ਡੀ ਐੱਸ ਪੀ ਵੱਲੋਂ ਪੰਚਾਇਤਾਂ ਤੇ ਮੋਹਤਬਰਾਂ ਨਾਲ ਮੀਟਿੰਗ
ਸਮਾਜ ਵਿਰੋਧੀ ਅਨਸਰਾਂ ਨੂੰ ਨੱਥ ਪਾਉਣ ਲਈ ਲੋਕਾਂ ਦਾ ਸਹਿਯੋਗ ਮੰਗਿਆ
ਡੀ ਐੱਸ ਪੀ ਅਤੇ ਨਵ ਨਿਯੁਕਤ ਐੱਸ ਐਚ ਓ ਵੱਲੋਂ ਪਿੰਡਾਂ ਦੀਆਂ ਪੰਚਾਇਤਾਂ ਦੀ ਥਾਣਾ ਪਾਇਲ ਅੰਦਰ ਮੀਟਿੰਗ ਬੁਲਾਈ ਗਈ। ਇਸ ਮੌਕੇ ਡੀ ਐੱਸ ਪੀ ਪਾਇਲ ਹੇਮੰਤ ਕੁਮਾਰ ਮਲਹੋਤਰਾ ਨੇ ਪਿੰਡਾਂ ਦੇ ਸਰਪੰਚਾਂ-ਪੰਚਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਨਸ਼ਾ ਮੁਕਤ ਸਮਾਜ ਸਿਰਜਣ ਲਈ ਹਰ ਵਰਗ ਦੇ ਲੋਕਾਂ ਨੂੰ ਸੁਹਿਰਦ ਹੋਣਾ ਪਵੇਗਾ। ਮਾਪੇ ਆਪਣੇ ਬੱਚਿਆਂ ਨੂੰ ਨਸ਼ਿਆਂ ਦੇ ਮਾੜੇ ਪ੍ਰਭਾਵਾਂ ਤੋਂ ਬਚਾਉਣ ਲਈ ਅੱਗੇ ਆਉਣ। ਉਹਨਾਂ ਕਿਹਾ ਕਿ ਜੇਕਰ ਪਿੰਡਾਂ ਵਿੱਚ ਕੋਈ ਨਸ਼ਾ ਤਸਕਰੀ ਕਰਦਾ ਹੈ ਤਾਂ ਪੁਲੀਸ ਨੂੰ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸੱਚੀ ਇਤਲਾਹ ਦਿਓ, ਸੂਚਨਾ ਦੇਣ ਵਾਲੇ ਵਿਅਕਤੀ ਦਾ ਨਾਮ ਗੁਪਤ ਰੱਖਿਆ ਜਾਵੇਗਾ। ਡੀ ਐੱਸ ਪੀ ਨੇ ਪੰਚਾਇਤਾਂ ਨੂੰ ਅਪੀਲ ਕੀਤੀ ਕਿ ਉਹ ਪਿੰਡਾਂ ਵਿੱਚ ਕਬੱਡੀ, ਕੁਸ਼ਤੀ ਤੇ ਹੋਰ ਖੇਡ ਮੁਕਾਬਲੇ ਕਰਵਾਉਣ ਤਾਂ ਜੋ ਬੱਚੇ ਖੇਡਾਂ ਵੱਲ ਪ੍ਰੇਰਿਤ ਹੋ ਸਕਣ। ਜਦੋਂ ਡੀਐੱਸਪੀ ਨੇ ਪਿੰਡਾਂ ਦੀਆਂ ਪੰਚਾਇਤਾਂ ਨੂੰ ਨਸ਼ਾ ਮੁਕਤ ਪਿੰਡ ਹੋਣ ਬਾਰੇ ਪੁੱਛਿਆ ਤਾਂ ਸਾਰੀਆਂ ਪੰਚਾਇਤਾਂ ਵਿਚੋਂ ਇੱਕ ਮਾਜਰੀ ਪਿੰਡ ਦੇ ਸਰਪੰਚ ਨੇ ਨਸ਼ਾ ਮੁਕਤ ਪਿੰਡ ਹੋਣ ਦੀ ਗੱਲ ਆਖੀ ਤਾਂ ਉਸ ਨੂੰ ਪਿੰਡ ਵਿੱਚ ਨਸ਼ਾ ਮੁਕਤ ਹੋਣ ਦਾ ਬੋਰਡ ਲਗਾਉਣ ਲਈ ਆਖਿਆ ਗਿਆ। ਉਹਨਾਂ ਕਿਹਾ ਕਿ ਨਸ਼ਾ ਮੁਕਤ ਪਿੰਡਾਂ ਦੀਆਂ ਪੰਚਾਇਤਾਂ ਦਾ ਵਿਸ਼ੇਸ਼ ਸਨਮਾਨ ਕੀਤਾ ਜਾਵੇਗਾ। ਇਸ ਮੌਕੇ ਨਵੇ ਆਏ ਥਾਣਾ ਪਾਇਲ ਦੇ ਮੁੱਖ ਅਫ਼ਸਰ ਸੁਖਵਿੰਦਰਪਾਲ ਸਿੰਘ ਸੋਹੀ ਨੇ ਕਿਹਾ ਕਿ ਪੰਚਾਇਤਾਂ ਪਿੰਡਾਂ ਵਿੱਚ ਠੀਕਰੀ ਪਹਿਰੇ ਲਗਵਾਉਣ।
ਇਸ ਮੌਕੇ ਸਰਪੰਚ ਊਧਮ ਸਿੰਘ ਗਿੱਲ, ਸਰਪੰਚ ਲਖਵੀਰ ਸਿੰਘ ਨਿਜ਼ਾਮਪੁਰ, ਸਰਪੰਚ ਹਰਵਿੰਦਰ ਸਿੰਘ ਚੀਮਾ, ਸਾਬਕਾ ਸਰਪੰਚ ਕਰਮ ਸਿੰਘ ਪੱਲਾ, ਸਰਪੰਚ ਯਾਦਵਿੰਦਰ ਸਿੰਘ ਧਮੋਟ ਕਲਾਂ, ਜਤਿੰਦਰ ਸਿੰਘ ਗਿੱਲ, ਸਾਬਕਾ ਸਰਪੰਚ ਹਰਮਿੰਦਰ ਸਿੰਘ ਜਰਗ, ਭਵਨਦੀਪ ਸਿੰਘ ਮੰਡੇਰ, ਸਰਪੰਚ ਗੁਰਿੰਦਰ ਸਿੰਘ ਘੁਡਾਣੀ, ਦਲਵੀਰ ਸਿੰਘ ਜਰਗ, ਸਾਬਕਾ ਸਰਪੰਚ ਰਮਨਦੀਪ ਸਿੰਘ ਧਮੋਟ ਖੁਰਦ, ਨੰਬਰਦਾਰ ਸੋਹਣ ਸਿੰਘ ਅਸਲਾਪੁਰ ਨੇ ਕਿਹਾ ਕਿ ਪਿੰਡਾਂ ਵਿੱਚ ਨਸ਼ਿਆਂ ਦਾ ਬੋਲਬਾਲਾ, ਮੋਟਰਾਂ ਤੋਂ ਤਾਰਾਂ ਚੋਰੀ ਅਤੇ ਟਰਾਂਸਫਾਰਮਰ ਚੋਰੀਆਂ ਦਾ ਸਿਲਸਿਲਾ ਜਾਰੀ ਹੈ।
ਫਾਇਲ ਫੋਟੋ-19 ਪੁਲੀਸ
ਕੈਪਸ਼ਨ- ਥਾਣਾ ਪਾਇਲ ’ਚ ਪੰਚਾਇਤਾਂ ਨਾਲ ਮੀਟਿੰਗ ਕਰਦੇ ਹੋਏ ਡੀ ਐੱਸ ਪੀ ਤੇ ਐੱਸ ਐਚ ਓ। ਫੋਟੋ-ਜੱਗੀ