DT
PT
About The Punjabi Tribune Code Of Ethics Download App Advertise with us Classifieds
search-icon-img
search-icon-img
Advertisement

ਗਰਮੀ ਕਾਰਨ ਸਨਅਤੀ ਸ਼ਹਿਰ ਦੇ ਵਾਸੀ ਹੋਏ ਹਾਲੋਂ ਬੇਹਾਲ

ਸਤਵਿੰਦਰ ਬਸਰਾ ਲੁਧਿਆਣਾ, 22 ਮਈ ਦੇਸ਼ ਦੇ ਵਪਾਰਕ ਧੁਰੇ ਵਜੋਂ ਮਸ਼ਹੂਰ ਲੁਧਿਆਣਾ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਵੱਧ ਰਿਹਾ ਤਾਪਮਾਨ ਅੱਜ ਕੁੱਝ ਘੱਟ ਰਿਹਾ ਪਰ ਤੇਜ਼ ਹਵਾ ਚੱਲਣ ਦੇ ਬਾਵਜੂਦ ਗਰਮੀ ਪਹਿਲਾਂ ਜਿੰਨੀ ਹੀ ਮਹਿਸੂਸ ਕੀਤੀ ਗਈ। ਦੁਪਹਿਰ ਸਮੇਂ...
  • fb
  • twitter
  • whatsapp
  • whatsapp
featured-img featured-img
ਲੁਧਿਆਣਾ ਵਿੱਚ ਬੁੱਧਵਾਰ ਨੂੰ ਗਰਮੀ ਤੋਂ ਬਚਾਅ ਲਈ ਆਪਣੇ ਸਿਰ ’ਤੇ ਛਤਰੀ ਲਾਈ ਜਾਂਦੀ ਸਾਈਕਲ ਸਵਾਰ ਔਰਤ। -ਫੋਟੋ: ਧੀਮਾਨ
Advertisement

ਸਤਵਿੰਦਰ ਬਸਰਾ

ਲੁਧਿਆਣਾ, 22 ਮਈ

Advertisement

ਦੇਸ਼ ਦੇ ਵਪਾਰਕ ਧੁਰੇ ਵਜੋਂ ਮਸ਼ਹੂਰ ਲੁਧਿਆਣਾ ਵਿੱਚ ਪਿਛਲੇ ਕੁਝ ਦਿਨਾਂ ਤੋਂ ਲਗਾਤਾਰ ਵੱਧ ਰਿਹਾ ਤਾਪਮਾਨ ਅੱਜ ਕੁੱਝ ਘੱਟ ਰਿਹਾ ਪਰ ਤੇਜ਼ ਹਵਾ ਚੱਲਣ ਦੇ ਬਾਵਜੂਦ ਗਰਮੀ ਪਹਿਲਾਂ ਜਿੰਨੀ ਹੀ ਮਹਿਸੂਸ ਕੀਤੀ ਗਈ। ਦੁਪਹਿਰ ਸਮੇਂ ਤਿੱਖੀ ਧੁੱਪ ਕਾਰਨ ਬਾਜ਼ਾਰ ਸੁੰਨੇ ਰਹੇ। ਲੋਕਾਂ ਨੇ ਗਰਮੀ ਤੋਂ ਬਚਣ ਲਈ ਕਈ ਤਰ੍ਹਾਂ ਦੇ ਉਪਾਅ ਕੀਤੇ। ਇੱਥੋਂ ਦੇ ਕਈ ਕਈ ਖੇਤਰਾਂ ਵਿੱਚ ਅੱਜ ਬਿਜਲੀ ਸਪਲਾਈ ਬੰਦ ਰਹੀ।

