ਡਾ. ਮਿਨਹਾਸ ਦੀ ਪੁਸਤਕ ‘ਤੇਰੈ ਘਰਿ ਆਨੰਦ’ ਲੋਕ ਅਰਪਣ
ਲੋਡ਼ਵੰਦ ਪਰਿਵਾਰਾਂ ਦੇ ਬੱਚਿਆਂ ਨੂੰ ਬਿਨਾ ਫੀਸ ਪਡ਼੍ਹਾ ਰਹੀ ਹੈ ਲੇਖਿਕਾ
ਪੰਜਾਬੀ ਦੀ ਪ੍ਰਸਿੱਧ ਲੇਖਿਕਾ ਤੇ ਸਮਾਜ ਸੇਵਿਕਾ ਡਾ. ਕੁਲਵਿੰਦਰ ਕੌਰ ਮਿਨਹਾਸ ਦੀ ਨਵੀਂ ਕਿਤਾਬ ‘ਤੇਰੈ ਘਰਿ ਆਨੰਦ’ ਗਿਆਨ ਅੰਜਨ ਅਕਾਦਮੀ ਵਿੱਚ ਰਿਲੀਜ਼ ਕੀਤੀ ਗਈ। ਇਹ ਕਿਤਾਬ ਅਕਾਦਮੀ ਵਿੱਚ ਪੜ੍ਹ ਰਹੇ ਜ਼ਰੂਰਤਮੰਦ ਤੇ ਝੁੱਗੀਆਂ ਵਿਚ ਰਹਿਣ ਵਾਲੇ ਬੱਚਿਆਂ ਵਲੋਂ ਰਿਲੀਜ਼ ਕੀਤੀ ਗਈ। ‘ਤੇਰੈ ਘਰਿ ਆਨੰਦ’ ਕਿਤਾਬ ਦੇ ਕੁਲ 20 ਅਧਿਆਇ ਹਨ। ਡਾ. ਮਿਨਹਾਸ ਨੇ ਦੱਸਿਆ ਕਿ ਉਹ ਹੁਣ ਤਕ 40 ਦੇ ਲਗਪਗ ਕਿਤਾਬਾਂ ਲਿਖ ਚੁੱਕੇ ਹਨ। ਰਿਲੀਜ਼ ਕੀਤੀ ਗਈ ਪੁਸਤਕ ਉਨ੍ਹਾਂ ਦੇ ਧਾਰਮਿਕ ਤੇ ਅਧਿਆਤਮਿਕ ਅਨੁਭਵਾਂ ’ਤੇ ਆਧਾਰਿਤ ਹੈ। ਇਹ ਕਿਤਾਬ ਲਾਹੌਰ ਬੁੱਕ ਸ਼ਾਪ ਲੁਧਿਆਣਾ ਵਲੋਂ ਪ੍ਰਕਾਸ਼ਿਤ ਕੀਤੀ ਗਈ ਹੈ। ਡਾ. ਮਿਨਹਾਸ ਨੇ ਦੱਸਿਆ ਕਿ ਉਨ੍ਹਾਂ ਨੇ ਕੁਝ ਕਿਤਾਬਾਂ ਦੇ ਅੰਗਰੇਜ਼ੀ ਤੇ ਹਿੰਦੀ ਤੋਂ ਪੰਜਾਬੀ ਵਿੱਚ ਅਨੁਵਾਦ ਵੀ ਕੀਤੇ ਹਨ, 100 ਦੇ ਲਗਪਗ ਪੇਪਰ ਲਿਖੇ ਤੇ ਪੜ੍ਹ ਚੁੱਕੇ ਹਨ, ਇਹਨਾਂ ਤੋਂ ਇਲਾਵਾ ਕਈ ਕਿਤਾਬਾਂ ਦੇ ਮੁੱਖ ਬੰਦ ਲਿਖੇ ਹਨ, ਪ੍ਰਸਿੱਧ ਲੇਖਕਾਂ ਦੇ ਇੰਟਰਵਿਊ ਲੈ ਕੇ ਮਹਿਰਮ ਮੈਗਜ਼ੀਨ ਵਿੱਚ ਛਪਵਾਏ। ਜ਼ਿਕਰਯੋਗ ਹੈ ਕਿ ਪਿਛਲੇ 12 ਸਾਲਾਂ ਤੋਂ ਡਾ. ਮਿਨਹਾਸ ਗਰੀਬ ਬੱਚਿਆਂ ਨੂੰ ਬਿਨਾਂ ਕੋਈ ਫੀਸ ਲਏ ਪੜ੍ਹਾਅ ਰਹੇ ਹਨ।