ਬੱਸ ਸਟੈਂਡ ਤੇ ਰੇਲਵੇ ਸਟੇਸ਼ਨ ਜਾਣ ਵਾਲੇ ਲੋਕ ਵੀ ਹੋ ਰਹੇ ਨੇ ਪ੍ਰੇਸ਼ਾਨਗਗਨਦੀਪ ਅਰੋੜਾਲੁਧਿਆਣਾ, 5 ਦਸੰਬਰਸ਼ਹਿਰ ਦੇ ਸਭ ਤੋਂ ਪੁਰਾਣੇ ਦੋਮੋਰੀਆ ਪੁਲ ਦੇ ਬੰਦ ਹੋਣ ਤੋਂ ਬਾਅਦ ਪੁਰਾਣੇ ਸ਼ਹਿਰ ਦੀ ਆਵਾਜਾਈ ਵਿਵਸਥਾ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਹਾਲਾਤ ਇਹ ਹਨ ਕਿ ਪੁਰਾਣੇ ਸ਼ਹਿਰ ਦੀਆਂ ਮੁੱਖ ਸੜਕਾਂ ’ਤੇ ਪੂਰਾ ਦਿਨ ਟਰੈਫਿਕ ਜਾਮ ਰਹਿੰਦਾ ਹੈ। ਭਾਵੇਂ ਟਰੈਫਿਕ ਪੁਲੀਸ ਵੱਲੋਂ ਟਰੈਫਿਕ ਰੂਟ ਬਦਲੇ ਵੀ ਗਏ ਹਨ ਪਰ ਬਦਲਵੇਂ ਰੂਟਾਂ ’ਤੇ ਵੀ ਵਾਹਨਾਂ ਦੀ ਗਿਣਤੀ ਇੰਨੀ ਵੱਧ ਗਈ ਹੈ ਕਿ ਕਈ ਕਈ ਘੰਟੇ ਵਾਹਨ ਚਾਲਕ ਉਡੀਕ ਕਰਨ ਲਈ ਮਜਬੂਰ ਹਨ। ਪ੍ਰਾਪਤ ਜਾਣਕਾਰੀ ਅਨੁਸਾਰ ਰੇਲਵੇ ਸਟੇਸ਼ਨ ਵੱਲੋਂ ਦਿੱਲੀ-ਅੰਮ੍ਰਿਤਸਰ ਲਾਈਨ ਵਿਛਾਉਣ ਦੇ ਵਿਕਾਸ ਪ੍ਰਾਜੈਕਟ ਤਹਿਤ ਦੋਮੋਰੀਆ ਪੁਲ ਦੀ ਮੁਰੰਮਤ ਦਾ ਕੰਮ ਚੱਲ ਰਿਹਾ ਹੈ। ਰੇਲਵੇ ਦੀ ਸਿਫਾਰਿਸ਼ ’ਤੇ ਇਸ ਪੁਲ ਨੂੰ 90 ਦਿਨਾਂ ਲਈ ਬੰਦ ਕਰ ਦਿੱਤਾ ਗਿਆ ਹੈ ਤੇ ਆਵਾਜਾਈ ਮੁਕੰਮਲ ਤੌਰ ’ਤੇ ਬੰਦ ਕਰਨ ਲਈ ਬੈਰੀਕੇਡਿੰਗ ਕੀਤੀ ਗਈ ਹੈ।ਦੋਮੋਰੀਆ ਪੁਲ ਦੀ ਮੁਰੰਮਤ ਦਾ ਕੰਮ ਸ਼ੁਰੂ ਹੋਣ ਮਗਰੋਂ ਟਰੈਫਿਕ ਪੁਲੀਸ ਨੇ ਪੁਲ ਦੇ ਆਲੇ-ਦੁਆਲੇ ਦੀਆਂ ਸੜਕਾਂ ਆਵਾਜਾਈ ਲਈ ਪੂਰੀ ਤਰ੍ਹਾਂ ਬੰਦ ਕਰ ਦਿੱਤੀਆਂ ਹਨ। ਇਸ ਚੱਕਰ ਵਿੱਚ ਸ਼ਾਰਟਕੱਟ ਰਸਤਿਆਂ ਦੀ ਭਾਲ ਵਿੱਚ ਵਾਹਨ ਚਾਲਕ ਹੋਰ ਮੁਸੀਬਤ ਗਲ ਪਾ ਲੈਂਦੇ ਹਨ ਤੇ ਘੰਟਿਆਂ ਬੱਧੀ ਜਾਮ ਵਿੱਚ ਫਸ ਜਾਂਦੇ ਹਨ। ਰਾਹ ਬੰਦ ਹੋਣ ਕਾਰਨ ਕਈ ਰਾਹਗੀਰਾਂ ਨੂੰ ਲੰਬਾ ਪੈਂਡਾ ਤੈਅ ਕਰਕੇ ਆਪਣੀ ਮੰਜ਼ਿਲ ’ਤੇ ਪੁੱਜਣਾ ਪੈ ਰਿਹਾ ਹੈ। ਦੂਜੇ ਪਾਸੇ ਇਸ ਇਲਾਕੇ ਵਿੱਚ ਸੜਕਾਂ ਬੰਦ ਹੋਣ ਕਾਰਨ ਦੁਕਾਨਦਾਰਾਂ ਦਾ ਕਾਰੋਬਾਰ ਵੀ ਪ੍ਰਭਾਵਿਤ ਹੋ ਰਿਹਾ ਹੈ।