ਮੁੱਲਾਂਪੁਰ ਦਾਖਾ ਸ਼ਹਿਰ ਦਾ ਨਜ਼ਾਰਾਂ ਅੱਜ ਪਏ ਮੀਂਹ ਦੌਰਾਨ ਕਿਸੇ ਨਹਿਰ ਤੋਂ ਘੱਟ ਨਹੀਂ ਸੀ। ਲੁਧਿਆਣਾ-ਫਿਰੋਜ਼ਪੁਰ ਕੌਮੀ ਸ਼ਾਹਰਾਹ ਸਥਿਤ ਇਸ ਸ਼ਹਿਰ ਦੇ ਵਿਚਕਾਰ ਪੁਲਾਂ ਦੀ ਉਸਾਰੀ ਹੋਣ ਨਾਲ ਸ਼ਹਿਰ ਇਕ ਤਰ੍ਹਾਂ ਨਾਲ ਦੋ ਹਿੱਸਿਆਂ ਵਿੱਚ ਵੰਡਿਆ ਜਾ ਚੁੱਕਿਆ ਹੈ। ਪੁਲਾਂ ਦੀ ਉਸਾਰੀ ਤਾਂ ਹੋ ਗਈ ਪਰ ਪਾਸਿਆਂ ਦੀ ਸਰਵਿਸ ਲੇਨ ਸਹੀ ਤਰੀਕੇ ਨਾਲ ਬਣਾ ਕੇ ਰੱਖਣ ਅਤੇ ਇਥੋਂ ਪਾਣੀ ਦੀ ਨਿਕਾਸੀ ਦਾ ਢੁੱਕਵਾਂ ਪ੍ਰਬੰਧ ਨਾ ਹੋਣ ਕਰਕੇ ਰੋਜ਼ਾਨਾ ਸੈਂਕੜੇ ਲੋਕਾਂ ਨੂੰ ਭਾਰੀ ਪ੍ਰੇਸ਼ਾਨੀ ਝੱਲਣੀ ਪੈਂਦੀ ਹੈ।
ਮੀਂਹ ਦੇ ਦਿਨਾਂ ਵਿੱਚ ਇਹ ਪ੍ਰੇਸ਼ਾਨੀ ਹੋਰ ਵੱਡੀ ਹੋ ਜਾਂਦੀ ਹੈ। ਐਤਵਾਰ ਨੂੰ ਵੀ ਕੁਝ ਇਸੇ ਤਰ੍ਹਾਂ ਹੋਇਆ। ਸੜਕ ਦੇ ਨਾਲ ਲੱਗਦੇ ਛੋਟੇ ਅਤੇ ਵੱਡੇ ਨਾਲਿਆਂ ਦੀ ਸਫ਼ਾਈ ਨਾ ਹੋਣ ਕਰਕੇ ਜਿੱਥੇ ਬਰਸਾਤੀ ਪਾਣੀ ਲੋਕਾਂ ਦੀਆਂ ਦੁਕਾਨਾਂ ਅਤੇ ਘਰਾਂ ਵਿੱਚ ਦਾਖ਼ਲ ਹੋ ਗਿਆ, ਉਥੇ ਸੜਕਾਂ ਉੱਪਰ ਪਾਣੀ ਖੜ੍ਹਨ ਨਾਲ ਰਾਹਗੀਰਾਂ ਤੇ ਵਾਹਨ ਚਾਲਕਾਂ ਨੂੰ ਦਿੱਕਤ ਪੇਸ਼ ਆਈ। ਪੁਰਾਣੀ ਦਾਣਾ ਮੰਡੀ, ਨਵੀਂ ਦਾਣਾ ਮੰਡੀ, ਛੋਟੂ ਰਾਮ ਕਲੋਨੀ, ਇੰਦਰਾ ਕਲੋਨੀ, ਰਾਏਕੋਟ ਰੋਡ, ਜਗਰਾਉ ਮਾਰਗ 'ਤੇ ਬਰਸਾਤੀ ਪਾਣੀ ਦਾ ਨਿਕਾਸ ਨਾ ਮਾਤਰ ਹੋਣ ਅਤੇ ਪੁਲਾਂ ਦਾ ਪਾਣੀ ਹੇਠਾਂ ਸਰਵਿਸ ਲੇਨ ਉੱਪਰ ਆਉਣ ਨਾਲ ਸੜਕਾਂ ਨਹਿਰ ਦਾ ਰੂਪ ਧਾਰਨ ਕਰ ਗਈਆਂ।
ਮੀਂਹ ਨਾਲ ਕਿਸਾਨਾਂ ਦੇ ਨਾਲ-ਨਾਲ ਆਮ ਲੋਕਾਂ ਦੇ ਚਿਹਰੇ ਖਿੜੇ ਜਿਨ੍ਹਾਂ ਗਰਮੀ ਹੁੰਮਸ ਤੋਂ ਕੁਝ ਰਾਹਤ ਮਹਿਸੂਸ ਕੀਤੀ। ਦੂਜੇ ਪਾਸੇ ਰਾਏਕੋਟ ਸੜਕ ’ਤੇ ਰਜਵਾਹੇ ਦੇ ਨਾਲ ਲੱਗਦੇ 4-5 ਵਾਰਡਾਂ ਦੇ ਲੋਕ ਪਾਣੀ ਦੀ ਨਿਕਾਸੀ ਨਾ ਹੋਣ ਅਤੇ ਇਕ ਫੁੱਟ ਤੋਂ ਵੱਧ ਪਾਣੀ ਗਲੀਆਂ ਵਿੱਚ ਖੜ੍ਹਾ ਹੋਣ ਕਰਕੇ ਜ਼ਿਆਦਾਤਰ ਲੋਕ ਆਪਣੇ ਘਰਾਂ ਵਿੱਚ ਹੀ ਬੰਦ ਰਹੇ। ਡਾਕਟਰ ਹਰਦੀਲ ਸੇਖੋਂ ਨੇ ਦੱਸਿਆ ਕਿ ਉਨ੍ਹਾਂ ਦੀਆਂ ਦੁਕਾਨਾਂ ਅਤੇ ਮਕਾਨ ਮੁੱਲਾਂਪੁਰ ਤੋਂ ਹੰਬੜਾਂ ਨੂੰ ਜਾਂਦੀ ਲਿੰਕ ਰੋਡ 'ਤੇ ਸਥਿਤ ਹੈ ਅਤੇ ਲੋਕਾਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਦੇਖਦੇ ਉਹ ਆਪਣੇ ਵੱਲੋ ਪਿਛਲੇ ਪੰਜ ਸਾਲਾਂ ਤੋਂ ਨੈਸ਼ਨਲ ਹਾਈਵੇਅ ਅਥਾਰਟੀ ਨੂੰ ਪੰਜ ਵਾਰ ਲਿਖਤੀ ਤੌਰ 'ਤੇ ਪਾਣੀ ਦੀ ਨਿਕਾਸੀ ਨਾ ਹੋਣ ਦੀਆਂ ਸ਼ਿਕਾਇਤਾਂ ਭੇਜ ਚੁੱਕੇ ਹਨ। ਉਧਰੋਂ ਗੋਲ-ਮੋਲ ਜਵਾਬ ਤਾਂ ਆਇਆ ਪਰ ਸਮੱਸਿਆ ਦਾ ਹੱਲ ਨਹੀਂ ਕੀਤਾ ਗਿਆ। ਨੈਸ਼ਨਲ ਹਾਈਵੇਅ ਅਥਾਰਟੀ ਦੇ ਅਕਸ਼ਤ ਬਿਸ਼ਨੋਈ ਦਾ ਪੱਖ ਜਾਣਨ ਲਈ ਕਈ ਵਾਰ ਫੋਨ ਕੀਤਾ ਪਰ ਉਨ੍ਹਾਂ ਨਾਲ ਗੱਲ ਨਹੀਂ ਹੋ ਸਕੀ।