ਰੰਜਿਸ਼ ਤਹਿਤ ਇੱਕ ਗੁਰਦੁਆਰੇ ਤੋਂ ਸਰੂਪ ਚੱਕ ਕੇ ਦੂਜੇ ਗੁਰਦੁਆਰੇ ਰੱਖੇ
ਦੋਵਾਂ ਧਿਰਾਂ ਦੇ ਪੱਖ ਜਾਨਣ ਮਗਰੋਂ ਕੀਤੀ ਜਾਵੇਗੀ ਕਾਰਵਾਈ: ਜਥੇਦਾਰ ਪੁਡ਼ੈਣ
ਸਿੱਧਵਾਂ ਬੇਟ ਲਾਗੇ ਦਰਿਆ ਸਤਲੁਜ ਦੇ ਕੰਢੇ ਪਿੰਡ ਖੁਰਸ਼ੈਦਪੁਰ ਵਿੱਚ ਗੁਰੂਘਰ ਵਿੱਚੋਂ ਗੁਰੂ ਗ੍ਰੰਥ ਸਾਹਿਬ ਦੇ ਪਾਵਨ ਸਰੂਪ ਨੂੰ ਜਿੰਦਰਾ ਭੰਨ ਕੇ ਦੂਸਰੇ ਗੁਰਦੁਆਰੇ ਲੈ ਜਾਣ ਦੀ ਸ਼ਿਕਾਇਤ ਮਿਲੀ ਹੈ। ਪਿੰਡ ਵਿੱਚ ਦੋ ਗੁਰਦੁਆਰੇ ਹਨ ਜਿਨ੍ਹਾ ਵਿੱਚੋਂ ਇੱਕ ਦੀ ਸੇਵਾ ਮਹਿੰਦਰ ਸਿੰਘ ਤੇ ਦੂਜੇ ਗੁਰਦੁਆਰੇ ਵਿੱਚ ਕਮੇਟੀ ਪ੍ਰਧਾਨ ਕੁਲਵੰਤ ਸਿੰਘ ਅਧੀਨ ਸੇਵਾ ਕੀਤੀ ਜਾ ਰਹੀ ਹੈ। ਮਹਿੰਦਰ ਸਿੰਘ ਨੇ ਦੋਸ਼ ਲਾਇਆ ਹੈ ਕਿ ਕੁਲਵੰਤ ਸਿੰਘ ਤੇ ਹੋਰ ਰਾਤ ਵੇਲੇ ਗੁਰਦੁਆਰੇ ਦੇ ਜਿੰਦਰੇ ਭੰਨ੍ਹ ਕੇ ਸਰੂਪ ਚੁੱਕ ਕੇ ਲੈ ਗਏ। ਦੂਸਰੀ ਧਿਰ ’ਚੋਂ ਕੁਲਵੰਤ ਸਿੰਘ ਨੇ ਦੱਸਿਆ ਕਿ 17 ਅਕਤੂਬਰ ਨੂੰ ਗੁਰੂ ਘਰ ਦੀ ਨਵੀਂ ਕਮੇਟੀ ਬਣਾਈ ਗਈ ਤੇ ਫੈਸਲਾ ਲਿਆ ਕਿ ਪਿੰਡ ’ਚ ਇੱਕ ਹੀ ਗੁਰਦੁਆਰਾ ਰੱਖਿਆ ਜਾਵੇਗਾ। ਉਨ੍ਹਾਂ ਕਿਹਾ ਕਿ ਮਹਿੰਦਰ ਸਿੰਘ ਤੋਂ ਗੁਰਦੁਆਰਾ ਸਾਹਿਬ ਦੀ ਸੇਵਾ ਸਹੀ ਢੰਗ ਨਾਲ ਨਹੀਂ ਹੋ ਰਹੀ ਜਿਸ ਕਰਕੇ ਸਰੂਪ ਦੂਸਰੇ ਗੁਰੂ ਘਰ ਲਿਜਾਇਆ ਗਿਆ ਹੈ। ਇੰਸਪੈਕਟਰ ਹੀਰਾ ਸਿੰਘ ਨੇ ਕਿਹਾ ਕਿ ਇਹ ਨਿਰੋਲ ਧਾਰਮਿਕ ਮਸਲਾ ਹੈ ਜਿਸ ਬਾਰੇ ਹਲਕਾ ਸ਼੍ਰੋਮਣੀ ਕਮੇਟੀ ਮੈਂਬਰ ਜਥੇਦਾਰ ਜਸਵੰਤ ਸਿੰਘ ਪੁੜੈਣ ਸਾਰਾ ਮਾਮਲਾ ਖ਼ੁਦ ਦੇਖ ਰਹੇ ਹਨ। ਜਥੇਦਾਰ ਜਸਵੰਤ ਸਿੰਘ ਪੁੜੈਣ ਨੇ ਕਿਹਾ ਕਿ ਦੋਵਾਂ ਧਿਰਾਂ ਉਨ੍ਹਾਂ ਦੇ ਸਪੰਰਕ ਵਿੱਚ ਹਨ ਤੇ ਪੱਖ ਜਾਨਣ ਬਾਅਦ ਹੀ ਫ਼ੈਸਲਾ ਲਿਆ ਜਾਵੇਗਾ।

