ਡੀਟੀਐੱਫ ਵੱਲੋਂ ਅਧਿਆਪਕ ਦਿਵਸ ਮੌਕੇ ਰੈਲੀ ਕੱਢਣ ਦਾ ਐਲਾਨ
ਡੈਮੋਕਰੇਟਿਕ ਟੀਚਰਜ ਫਰੰਟ ਜਿਲਾ ਲੁਧਿਆਣਾ ਦੀ ਜ਼ਿਲ੍ਹਾ ਕਮੇਟੀ ਅਤੇ ਅਹੁਦੇਦਾਰਾਂ ਦੀ ਵਧਵੀਂ ਮੀਟਿੰਗ ਜਿਲਾ ਪ੍ਰਧਾਨ ਰਮਨਜੀਤ ਸਿੰਘ ਸੰਧੂ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ 5 ਸਤੰਬਰ ਦੀ ਰੈਲੀ ਨੂੰ ਲੈ ਕੇ ਅਤੇ ਅਧਿਆਪਕ ਮੰਗਾਂ ਮਸਲਿਆਂ ਸਬੰਧੀ ਭਰਵੀਂ ਵਿਚਾਰ ਚਰਚਾ ਹੋਈ।
5 ਸਤੰਬਰ ਦੀ ਸਟੇਟ ਪੱਧਰੀ ਰੈਲੀ ਸਬੰਧੀ ਜ਼ਿਲ੍ਹਾ ਜਨਰਲ ਸਕੱਤਰ ਰੁਪਿੰਦਰ ਪਾਲ ਸਿੰਘ ਗਿੱਲ ਨੇ ਦੱਸਿਆ ਕਿ ਅਧਿਆਪਕਾਂ ਦੇ ਰੈਗੂਲਰ ਆਰਡਰ ਜਾਰੀ ਕਰਵਾਉਣਾ, ਤਰੱਕੀਆਂ ਕਰਨ ਉਪਰੰਤ ਦੂਰ ਦਰੇਡੇ ਸਟੇਸ਼ਨ ਦੇਣ, ਬਦਲੀਆਂ ਸਬੰਧੀ ਲਗਾਤਾਰ ਭੰਬਲਭੂਸੇ ਵਾਲੀ ਨੀਤੀ ਅਪਣਾਉਣ, ਪ੍ਰਮੋਸ਼ਨ ਚੈਨਲ ਲਗਾਤਾਰ ਚਲਾਉਣ ਸਮੇਤ ਅਧਿਆਪਕਾਂ ਦੇ ਮੰਗਾਂ ਮਸਲੇ ਜਿਉਂ ਦੇ ਤਿਉਂ ਖੜੇ ਹਨ| ਅਧਿਆਪਕਾਂ ਦੇ ਵਿੱਤੀ ਮਸਲੇ ਪੇ ਕਮਿਸ਼ਨ ਦੀ ਰਿਪੋਰਟ, ਡੀਏ ,ਏਸੀਪੀ , ਆਦਿ ਤੇ ਸਰਕਾਰ ਕੋਈ ਗੱਲ ਨਹੀਂ ਕਰ ਰਹੀ| ਸਮੁੱਚੇ ਮੁਲਾਜ਼ਮਾਂ ਦਾ ਸਭ ਤੋਂ ਵੱਡਾ ਮਸਲਾ ਪੁਰਾਣੀ ਪੈਨਸ਼ਨ ਜਿਸ ਦਾ ਸਰਕਾਰ ਨੋਟੀਫਿਕੇਸ਼ਨ ਜਾਰੀ ਕਰ ਚੁੱਕੀ ਹੈ ਪ੍ਰੰਤੂ ਲਾਗੂ ਨਹੀਂ ਕਰ ਰਹੀ। ਇਸੇ ਤਰ੍ਹਾਂ ਏਸੀਪੀ ਸਕੀਮ, ਤਨਖਾਹ ਕਮਿਸ਼ਨ ਦੀ ਬਕਾਏ, 2020 ਤੋ ਬਾਅਦ ਭਰਤੀ ਹੋਣ ਵਾਲੇ ਮੁਲਾਜ਼ਮ ਉੱਪਰ ਕੇਂਦਰੀ ਸਕੇਲ ਲਾਗੂ ਕਰਨ ਖਿਲਾਫ ਪੰਜ ਸਤੰਬਰ ਨੂੰ ਸਰਕਾਰ ਜਿੱਥੇ ਵੀ ਅਧਿਆਪਕ ਦਿਵਸ ਮਨਾਵੇਗੀ ਡੀ ਟੀ ਐਫ ਵੱਲੋਂ ਉੱਥੇ ਹੀ ਰੈਲੀ ਕੀਤੀ ਜਾਵੇਗੀ।
4161 ਮਾਸਟਰ ਕੇਡਰ ਯੂਨੀਅਨ ਦੇ ਜਸਵਿੰਦਰ ਸਿੰਘ ਐਤੀਆਣਾ ਨੇ ਕਿਹਾ ਕਿ ਜੇਕਰ ਅਸੀਂ ਆਪਣੇ ਮੰਗਾਂ ਮਸਲੇ ਹੱਲ ਕਰਾਉਣਾ ਚਾਹੁੰਦੇ ਹਾਂ ਤਾਂ ਸਾਨੂੰ ਇੱਕ ਜੁੱਟ ਹੋ ਕੇ ਸਰਕਾਰ ਵਿਰੁੱਧ ਇਕ ਤਕੜਾ ਸੰਘਰਸ਼ ਵਿੱਢਣ ਦੀ ਲੋੜ ਹੈ । ਇਸ ਮੌਕੇ 6635 ਅਧਿਆਪਕ ਯੂਨੀਅਨ ਪੰਜਾਬ ਦੇ ਜ਼ਿਲ੍ਹਾ ਲੁਧਿਆਣਾ ਦੇ ਪ੍ਰਧਾਨ ਪਰਮਿੰਦਰ ਸਿੰਘ ਮਲੌਦ ਨੇ ਕਿਹਾ ਕਿ ਬਲਾਕ ਵਾਈਜ ਟੀਮਾਂ ਬਣਾ ਕੇ ਜਿਲੇ ਦੇ ਸਾਰੇ ਸਕੂਲ ਕਵਰ ਕੀਤੇ ਜਾਣ ਤੇ ਅਧਿਆਪਕਾਂ ਨੂੰ ਉਹਨਾਂ ਦੀਆਂ ਮੰਗਾਂ ਮਸਲਿਆਂ ਪ੍ਰਤੀ ਜਾਗਰੂਕ ਕਰਕੇ ਇੱਕ ਵੱਡੀ ਰੈਲੀ ਲਈ ਲਾਮਬੰਦੀ ਕੀਤੀ ਜਾਵੇ। ਅੱਜ ਦੀ ਮੀਟਿੰਗ ਵਿੱਚ ਸੁਖਵਿੰਦਰ ਸਿੰਘ ਲੀਲ ਜ਼ਿਲ੍ਹਾ ਪ੍ਰਧਾਨ ਡੀ ਐਮ ਐਫ ,ਅਮਨਦੀਪ ਸ਼ਰਮਾਂ,ਰਜਿੰਦਰ ਜੰਡਿਆਲੀ,ਅਵਤਾਰ ਸਿੰਘ ਖ਼ਾਲਸਾ, ਪਰਮਿੰਦਰ ਸਿੰਘ, ਜਸਵਿੰਦਰ ਸਿੰਘ, ਅਮਰਿੰਦਰ ਸਿੰਘ, ਪ੍ਰੀਤ ਮਹਿੰਦਰ ਸਿੰਘ, ਬਰਜਿੰਦਰ ਸਿੰਘ, ਜਤਿੰਦਰ ਕੁਮਾਰ ਸਮੇਤ ਵੱਡੀ ਗਿਣਤੀ ਵਿੱਚ ਡੀਟੀਐੱਫ ਦੇ ਆਗੂ ਹਾਜ਼ਰ ਸਨ।