਾਂ ਨੇ ਲੋਕਾਂ ਨੂੰ ਦਸਹਿਰੇ ਦੀ ਵਧਾਈ ਦਿੰਦਿਆਂ ਹਰ ਤਿਉਹਾਰ ਆਪਸੀ ਪ੍ਰੇਮ ਨਾਲ ਮਨਾਉਣ ਦਾ ਸੱਦਾ ਦਿੱਤਾ ਅਤੇ ਗਾਇਕ ਲਾਭ ਹੀਰਾ ਨੇ ਲੋਕਾਂ ਨੂੰ ਆਪਣੇ ਗੀਤ ਸੁਣਾਏ।