ਪਿਛਲੇ ਕੁਝ ਦਿਨਾਂ ਤੋਂ ਲੁਧਿਆਣਾ ਵਿੱਚ ਜਿਹੜਾ ਪਾਰਾ 45-46 ਡਿਗਰੀ ਸੈਲਸੀਅਸ ਤੱਕ ਚੱਲ ਰਿਹਾ ਸੀ ਅੱਜ ਘੱਟ ਕੇ 41 ਡਿਗਰੀ ਸੈਲਸੀਅਸ ਤੱਕ ਹੇਠਾਂ ਆ ਗਿਆ। ਇਸ ਦਾ ਵੱਡਾ ਕਾਰਨ ਸਾਰਾ ਦਿਨ ਤੇਜ਼ ਹਵਾ ਚੱਲਦੀ ਰਹਿਣ ਨੂੰ ਮੰਨਿਆ ਜਾ ਰਿਹਾ ਹੈ। ਉਧਰ, ਦੂਜੇ ਪਾਸੇ ਪਾਰਾ ਘੱਟ ਹੋਣ ਦੇ ਬਾਵਜੂਦ ਗਰਮੀ 45-46 ਡਿਗਰੀ ਸੈਲਸੀਅਸ ਦੀ ਤਰ੍ਹਾਂ ਹੀ ਮਹਿਸੂਸ ਹੋ ਰਹੀ ਸੀ। ਮੌਸਮ ਵਿਭਾਗ ਵੱਲੋਂ ਆਉਂਦੇ ਦਿਨਾਂ ਲਈ ਰੈੱਡ ਅਲਰਟ ਜਾਰੀ ਹੋਣ ਕਰਕੇ ਸੂਬਾ ਸਰਕਾਰ ਨੇ ਪਹਿਲਾਂ ਹੀ ਸਕੂਲਾਂ ਵਿੱਚ ਛੁੱਟੀਆਂ ਐਲਾਨ ਦਿੱਤੀਆਂ ਹਨ। ਬੁੱਧਵਾਰ ਨੂੰ ਵੱਧ ਤੋਂ ਵੱਧ ਤਾਪਮਾਨ 41 ਡਿਗਰੀ ਸੈਲਸੀਅਸ ਅਤੇ ਘੱਟ ਤੋਂ ਘੱਟ ਤਾਪਮਾਨ 28.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਪਿਛਲੇ ਦਿਨਾਂ ਨਾਲੋਂ ਤਾਪਮਾਨ ਘੱਟ ਹੋਣ ਦੇ ਬਾਵਜੂਦ ਦੁਪਹਿਰ ਸਮੇਂ ਬਾਜ਼ਾਰਾਂ ਵਿੱਚ ਗਾਹਕਾਂ ਦੀ ਭੀੜ ਗਾਇਬ ਰਹੀ। ਲੋਕਾਂ ਨੇ ਧੁੱਪ ਵਿੱਚ ਬਾਹਰ ਨਿਕਲਣ ਦੀ ਥਾਂ ਘਰਾਂ ਜਾਂ ਆਪਣੇ ਵਪਾਰਕ ਅਦਾਰਿਆਂ ਵਿੱਚ ਰਹਿਣਾ ਹੀ ਠੀਕ ਸਮਝਿਆ। ਜੇ ਕੋਈ ਟਾਵਾਂ ਵਿਰਲਾ ਸੜਕ ’ਤੇ ਦਿਖਾਈ ਦਿੱਤਾ ਵੀ ਤਾਂ ਉਸ ਨੇ ਗਰਮੀ ਤੋਂ ਬਚਣ ਲਈ ਆਪਣੇ ਸਿਰ ’ਤੇ ਛਤਰੀ ਜਾਂ ਕੱਪੜੇ ਨਾਲ ਪੂਰੀ ਤਰ੍ਹਾਂ ਆਪਣਾ ਮੂੰਹ-ਸਿਰ ਢਕਿਆ ਹੋਇਆ ਸੀ। ਜ਼ਿਕਰਯੋਗ ਹੈ ਕਿ ਮੌਸਮ ਵਿਭਾਗ ਵੱਲੋਂ ਆਉਂਦੇ ਦਿਨਾਂ ਵਿੱਚ ਇਹ ਤਾਪਮਾਨ 48 ਤੋਂ 50 ਡਿਗਰੀ ਸੈਲਸੀਅਸ ਤੱਕ ਪਹੁੰਚਣ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਦੂਜੇ ਪਾਸੇ ਡਾਕਟਰਾਂ ਵੱਲੋਂ ਇਸ ਗਰਮੀ ਤੋਂ ਬਚਾਅ ਲਈ ਪੂਰੀਆਂ ਬਾਹਾਂ ਵਾਲੇ ਕੱਪੜੇ ਪਾਉਣ ਦੇ ਨਾਲ-ਨਾਲ ਨਿੰਬੂ ਪਾਣੀ ਅਤੇ ਹੋਰ ਠੰਢੀਆਂ ਚੀਜ਼ਾਂ ਦੀ ਵਰਤੋਂ ਕਰਦੇ ਰਹਿਣ ਦੀ ਸਲਾਹ ਦਿੱਤੀ ਗਈ ਹੈ।

Advertisement
×