ਹਾਲਾਂਕਿ ਟਰੈਫਿਕ ਦੀ ਸਮੱਸਿਆ ਨਾਲ ਨਜਿੱਠਣ ਲਈ ਵੱਡੀ ਗਿਣਤੀ ਪੁਲੀਸ ਮੁਲਾਜ਼ਮ ਬਦਲਵੇਂ ਰਾਹਾਂ ’ਤੇ ਤਾਇਨਾਤ ਕੀਤੇ ਗਏ ਹਨ, ਪਰ ਰੋਜ਼ਾਨਾ ਆਵਾਜਾਈ ਦੀ ਸਮੱਸਿਆ ਖੜ੍ਹੀ ਹੁੰਦੀ ਹੈ ਤੇ ਪੁਲੀਸ ਮੁਲਾਜ਼ਮਾਂ ਨੂੰ ਸਾਰਾ ਦਿਨ ਹੀ ਵਾਹਨ ਚਾਲਕਾਂ ਨੂੰ ਜਾਮ ਵਿੱਚੋਂ ਕੱਢਣਾ ਪੈਂਦਾ ਹੈ। ਟਰੈਫਿਕ ਜਾਮ ਕਾਰਨ ਮਾਤਾ ਰਾਣੀ ਚੌਕ, ਬਦੌੜ ਹਾਊਸ, ਘੰਟਾ ਘਰ ਚੌਕ, ਰੇਲਵੇ ਸਟੇਸ਼ਨ ਰੋਡ, ਲੋਕਲ ਅੱਡਾ ਤੇ ਜਗਰਾਉਂ ਪੁਲ ’ਤੇ ਹਮੇਸ਼ਾ ਹੀ ਜਾਮ ਲੱਗਿਆ ਰਹਿੰਦਾ ਹੈ। ਸਿਵਲ ਲਾਈਨ ਤੋਂ ਘੰਟਾਘਰ ਵੱਲ ਜਾਣ ਵਾਲੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪੈਵੇਲੀਅਨ ਚੌਕ ਤੋਂ ਲੋਕ ਸ਼ਾਰਟਕੱਟ ਰਾਹ ਵਰਤ ਕੇ ਗਲਤ ਪਾਸੇ ਜਾ ਰਹੇ ਹਨ। ਸਭ ਤੋਂ ਵੱਡ ਜਾਮ ਮਾਤਾ ਰਾਣੀ ਚੌਕ ਵਿੱਚ ਲੱਗ ਰਿਹਾ ਹੈ, ਜਿਥੇ ਲੱਕੜ ਪੁਲ ਦਾ ਟਰੈਫਿਕ ਥੱਲੇ ਉਤਰਦਾ ਹੈ। ਇਸ ਪਾਸੇ ਕਈ ਮਾਰਕੀਟਾਂ ਵੀ ਹਨ, ਜਿਸ ਕਰਕੇ ਵਾਹਨਾਂ ਦੀ ਗਿਣਤੀ ਕਾਫ਼ੀ ਜ਼ਿਆਦਾ ਹੈ। ਇਸ ਤੋਂ ਬਾਅਦ ਘੰਟਾ ਘਰ ਚੌਕ, ਲੋਕਲ ਅੱਡੇ ਤੋਂ ਜਗਰਾਉਂ ਪੁਲ ਤੱਕ ਇਹੀ ਹਾਲ ਰਹਿੰਦਾ ਹੈ। ਸਭ ਤੋਂ ਵੱਧ ਪ੍ਰੇਸ਼ਾਨੀ ਵਾਲਾ ਸਮਾਂ ਸਕੂਲਾਂ ਦੀ ਛੁੱਟੀ ਦਾ ਸਮਾਂ ਹੁੰਦਾ ਹੈ, ਜਦੋਂ ਬੱਚਿਆਂ ਨੂੰ ਲਿਜਾਣ ਵਾਲੇ ਵਾਹਨ ਚਾਲਕ ਪਹਿਲਾਂ ਲੰਘਣ ਦੀ ਕਾਹਲ ਵਿੱਚ ਹੋਰ ਫਸ ਜਾਂਦੇ ਹਨ।ਰੂਟ ਬਦਲਣ ਮਗਰੋਂ ਗ਼ਲਤ ਪਾਸਿਓਂ ਜਾਂਦੇ ਹੋਏ ਵਾਹਨ ਚਾਲਕ। -ਫੋਟੋ: ਹਿਮਾਂਸ਼ੂ ਮਹਾਜਨ